ਬਲਵਿੰਦਰ ਸਿੰਘ ਭੁੱਲਰ
98882 – 75913
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਤਿਉਂ ਤਿਉਂ ਪੰਜਾਬ ਦੇ ਸਿਆਸੀ ਪਿੜ ਵਿੱਚ ਭੁਚਾਲ ਵਰਗੀ ਹਲਚਲ ਹੋ ਰਹੀ ਹੈ। ਪੰਜਾਬ ਦੇ ਸਿਆਸੀ ਲੀਡਰ ਅਗਲੀ ਸਰਕਾਰ ਵਿੱਚ ਕੁਰਸੀ ਦੇ ਲਾਲਚ ਕਾਰਨ ਇੱਕ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਜਾਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਨੀਵਾਂ ਵਿਖਾਉਣ ਦੀਆਂ ਚਾਲਾਂ ਚੱਲ ਰਹੇ ਹਨ। ਇਸੇ ਤਹਿਤ ਬੀਤੇ ਦਿਨ ਪੰਜਾਬ ਦੇ ਚੋਟੀ ਦੇ ਚਾਰ ਆਗੂ ਪੰਜਾਬ ਦੀ ਆਵਾਜ਼ ਸਮਝੇ ਜਾਂਦੇ ਸ੍ਰ. ਜਗਮੀਤ ਸਿੰਘ ਬਰਾੜ, ਅਕਾਲੀ ਦਲ ਪੁਨਰ ਸੁਰਜੀਤੀ ਦਾ ਮੁੱਢ ਬੰਨ੍ਹਣ ਵਾਲੇ ਸ੍ਰ. ਚਰਨਜੀਤ ਸਿੰਘ ਬਰਾੜ, ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਅਤੇ ਸੂਬੇ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਸਾਬਕਾ ਓ ਐੱਸ ਡੀ ਓਂਕਾਰ ਸਿੰਘ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਭਗਵਾਂਕਰਨ ਅਪਣਾ ਲਿਆ ਹੈ। ਇੱਥੇ ਹੀ ਬੱਸ ਨਹੀਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਪਿੱਛੇ ਵੀ ਉਸਨੂੰ ਸਿਆਸੀ ਸੱਟ ਮਾਰਨ ਦੀ ਇੱਕ ਚਾਲ ਹੀ ਮੰਨਿਆ ਜਾ ਰਿਹਾ ਸੀ, ਪਰ ਉਸ ਵੱਲੋਂ ਵਿਖਾਈ ਸ਼ਰਧਾ ਅਤੇ ਫਰਾਖਦਿਲੀ ਨੇ ਇਸ ਚਾਲ ਨੂੰ ਸਫਲ ਨਹੀਂ ਹੋਣ ਦਿੱਤਾ।
ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੋਂ ਇਹ ਗੱਲ ਪਰਤੱਖ ਹੋ ਰਹੀ ਹੈ ਕਿ ਪੰਜਾਬ ਦੇ ਲੀਡਰਾਂ ਨੂੰ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਦਾ ਬਹੁਤਾ ਫਿਕਰ ਨਹੀਂ, ਬਲਕਿ ਜੇ ਫਿਕਰ ਹੈ ਤਾਂ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਦਾ ਹੈ। ਪੰਜਾਬ ਵਿੱਚ ਭਾਵੇਂ ਹੋਰ ਵੀ ਕਈ ਪਾਰਟੀਆਂ ਸਿਆਸਤ ਵਿੱਚ ਸਰਗਰਮ ਹਨ, ਪਰ ਸਰਕਾਰ ਬਣਾਉਣ ਲਈ ਯਤਨ ਕਰਨ ਵਾਲੀਆਂ ਭਾਜਪਾ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਹੀ ਹਨ। ਇਨ੍ਹਾਂ ਵਿੱਚ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਬਾਕੀ ਤਿੰਨਾਂ ਪਾਰਟੀਆਂ ਦੀ ਲੀਡਰਸ਼ਿੱਪ ਨੂੰ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਦੀ ਜ਼ਿਆਦਾ ਲਾਲਸਾ ਵਿਖਾਈ ਦੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕੇਵਲ ਇੱਕੋ ਇੱਕ ਪਾਰਟੀ ਹੈ ਕਿ ਜੇਕਰ ਉਸਦੀ ਸਰਕਾਰ ਹੋਂਦ ਵਿੱਚ ਆ ਗਈ ਤਾਂ ਮੁੱਖ ਮੰਤਰੀ ਦੇ ਅਹੁਦੇ ਲਈ ਸਿਰਫ ਸ੍ਰ. ਸੁਖਬੀਰ ਸਿੰਘ ਬਾਦਲ ਹੀ ਹੋਣਗੇ। ਹੋਰ ਕੋਈ ਵੀ ਆਗੂ ਇਸ ਅਹੁਦੇ ਦੇ ਨੇੜੇ ਜਾਣ ਦੀ ਹਿੰਮਤ ਵੀ ਵਿਖਾ ਨਹੀਂ ਸਕਦਾ ਅਤੇ ਨਾ ਹੀ ਕਿਸੇ ਦੀ ਅਜਿਹੀ ਸਰਗਰਮੀ ਹੈ।
ਜੇਕਰ ਕਾਂਗਰਸ ਵੱਲ ਝਾਤ ਮਾਰੀਏ ਤਾਂ ਇਹ ਗੱਲ ਆਮ ਚਰਚਾ ਵਿੱਚ ਹੈ ਕਿ ਇਸਦੇ ਜਿੰਨੇ ਵੀ ਆਗੂ ਹਨ, ਸਾਰਿਆਂ ਦੀ ਸਰਕਾਰ ਬਣਾਉਣ ਨਾਲੋਂ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਦੀ ਜ਼ਿਆਦਾ ਕਾਹਲ ਹੈ। ਪਰ ਜੇਕਰ ਜ਼ਿਆਦਾ ਕਾਹਲ ਵਿਖਾਉਣ ਵਾਲਿਆਂ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਣਾ ਗੁਰਜੀਤ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਵੱਧ ਤਰਲੋਮੱਛੀ ਹੋ ਰਹੇ ਹਨ। ਇਨ੍ਹਾਂ ਦੀ ਇਸ ਲਾਲਸਾ ਨੇ ਹੀ ਪਹਿਲਾਂ ਪੰਜਾਬ ਵਿੱਚ ਹੋਈਆਂ ਕਈ ਚੋਣਾਂ ਹਰਾਈਆਂ ਹਨ, ਕਿਉਂਕਿ ਇਹ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਅੱਗੇ ਲੰਘਣ ਦੀ ਤਾਕ ਵਿੱਚ ਰਹਿੰਦੇ ਹਨ। ਇਨ੍ਹਾਂ ਆਗੂਆਂ ਦੀ ਕਾਰਗੁਜ਼ਾਰੀ ਤੋਂ ਇਉਂ ਲਗਦਾ ਹੈ ਕਿ ਇਨ੍ਹਾਂ ਦਾ ਬਹੁਤਾ ਧਿਆਨ ਕਾਂਗਰਸ ਦੀ ਸਰਕਾਰ ਬਣਾਉਣ ਲਈ ਇੱਕਮੁੱਠ ਹੋ ਕੇ ਚੋਣਾਂ ਲੜਨ ਦਾ ਨਹੀਂ ਹੈ, ਬੱਸ ਜੇ ਨਿਗਾਹ ਹੈ ਤਾਂ ਮੁੱਖ ਮੰਤਰੀ ਬਣਨ ਵੱਲ ਹੀ ਹੈ। ਜੇਕਰ ਇਨ੍ਹਾਂ ਲੀਡਰਾਂ ਨੇ ਪਿਛਲੀਆਂ ਚੋਣਾਂ ਤੋਂ ਸਬਕ ਨਾ ਲਿਆ ਤਾਂ ਪਾਰਟੀ ਦਾ ਵਿਧਾਨ ਸਭਾ ਚੋਣਾਂ ਸਮੇਂ ਵੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਆਮ ਆਦਮੀ ਪਾਰਟੀ ਸੂਬੇ ਵਿੱਚ ਰਾਜ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫ਼ੀ ਕੰਮ ਕੀਤੇ ਅਤੇ ਕੁਝ ਰਹਿ ਵੀ ਗਏ ਹਨ। ਪੰਜਾਬ ਦੇ ਲੋਕਾਂ ਦਾ ਭਗਵੰਤ ਨਾਲ ਤਾਂ ਬਹੁਤਾ ਗੁੱਸਾ ਜਾਂ ਨਰਾਜ਼ਗੀ ਨਹੀਂ ਸੀ, ਪਰ ਦਿੱਲੀ ਵਾਲੇ ਆਗੂਆਂ ਨੇ ਜੋ ਪੰਜਾਬ ਵਿੱਚ ਆ ਕੇ ਕਬਜ਼ੇ ਕੀਤੇ ਹੋਏ ਹਨ ਅਤੇ ਪੰਜਾਬ ਵਿੱਚ ਆਪਹੁਦਰੀਆਂ ਕੀਤੀਆਂ ਹਨ, ਉਹਨਾਂ ਕਾਰਨ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਨਰਾਜ਼ ਜ਼ਰੂਰ ਹਨ। ਪਾਰਟੀ ਦੀ ਹਾਈਕਮਾਂਡ ਨੇ ਕਈ ਵਾਰ ਮੁੱਖ ਮੰਤਰੀ ਬਦਲਣ ਦੇ ਯਤਨ ਵੀ ਕੀਤੇ ਸਨ, ਪਰ ਜਦੋਂ ਉਹ ਸਫਲ ਨਾ ਹੋ ਸਕੇ, ਆਖਰ ਉਹਨਾਂ ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਆਪਣੇ ਦਿੱਲੀ ਵਾਲੇ ਆਗੂ ਬਿਠਾ ਦਿੱਤੇ ਸਨ ਅਤੇ ਉਹ ਮਨਮਾਨੀਆਂ ਕਰ ਰਹੇ ਹਨ। ਜੇਕਰ ਮੁੜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆ ਜਾਵੇ ਤਾਂ ਇਸ ਪਾਰਟੀ ਦੇ ਭਗਵੰਤ ਮਾਨ ਤੋਂ ਇਲਾਵਾ ਅਮਨ ਅਰੋੜਾ ਅਤੇ ਕੁਲਤਾਰ ਸੰਧਵਾਂ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਯਤਨ ਕਰਨਗੇ। ਮੌਜੂਦਾ ਸਰਕਾਰ ਦੌਰਾਨ ਵੀ ਉਹ ਲੁਕਵੇਂ ਤੌਰ ’ਤੇ ਅਜਿਹੇ ਯਤਨ ਕਰਦੇ ਰਹੇ ਹਨ।
ਭਾਜਪਾ ਲੰਬੇ ਸਮੇਂ ਤੋਂ ਪੰਜਾਬ ਵਿੱਚ ਪੈਰ ਜਮਾਉਣ ਲਈ ਯਤਨ ਕਰਦੀ ਆ ਰਹੀ ਹੈ, ਪਰ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਨਾਲ ਬਹੁਤੀ ਦਿਲਚਸਪੀ ਨਹੀਂ ਸੀ ਵਿਖਾਈ। ਤਿੰਨ ਖੇਤੀ ਕਾਲੇ ਕਾਨੂੰਨਾਂ ਨੇ ਪੰਜਾਬ ਦੇ ਕਿਸਾਨਾਂ ਭਾਵ ਪੇਂਡੂ ਖੇਤਰ ਨੂੰ ਇਸ ਪਾਰਟੀ ਨਾਲੋਂ ਹੋਰ ਦੂਰ ਕਰ ਦਿੱਤਾ ਸੀ। ਪਿਛਲੇ ਦੋ ਕੁ ਸਾਲਾਂ ਤੋਂ ਭਾਜਪਾ ਹਾਈਕਮਾਂਡ ਪੂਰੀ ਤਨਦੇਹੀ ਨਾਲ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕੰਮ ਕਰ ਰਹੀ ਹੈ। ਉਸਨੇ ਪਿੰਡਾਂ ਵਿੱਚ ਵੀ ਹੁਣ ਪੈਰ ਰੱਖ ਲਏ ਹਨ, ਸ਼ਹਿਰੀ ਖੇਤਰ ਵਿੱਚ ਤਾਂ ਉਹ ਪਹਿਲਾਂ ਚੰਗੀ ਹਾਲਤ ਵਿੱਚ ਸੀ। ਆਪਣੀ ਇਸ ਯੋਜਨਾ ਨੂੰ ਕਾਮਯਾਬ ਕਰਨ ਲਈ ਉਸਨੇ ਦੂਜੀਆਂ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਲਾਲਚ ਦੇ ਕੇ ਜਾਂ ਡਰਾ ਕੇ ਆਪਣੇ ਵਿੱਚ ਰਲਾਉਣ ਦਾ ਸਿਲਸਿਲਾ ਵੀ ਕਾਫ਼ੀ ਦੇਰ ਤੋਂ ਸ਼ੁਰੂ ਕੀਤਾ ਹੋਇਆ ਹੈ। ਭਾਜਪਾ, ਜਿਸਨੂੰ ਪੰਜਾਬ ਦੇ ਲੋਕ ਨਫਰਤ ਦੀਆਂ ਨਿਗਾਹਾਂ ਨਾਲ ਤੱਕਦੇ ਹੁੰਦੇ ਸਨ, ਅੱਜ ਉਸਦੀ ਸਰਕਾਰ ਬਣਨ ਦੀ ਆਸ ਨਾਲ ਮੁੱਖ ਮੰਤਰੀ ਦੇ ਅਹੁਦੇ ਲਈ ਕਈ ਆਗੂ ਸਰਗਰਮ ਹੋ ਚੁੱਕੇ ਹਨ। ਇਸ ਕੁਰਸੀ ਨੂੰ ਹਾਸਲ ਕਰਨ ਲਈ ਕਾਂਗਰਸ ਦੇ ਦਿੱਗਜ਼ ਨੇਤਾ ਰਹੇ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਪਣੇ ਆਪ ਨੂੰ ਸ਼ਹੀਦ ਪਰਿਵਾਰ ਦਾ ਫਰਜ਼ੰਦ ਅਖਵਾਉਣ ਵਾਲੇ ਅਤੇ ਕੇਂਦਰ ਵਿੱਚ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਪਾਰਟੀ ਦੇ ਪ੍ਰਧਾਨ ਅਤੇ ਕਿਸਾਨਾਂ ਵਿੱਚ ਚੰਗਾ ਨਾ ਰੱਖਣ ਵਾਲੇ ਸ੍ਰੀ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਕਾਫ਼ੀ ਦੇਰ ਤੋਂ ਸਰਗਰਮ ਵਿਖਾਈ ਦੇ ਰਹੇ ਸਨ। ਹੁਣ ਕਾਂਗਰਸ ਅਤੇ ਅਕਾਲੀ ਦਲ ਦੇ ਇੱਕ ਹੋਰ ਉੱਚਕੋਟੀ ਦੇ ਆਗੂ ਰਹੇ ਅਤੇ ਪੰਜਾਬ ਦੀ ਆਵਾਜ਼ ਸਮਝੇ ਜਾਂਦੇ ਸ੍ਰ. ਜਗਮੀਤ ਸਿੰਘ ਬਰਾੜ ਵੀ ਇਸ ਦੌੜ ਵਿੱਚ ਸ਼ਾਮਲ ਹੋ ਜਾਣਗੇ, ਜੋ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਪੰਜਾਬ ਵਿੱਚ ਅਗਲੀ ਸਰਕਾਰ ਕਿਸ ਪਾਰਟੀ ਦੀ ਹੋਂਦ ਵਿੱਚ ਆਵੇਗੀ, ਇਹ ਸਵਾਲ ਅਜੇ ਕਾਫ਼ੀ ਗੁੰਝਲਾਂ ਨਾਲ ਭਰਿਆ ਹੋਇਆ ਹੈ। ਪਰ ਇਹ ਸਪਸ਼ਟ ਹੈ ਕਿ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਵਿੱਚ ਸਰਕਾਰ ਬਣਾਉਣ ਨਾਲੋਂ ਮੁੱਖ ਮੰਤਰੀ ਦੀ ਕੁਰਸੀ ’ਤੇ ਕਬਜ਼ਾ ਕਰਨ ਦੀ ਜ਼ਿਆਦਾ ਦੌੜ ਲੱਗੀ ਹੋਈ ਹੈ। ਉਹ ਇਸ ਤੱਥ ਵੱਲ ਬਹੁਤਾ ਧਿਆਨ ਨਹੀਂ ਦੇ ਰਹੇ ਕਿ ਮੁੱਖ ਮੰਤਰੀ ਦੀ ਕੁਰਸੀ ਤਾਂ ਹੀ ਮਿਲ ਸਕਦੀ ਹੈ ਜੇ ਸਰਕਾਰ ਹੋਂਦ ਵਿੱਚ ਆਵੇਗੀ। ਸ਼੍ਰੋਮਣੀ ਅਕਾਲੀ ਦਲ ਅਜਿਹੇ ਵਿਵਾਦ ਤੋਂ ਬਚਿਆ ਹੋਇਆ ਹੈ, ਇਸ ਵੱਲੋਂ ਤੈਅ ਹੈ ਕਿ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦਾ ਅਹੁਦੇਦਾਰ ਮੰਨ ਕੇ ਹੀ ਚੋਣ ਲੜੀ ਜਾਵੇਗੀ ਅਤੇ ਜੇ ਸਰਕਾਰ ਹੋਂਦ ਵਿੱਚ ਆਉਂਦੀ ਹੈ ਤਾਂ ਉਹ ਹੀ ਮੁੱਖ ਮੰਤਰੀ ਹੋਣਗੇ।
ਪੰਜਾਬ ਦੇ ਆਗੂਆਂ ਦੀ ਸਰਕਾਰ ਬਣਾਉਣ ਨਾਲੋਂ ਮੁੱਖ ਮੰਤਰੀ ਦੀ ਕੁਰਸੀ ’ਤੇ ਵੱਧ ਨਿਗਾਹ

