11.9 C
Vancouver
Monday, May 25, 2026

ਫੀਫਾ ਵਿਸ਼ਵ ਕੱਪ 2026 ਦੌਰਾਨ ਸਰੀ ਵਿੱਚ ਬਣਨਗੇ ਸ਼ਾਨਦਾਰ ‘ਸੌਕਰ ਫੈਨ ਜ਼ੋਨ’ : ਮੇਅਰ ਬੈਂਡਾ ਲੌਕ

ਸਰੀ, (ਏਕਜੋਤ ਸਿੰਘ): ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸਰੀ ਸਿਟੀ ਹਾਲ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ਼ਹਿਰ ਵਿੱਚ ਤਿੰਨ ‘ਸੌਕਰ ਫੈਨ ਜ਼ੋਨ’ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਫੈਨ ਜ਼ੋਨ ਫੀਫਾ ਵਿਸ਼ਵ ਕੱਪ 2026 ਦੇ ਮੈਚਾਂ ਦਾ ਲਾਈਵ ਪ੍ਰਸਾਰਣ ਕਰਨਗੇ, ਜਿੱਥੇ ਸਰੀ ਦੇ ਵਸਨੀਕ ਅਤੇ ਬਾਹਰੋਂ ਆਉਣ ਵਾਲੇ ਸੈਲਾਨੀ ਮੁਫ਼ਤ ਵਿੱਚ ਫੁੱਟਬਾਲ ਦਾ ਆਨੰਦ ਮਾਣ ਸਕਣਗੇ। ਇਸ ਮੌਕੇ ਮੇਅਰ ਨਾਲ ਕੌਂਸਲਰ ਡੱਗ ਐਲਫੋਰਡ, ਮਾਈਕ ਬੋਸ, ਰੌਬ ਸਟੱਟ ਅਤੇ ਫੁੱਟਬਾਲ ਦੇ ਦਿੱਗਜ ਖਿਡਾਰੀ ਕਾਰਲ ਵੈਲੇਨਟਾਈਨ ਵੀ ਮੌਜੂਦ ਸਨ। ਮੇਅਰ ਅਨੁਸਾਰ ਸਰੀ ਇੱਕ ਫੁੱਟਬਾਲ ਪ੍ਰੇਮੀ ਸ਼ਹਿਰ ਹੈ ਅਤੇ ਇਹ ਫੈਨ ਜ਼ੋਨ ਪਰਿਵਾਰਾਂ ਤੇ ਦੋਸਤਾਂ ਨੂੰ ਇਕੱਠੇ ਮਿਲ ਕੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਸਮਾਗਮ ਦਾ ਜਸ਼ਨ ਮਨਾਉਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨਗੇ। ਮੇਅਰ ਨੇ ਕਿਹਾ ਕਿ ਇਹ ਸਰੀ ਨੂੰ ਰਹਿਣ ਅਤੇ ਘੁੰਮਣ ਲਈ ਇੱਕ ਬਿਹਤਰੀਨ ਸਥਾਨ ਵਜੋਂ ਪੇਸ਼ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਹੈ।
ਫੈਨ ਜ਼ੋਨਾਂ ਦੀ ਸ਼ੁਰੂਆਤ ਸਰੀ ਸਿਵਿਕ ਪਲਾਜ਼ਾ ਤੋਂ ਹੋਵੇਗੀ, ਜਿੱਥੇ 11 ਜੂਨ ਨੂੰ ਪਹਿਲਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਇਸ ਦਾ ਅਧਿਕਾਰਤ ਉਦਘਾਟਨ 12 ਜੂਨ ਨੂੰ ਕੈਨੇਡਾ ਅਤੇ ਬੋਸਨੀਆ ਐਂਡ ਹਰਜ਼ੇਗੋਵਿਨਾ ਵਿਚਾਲੇ ਹੋਣ ਵਾਲੇ ਪਹਿਲੇ ਮੈਚ ਦੌਰਾਨ ਕੀਤਾ ਜਾਵੇਗਾ। ਇਸ ਦਿਨ ਵੱਡੀ ਸਕ੍ਰੀਨ ਉੱਤੇ ਮੈਚ ਦੇ ਨਾਲ-ਨਾਲ ਸਾਰਾ ਦਿਨ ਵਿਸ਼ੇਸ਼ ਮਨੋਰੰਜਨ ਅਤੇ ਹੋਰ ਗਤੀਵਿਧੀਆਂ ਵੀ ਜਾਰੀ ਰਹਿਣਗੀਆਂ। ਇਸ ਤੋਂ ਬਾਅਦ 1 ਜੁਲਾਈ ਨੂੰ ਕੈਨੇਡਾ ਡੇਅ ਦੇ ਜਸ਼ਨਾਂ ਦੇ ਹਿੱਸੇ ਵਜੋਂ ਕਲੋਵਰਡੇਲ ਐਗਰੀਪਲੈਕਸ ਵਿਖੇ ਦੂਜਾ ਫੈਨ ਜ਼ੋਨ ਖੋਲ੍ਹਿਆ ਜਾਵੇਗਾ ਅਤੇ 14 ਜੁਲਾਈ ਨੂੰ ਸਾਊਥ ਸਰੀ ਐਥਲੈਟਿਕ ਪਾਰਕ ਵਿਖੇ ਸੌਫਟਬਾਲ ਸਿਟੀ ਵਿੱਚ ਤੀਜਾ ਜ਼ੋਨ ਸ਼ੁਰੂ ਹੋਵੇਗਾ। ਪ੍ਰਸ਼ਾਸਨ ਨੇ ਸੰਕੇਤ ਦਿੱਤੇ ਹਨ ਕਿ ਸਮਾਗਮ ਦੇ ਨੇੜੇ ਆਉਣ ‘ਤੇ ਕੁਝ ਹੋਰ ਸਥਾਨਾਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
ਸ਼ਹਿਰ ਵੱਲੋਂ ਇਹਨਾਂ ਫੈਨ ਜ਼ੋਨਾਂ ਨੂੰ ਦੋ ਵੱਖ-ਵੱਖ ਰੂਪਾਂ ਵਿੱਚ ਚਲਾਇਆ ਜਾਵੇਗਾ। ਪਹਿਲਾ ‘ਮੈਚ ਓਨਲੀ’ ਦਿਨ ਹੋਵੇਗਾ ਜਿਸ ਵਿੱਚ ਲਾਈਵ ਮੈਚ ਦਿਖਾਏ ਜਾਣਗੇ ਅਤੇ ਫੁੱਟਬਾਲ ਨਾਲ ਸਬੰਧਤ ਗਤੀਵਿਧੀਆਂ ਹੋਣਗੀਆਂ। ਦੂਜਾ ‘ਫੁੱਲ ਫੈਨ ਜ਼ੋਨ ਐਕਸਪੀਰੀਅੰਸ’ ਹੋਵੇਗਾ ਜਿਸ ਵਿੱਚ ਮੈਚਾਂ ਦੇ ਨਾਲ-ਨਾਲ ਮੇਲੇ ਵਰਗਾ ਮਾਹੌਲ ਹੋਵੇਗਾ, ਜਿਸ ਵਿੱਚ ਲਾਈਵ ਮਨੋਰੰਜਨ, ਕਮਿਊਨਿਟੀ ਸਟਾਲ, ਫੂਡ ਟਰੱਕ ਅਤੇ ਬੀਅਰ ਗਾਰਡਨ ਦੀ ਸਹੂਲਤ ਵੀ ਮਿਲੇਗੀ। ਕੁੱਲ ਮਿਲਾ ਕੇ 6 ਹਫ਼ਤਿਆਂ ਦੇ ਅਰਸੇ ਦੌਰਾਨ ਸਰੀ ਸ਼ਹਿਰ 100 ਤੋਂ ਵੱਧ ਮੈਚਾਂ ਦਾ ਲਾਈਵ ਪ੍ਰਸਾਰਣ ਕਰੇਗਾ। ਹਰ ਦਿਨ ਦੇ ਪ੍ਰੋਗਰਾਮ ਅਤੇ ਮੈਚਾਂ ਦੀ ਸੂਚੀ ਆਉਣ ਵਾਲੇ ਸਮੇਂ ਵਿੱਚ ਅਧਿਕਾਰਤ ਵੈੱਬਸਾਈਟ ‘ਤੇ ਸਾਂਝੀ ਕੀਤੀ ਜਾਵੇਗੀ।
ਇਸ ਵੱਡੇ ਆਯੋਜਨ ਲਈ ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਅਤੇ ਸੈਰ-ਸਪਾਟਾ ਮੰਤਰਾਲੇ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਮੇਅਰ ਬਰੈਂਡਾ ਲੋਕ ਨੇ ਉਮੀਦ ਜਤਾਈ ਕਿ ਇਹ ਫੈਨ ਜ਼ੋਨ ਸਰੀ ਦੇ ਸੱਭਿਆਚਾਰ ਅਤੇ ਖੇਡਾਂ ਪ੍ਰਤੀ ਉਤਸ਼ਾਹ ਨੂੰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕਰਨਗੇ। ਇਸ ਨਾਲ ਨਾ ਸਿਰਫ਼ ਖੇਡਾਂ ਨੂੰ ਹੁਲਾਰਾ ਮਿਲੇਗਾ, ਸਗੋਂ ਸਥਾਨਕ ਕਾਰੋਬਾਰੀਆਂ ਅਤੇ ਸੈਰ-ਸਪਾਟੇ ਲਈ ਵੀ ਨਵੇਂ ਰਾਹ ਖੁੱਲ੍ਹਣਗੇ। ਪੂਰੇ ਲੋਅਰ ਮੇਨਲੈਂਡ ਦੇ ਲੋਕਾਂ ਨੂੰ ਸਰੀ ਵਿੱਚ ਆ ਕੇ ਇਸ ਖੇਡ ਮੇਲੇ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਹੈ। ਸ਼ਹਿਰ ਦੇ ਇਸ ਉਪਰਾਲੇ ਨਾਲ ਵਿਸ਼ਵ ਕੱਪ ਦਾ ਰੋਮਾਂਚ ਕੈਨੇਡੀਅਨ ਫੁੱਟਬਾਲ ਪ੍ਰੇਮੀਆਂ ਲਈ ਹੋਰ ਵੀ ਯਾਦਗਾਰੀ ਬਣ ਜਾਵੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ