ਪ੍ਰਤਾਪ ਪਾਰਸ ਗੁਰਦਾਸਪੁਰੀ, ਸੰਪਰਕ: 99888-11681
‘‘ਐਕਸਕਿਊਜ਼ ਮੀ ਸਰ, ਵਨ ਮਿਨਟ, ਪਲੀਜ਼ ਹੈਲਪ ਅਸ।’’
ਸਮੀਰਾ ਨੇ ਲਾਚਾਰ ਜਿਹੀਆਂ ਨਜ਼ਰਾਂ ਨਾਲ ਟਰੇਨੀ ਡਾਕਟਰ ਦੀ ਵਰਦੀ ਵਿੱਚ ਹੱਥ ’ਚ ਕਿਤਾਬਾਂ ਫੜੀ ਕੋਲੋਂ ਲੰਘਦੇ ਹੋਏ ਵਿਕਾਸ ਨੂੰ ਕਿਹਾ।
‘ਹਾਂ ਜੀ, ਹਾਂ ਜੀ ਬੋਲੋ, ਕੀ ਹੈਲਪ ਚਾਹੀਦੀ ਹੈ?’’ ਵਿਕਾਸ ਨੇ ਬੜੀ ਹਲੀਮੀ ਨਾਲ ਪੁੱਛਿਆ।
‘‘ਸਰ, ਇਹ ਮੇਰੇ ਮੰਮੀ ਜੀ ਹਨ ਤੇ ਅਸੀਂ ਜੰਮੂ ਕਸ਼ਮੀਰ ਤੋਂ ਅੱਜ ਹੀ ਇਸ ਸਰਕਾਰੀ ਮੈਡੀਕਲ ਯੂਨੀਵਰਸਿਟੀ ਵਿੱਚ ਆਏ ਹਾਂ। ਮੈਂ ਐੱਮ ਬੀ ਬੀ ਐੱਸ ਵਿੱਚ ਦਾਖ਼ਲਾ ਲਿਆ ਹੈ। ਕਾਊਂਸਲਿੰਗ ਲੇਟ ਖ਼ਤਮ ਹੋਣ ਕਰਕੇ ਸਾਨੂੰ ਹਨੇਰਾ ਹੋ ਗਿਆ ਹੈ ਅਤੇ ਅਸੀਂ ਇਸ ਸ਼ਹਿਰ ਵਿੱਚ ਪਹਿਲੀ ਵਾਰ ਹੀ ਆਏ ਹਾਂ। ਰਾਤ ਪੈਣ ਕਰਕੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਿੱਥੇ ਜਾਈਏ? ਕੀ ਇੱਥੇ ਔਰਤਾਂ ਦੇ ਰਹਿਣ ਲਈ ਹੋਟਲ ਤੋਂ ਇਲਾਵਾ ਕੋਈ ਮਹਿਫੂਜ਼ ਜਗ੍ਹਾ ਮਿਲ ਸਕਦੀ ਹੈ?’’
ਸਮੀਰਾ ਨੇ ਆਪਣੀ ਮੁਸ਼ਕਿਲ ਦੱਸਦਿਆਂ ਵਿਕਾਸ ਕੋਲੋਂ ਮਦਦ ਲੈਣ ਲਈ ਤਰਲਾ ਜਿਹਾ ਲਿਆ।
ਵਿਕਾਸ ਨੇ ਥੋੜ੍ਹਾ ਸੋਚ ਕੇ ਸਮੀਰਾ ਦੀ ਮਾਂ ਦੀਆਂ ਅੱਖਾਂ ਵਿੱਚ ਇੱਕ ਖ਼ੌਫ਼ ਜਿਹਾ ਵੇਖ ਕੇ ਕਿਹਾ, ‘‘ਦੇਖੋ, ਮੈਂ ਵੀ ਇਸੇ ਯੂਨੀਵਰਸਿਟੀ ਵਿੱਚ ਐੱਮ ਬੀ ਬੀ ਐੱਸ ਦੇ ਦੂਜੇ ਸਾਲ ਦਾ ਵਿਦਿਆਰਥੀ ਹਾਂ। ਯੂਨੀਵਰਸਿਟੀ ਦੇ ਸਾਹਮਣੇ ਵਾਲੀ ਗਲੀ ਵਿੱਚ ਪੀ ਜੀ ’ਚ ਰਹਿੰਦਾ ਹਾਂ। ਜੇ ਚਾਹੋ ਤਾਂ ਅੱਜ ਦੀ ਰਾਤ ਤੁਸੀਂ ਮੇਰੇ ਸਾਹਮਣੇ ਵਾਲੇ ਕਮਰੇ ਵਿੱਚ ਰਹਿ ਸਕਦੇ ਹੋ ਕਿਉਂਕਿ ਉਸ ਕਮਰੇ ਵਿੱਚ ਰਹਿਣ ਵਾਲਾ ਮੇਰਾ ਦੋਸਤ ਕੁਝ ਦਿਨਾਂ ਲਈ ਆਪਣੇ ਪਿੰਡ ਗਿਆ ਹੋਇਆ ਹੈ। ਉਸ ਦੀ ਚਾਬੀ ਮੇਰੇ ਕੋਲ ਹੀ ਹੈ। ਪਰ ਇਸ ਬਾਰੇ ਮੈਂ ਪਹਿਲਾਂ ਆਪਣੀ ਪੀ ਜੀ ਵਾਲੀ ਆਂਟੀ ਨੂੰ ਦੱਸਾਂਗਾ, ਜੇਕਰ ਉਨ੍ਹਾਂ ਨੇ ਹਾਂ ਕਰ ਦਿੱਤੀ ਤਾਂ ਹੀ ਫਾਈਨਲ ਹੋਵੇਗਾ।’’
ਵਿਕਾਸ ਨੇ ਉਨ੍ਹਾਂ ਅੱਗੇ ਅਸਲੀਅਤ ਬਿਆਨ ਕੀਤੀ।
ਸਮੀਰਾ ਅਤੇ ਉਸ ਦੀ ਮਾਂ ਨੇ ਉਸ ਲੜਕੇ ਦਾ ਧੰਨਵਾਦ ਕਰਦਿਆਂ ਬਿਨਾਂ ਵਾਧੂ ਸੋਚ-ਵਿਚਾਰ ਕੀਤਿਆਂ ਉਸ ਦੇ ਨਾਲ ਜਾਣ ਲਈ ਆਪਣੇ ਬੈਗ ਚੁੱਕ ਲਏ। ਵਿਕਾਸ ਨੇ ਪਹਿਲਾਂ ਕਹੇ ਅਨੁਸਾਰ ਆਪਣੀ ਪੀ ਜੀ ਵਾਲੀ ਆਂਟੀ ਨੂੰ ਸਮੀਰਾ ਤੇ ਉਸ ਦੀ ਮਾਂ ਦੀ ਬੇਵਸੀ ਦੱਸੀ ਤੇ ਉਨ੍ਹਾਂ ਦੇ ਹਾਂ ਕਰਨ ’ਤੇ ਉਸ ਨੇ ਆਪਣੇ ਦੋਸਤ ਵਾਲਾ ਕਮਰਾ ਉਨ੍ਹਾਂ ਲਈ ਖੋਲ੍ਹ ਦਿੱਤਾ। ਥੋੜ੍ਹੇ ਸਮੇਂ ਵਿੱਚ ਹੀ ਸਮੀਰਾ ਅਤੇ ਉਸ ਦੀ ਮਾਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਕਰ ਦਿੱਤਾ। ਦਿਨ ਚੜ੍ਹੇ ਤੋਂ ਸਮੀਰਾ ਤੇ ਉਸ ਦੀ ਮਾਂ ਨੇ ਵਿਕਾਸ ਨੂੰ ਸਮੀਰਾ ਲਈ ਵੀ ਕੋਈ ਇਹੋ ਜਿਹਾ ਵਧੀਆ ਪੀ ਜੀ ਵੇਖਣ ਲਈ ਕਿਹਾ ਕਿਉਂਕਿ ਸਮੀਰਾ ਦੀਆਂ ਸਹੇਲੀਆਂ ਨੇ ਉਸ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਟ੍ਰੇਨੀਆਂ ਨੂੰ ਮਿਲਣ ਵਾਲੇ ਸਰਕਾਰੀ ਹੋਸਟਲਾਂ ਵਿੱਚ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਠੀਕ ਨਹੀਂ ਸੀ। ਵਿਕਾਸ ਨੇ ਸਮੀਰਾ ਤੇ ਉਸ ਦੀ ਮਾਂ ਨੂੰ ਨਾਲ ਲੈ ਕੇ ਛੇਤੀ ਹੀ ਆਪਣੇ ਨੇੜੇ ਇੱਕ ਵਧੀਆ ਪੀ ਜੀ ਲੱਭ ਦਿੱਤਾ। ਸਮੀਰਾ ਦੀ ਮਾਂ, ਸਮੀਰਾ ਦੀ ਰਿਹਾਇਸ਼ ਦੀ ਚਿੰਤਾ ਤੋਂ ਮੁਕਤ ਹੋ ਕੇ ਜਾਣ ਲੱਗਿਆਂ ਇੱਕ ਵਾਰ ਫਿਰ ਵਿਕਾਸ ਦਾ ਧੰਨਵਾਦ ਕਰਦਿਆਂ ਬੋਲੀ, ‘‘ਪੁੱਤਰ, ਪਤਾ ਨਹੀਂ ਕਿਉਂ ਤੂੰ ਮੈਨੂੰ ਆਪਣਾ-ਆਪਣਾ ਜਿਹਾ ਲੱਗਾ ਏਂ, ਰੱਬ ਤੇਰੀਆਂ ਲੰਮੀਆਂ ਉਮਰਾਂ ਕਰੇ, ਤੂੰ ਖ਼ੂਬ ਤਰੱਕੀਆਂ ਕਰੇਂ, ਕਿਸੇ ਧਰਮੀ ਮਾਪਿਆਂ ਦਿਆ ਜਾਇਆ।’’ ਸਮੀਰਾ ਦੀ ਮਾਂ ਇਹ ਸ਼ਬਦ ਕਹਿ ਕੇ ਬੱਸ ’ਚ ਬੈਠ ਗਈ। ਵਾਪਸੀ ਮੌਕੇ ਉਸ ਦੀ ਮਾਂ ਨੂੰ ਇੱਕ ਧਰਵਾਸ ਜਿਹਾ ਸੀ ਕਿਉਂਕਿ ਵਿਕਾਸ ਵਰਗਾ ਨੇਕ ਦਿਲ ਬੱਚਾ ਉਸ ਦੀ ਧੀ ਦੀ ਮਦਦ ਲਈ ਉੱਥੇ ਮੌਜੂਦ ਸੀ। ਹੁਣ ਸਮੀਰਾ ਦੀ ਮਾਂ ਨੂੰ ਆਪਣੀ ਧੀ ਬਿਗਾਨੇ ਸ਼ਹਿਰ ਵਿੱਚ ਇਕੱਲੀ ਰਹਿ ਗਈ ਨਹੀਂ ਸੀ ਜਾਪ ਰਹੀ।
ਸਮਾਂ ਅਗਾਂਹ ਨੂੰ ਤੁਰਦਾ ਗਿਆ। ਸਮੀਰਾ ਤੇ ਵਿਕਾਸ ਯੂਨੀਵਰਸਿਟੀ ਆਉਂਦੇ-ਜਾਂਦਿਆਂ ਅਕਸਰ ਇੱਕ ਦੂਜੇ ਨੂੰ ਟੱਕਰਦੇ। ਉਹ ਇੱਕ ਦੂਜੇ ਦਾ ਅਤੇ ਪਰਿਵਾਰਾਂ ਦਾ ਹਾਲ-ਚਾਲ ਪੁੱਛਦੇ, ਖ਼ਾਸਕਰ ਵਿਕਾਸ ਉਸ ਦੀ ਮਾਂ ਦਾ ਹਾਲ ਪੁੱਛਣਾ ਕਦੇ ਨਾ ਭੁੱਲਦਾ। ਵਿਕਾਸ ਦਾ ਕੋਰਸ ਮੁਕੰਮਲ ਹੋ ਗਿਆ। ਅੱਜ ਵਿਕਾਸ ਨੇ ਆਪਣੇ ਘਰ ਵਾਪਸ ਜਾਣਾ ਸੀ। ਹਾਲਾਂਕਿ ਇਨ੍ਹਾਂ ਸਾਲਾਂ ਦੌਰਾਨ ਸਮੀਰਾ ਦੇ ਬਹੁਤ ਦੋਸਤ ਬਣ ਗਏ ਸਨ ਪਰ ਅੱਜ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਵਿਕਾਸ ਦੇ ਜਾਣ ਮਗਰੋਂ ਉਹ ਇਸ ਸ਼ਹਿਰ ਵਿੱਚ ਇਕੱਲੀ ਰਹਿ ਜਾਵੇਗੀ।
‘‘ਵਿਕਾਸ ਸਰ, ਮੈਂ ਤੁਹਾਨੂੰ ਸਦਾ ਮਿਸ ਕਰਦੀ ਰਹਾਂਗੀ, ਪਲੀਜ਼ ਮੇਰਾ ਫੋਨ ਨੰਬਰ ਕਦੇ ਡਿਲੀਟ ਨਾ ਕਰਿਓ ਤੇ ਮੈਂ ਜਦੋਂ ਵੀ ਤੁਹਾਨੂੰ ਫੋਨ ਕਰਾਂ ਪਲੀਜ਼ ਜ਼ਰੂਰ ਅਟੈਂਡ ਕਰਿਓ। ਮੇਰੀ ਜ਼ਿੰਦਗੀ ’ਚ ਤੁਹਾਡੀ ਸਦਾ ਇੱਕ ਵਿਸ਼ੇਸ਼ ਥਾਂ ਰਹੇਗੀ।’’
ਸਮੀਰਾ ਨੇ ਝਿਜਕਦਿਆਂ ਆਪਣੇ ਦਿਲ ਦੀ ਗੱਲ ਵਿਕਾਸ ਨੂੰ ਕਹਿ ਦਿੱਤੀ।
‘‘ਹਾਂ ਬਿਲਕੁਲ ਸਮੀਰਾ, ਅਸੀਂ ਗੱਲਬਾਤ ਕਰਦੇ ਰਹਾਂਗੇ। ਓਕੇ ਬਾਏ ਟੇਕ ਕੇਅਰ, ਸੀ ਯੂ ਨੈਕਸਟ ਟਾਈਮ।’’
ਵਿਕਾਸ ਉਸ ਨੂੰ ਇਹ ਸ਼ਬਦ ਕਹਿ ਕੇ ਆਪਣੇ ਦੋਸਤ ਦੀ ਗੱਡੀ ਵਿੱਚ ਬਹਿ ਗਿਆ।
ਸਮਾਂ ਆਪਣੀ ਰਫ਼ਤਾਰ ਨਾਲ ਤੁਰਦਾ ਗਿਆ। ਕੁਝ ਸਮਾਂ ਸਮੀਰਾ ਉਸ ਨੂੰ ਫੋਨ ਕਰਦੀ ਰਹੀ, ਫਿਰ ਹੌਲੀ ਹੌਲੀ ਦੋਵੇਂ ਆਪੋ ਆਪਣੇ ਰੁਝੇਵਿਆਂ ’ਚ ਉਲਝ ਗਏ ਤੇ ਵਿਕਾਸ ਨੂੰ ਸਮੀਰਾ ਦੀਆਂ ਕਾਲਾਂ ਆਉਣੀਆਂ ਘਟਦੀਆਂ ਘਟਦੀਆਂ ਬੰਦ ਹੋ ਗਈਆਂ।
ਵਿਕਾਸ ਵੀ ਇਸ ਦੋਸਤੀ ਨੂੰ ਜ਼ਿੰਦਗੀ ਵਿੱਚ ਕੁਝ ਸਮੇਂ ਲਈ ਆ ਕੇ ਚਲੇ ਜਾਣ ਵਾਲੇ ਦੋਸਤਾਂ ਵਾਲੀ ਹੀ ਸਮਝਦਾ ਸੀ। ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ, ਜਿਸ ਮਗਰੋਂ ਹੁਣ ਉਹ ਕਾਫ਼ੀ ਰੁਝੇਵਿਆਂ ਵਿੱਚ ਫਸ ਗਿਆ ਸੀ। ਤਕਰੀਬਨ ਸਾਲ ਕੁ ਬਾਅਦ ਵਿਕਾਸ ਦੇ ਫੋਨ ’ਤੇ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ। ਉਸ ਨੇ ਕਾਲ ਰਿਸੀਵ ਕੀਤੀ ਤਾਂ ਅੱਗੋਂ ਇੱਕ ਕੰਬਦੀ ਜਿਹੀ ਆਵਾਜ਼ ਸੁਣਾਈ ਦਿੱਤੀ, ‘‘ਹੈਲੋ… ਵਿਕਾਸ ਸਰ, ਮੈਂ ਸਮੀਰਾ… ਸਰ।’’
‘‘ਹਾਂ ਹਾਂ ਸਮੀਰਾ, ਕੀ ਹੋਇਆ? ਤੂੰ ਇੰਨੀ ਘਬਰਾਈ ਹੋਈ ਕਿਉਂ ਏਂ?’’
ਕਾਫ਼ੀ ਸਮੇਂ ਬਾਅਦ ਸਮੀਰਾ ਦਾ ਇੰਜ ਆਇਆ ਫੋਨ ਉਸ ਨੂੰ ਹੈਰਾਨ ਕਰ ਰਿਹਾ ਸੀ।
‘‘ਵਿਕਾਸ ਸਰ, ਮੈਂ ਇਸ ਜਹਾਨ ਤੋਂ ਸਦਾ ਲਈ ਜਾ ਰਹੀ ਹਾਂ, ਮੈਂ ਜਾਣ ਤੋਂ ਪਹਿਲਾਂ ਸਿਰਫ਼ ਤੁਹਾਡੇ ਨਾਲ ਹੀ ਗੱਲ ਕਰਨੀ ਚਾਹੁੰਦੀ ਸੀ ਕਿਉਂਕਿ ਮੇਰਾ ਇਸ ਦੁਨੀਆ ਵਿੱਚ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਰਿਹਾ। ਮੈਂ ਚਾਹੁੰਦੀ ਸੀ ਕਿ ਮੈਂ ਤੁਹਾਨੂੰ ਦੱਸ ਜਾਵਾਂ ਕਿ ਮੈਂ ਅੱਜ ਮੌਤ ਨੂੰ ਗਲੇ ਲਾ ਰਹੀ ਹਾਂ। ਤੁਸੀਂ ਮੈਨੂੰ ਮੁਆਫ਼ ਕਰ ਦਿਓ ਕਿਉਂਕਿ ਮੈਂ ਕਾਫ਼ੀ ਦੇਰ ਤੋਂ ਤੁਹਾਨੂੰ ਫੋਨ ਵੀ ਨਹੀਂ ਕੀਤਾ। ਤੁਸੀਂ ਮੇਰੇ ਬਾਰੇ ਇਹ ਹੀ ਸੋਚਦੇ ਹੋਵੋਗੇ ਕਿ ਲੋਕ ਮਤਲਬ ਨਿਕਲਣ ਤੋਂ ਬਾਅਦ ਅਕਸਰ ਭੁੱਲ ਜਾਂਦੇ ਨੇ, ਸਰ ਮੈਂ ਭੁੱਲੀ ਤਾਂ ਨਹੀਂ ਸੀ ਪਰ ਭਟਕ ਜ਼ਰੂਰ ਗਈ ਸੀ।’’
ਸਮੀਰਾ ਜਾਂਦੀ ਵਾਰੀ ਆਪਣਾ ਸਾਰਾ ਦੁੱਖ ਵਿਕਾਸ ਨੂੰ ਦੱਸਣਾ ਚਾਹ ਰਹੀ ਸੀ। ‘‘ਸਮੀਰਾ ਹੋਇਆ ਕੀ ਏ, ਮੈਨੂੰ ਦੱਸ ਤਾਂ ਸਹੀ?’’ ਵਿਕਾਸ ਨੇ ਚਿੰਤਾ ਜ਼ਾਹਿਰ ਕਰਦਿਆਂ ਪੁੱਛਿਆ।
‘‘ਬਸ ਸਰ, ਮੈਂ ਹੁਣ ਜਿਊਣਾ ਨਹੀਂ ਚਾਹੁੰਦੀ। ਆਖ਼ਰੀ ਵਾਰ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ।’’ ਇੰਨੀ ਗੱਲ ਆਖ ਕੇ ਸਮੀਰਾ ਭੁੱਬਾਂ ਮਾਰ ਰੋਣ ਲੱਗ ਪਈ। ‘‘ਤੂੰ ਪਹਿਲਾਂ ਇਹ ਦੱਸ ਕਿ ਇਸ ਵੇਲੇ ਤੂੰ ਹੈਂ ਕਿੱਥੇ?’’ ਵਿਕਾਸ ਨੇ ਬੇਚੈਨੀ ਨਾਲ ਉੱਚੀ ਆਵਾਜ਼ ਵਿੱਚ ਪੁੱਛਿਆ।
‘‘ਸਰ, ਮੈਂ ਇਸ ਵੇਲੇ ਯੂਨੀਵਰਸਿਟੀ ਕੋਲੋਂ ਲੰਘਦੇ ਰੇਲਵੇ ਟਰੈਕ ’ਤੇ ਖੜ੍ਹ ਗੱਡੀ ਦੀ ਉਡੀਕ ਕਰ ਰਹੀ ਹਾਂ।’’ ਇਹ ਆਖਦਿਆਂ ਸਮੀਰਾ ਦਾ ਫਿਰ ਗਲਾ ਭਰ ਆਇਆ।
‘‘ਦੇਖ ਸਮੀਰਾ, ਤੂੰ ਮੈਨੂੰ ਬਸ ਇੱਕ ਮੌਕਾ ਦੇ… ਮੈਂ ਸ਼ਾਮ ਤੱਕ ਤੇਰੇ ਕੋਲ ਪਹੁੰਚ ਜਾਵਾਂਗਾ… ਤੂੰ ਵਾਅਦਾ ਕਰ ਕਿ ਉਦੋਂ ਤੱਕ ਅਜਿਹਾ ਕੁਝ ਨਹੀਂ ਕਰੇਗੀ ਤੇ ਮੇਰੀ ਉਡੀਕ ਕਰੇਂਗੀ। ਤੈਨੂੰ ਮੇਰੀ ਸਹੁੰ… ਤੂੰ ਹੁਣੇ ਆਪਣੇ ਕਮਰੇ ਵੱਲ ਜਾ।’’
ਵਿਕਾਸ ਨੇ ਸਮੀਰਾ ਨੂੰ ਹੌਸਲਾ ਦਿੰਦਿਆਂ ਕਿਹਾ। ਸ਼ਾਮ ਢਲਦਿਆਂ ਵਿਕਾਸ ਸਮੀਰਾ ਦੇ ਕੋਲ ਸੀ। ਉਸ ਨੂੰ ਵੇਖ ਕੇ ਉਹ ਜ਼ਾਰੋ-ਜ਼ਾਰ ਰੋਣ ਲੱਗੀ। ਵਿਕਾਸ ਨੇ ਸਮੀਰਾ ਨੂੰ ਹੌਸਲਾ ਦਿੱਤਾ ਤੇ ਚੁੱਪ ਕਰਾਇਆ। ਉਸ ਨੇ ਹੌਲੀ ਹੌਲੀ ਸਮੀਰਾ ਨੂੰ ਸਹਿਜ ਅਵਸਥਾ ਵਿੱਚ ਲਿਆਂਦਾ ਤੇ ਇੰਨਾ ਵੱਡਾ ਕਦਮ ਚੁੱਕਣ ਪਿਛਲਾ ਕਾਰਨ ਪੁੱਛਿਆ।
ਸਮੀਰਾ ਨੇ ਭਰੇ ਮਨ ਤੇ ਗਲੇ ਨਾਲ ਵਿਕਾਸ ਨੂੰ ਸਾਰੀ ਗੱਲ ਆਖ ਸੁਣਾਈ। ਉਸ ਦੇ ਜਮਾਤੀ ਨੇ ਧੋਖੇ ਨਾਲ ਉਸ ਨੂੰ ਇੱਕ ਹੋਟਲ ਵਿੱਚ ਸੱਦ ਕੇ ਉਸ ਨਾਲ ਜ਼ਬਰਦਸਤੀ ਕੀਤੀ ਸੀ। ਵਿਕਾਸ ਇਹ ਸਭ ਸੁਣ ਕੇ ਅੰਦਰ ਤੱਕ ਹਿੱਲ ਗਿਆ, ਪਰ ਇਸ ਵੇਲੇ ਸਮੀਰਾ ਨੂੰ ਹੌਸਲਾ ਦੇਣਾ ਬਹੁਤ ਜ਼ਰੂਰੀ ਸੀ। ਲੱਗਦਾ ਸੀ, ਜਿਵੇਂ ਸਮੀਰਾ ਨੇ ਸਾਰੇ ਦਿਨ ਦਾ ਕੁਝ ਨਹੀਂ ਸੀ ਖਾਧਾ। ਉਸ ਨੇ ਸਮੀਰਾ ਦਾ ਸਿਰ ਪਲੋਸਦਿਆਂ ਉਸ ਨੂੰ ਸ਼ਾਂਤ ਕੀਤਾ ਤੇ ਕੁਝ ਖਾਣ ਨੂੰ ਦਿੱਤਾ। ਸਮੀਰਾ ਨੇ ਜੋ ਝੱਲਿਆ ਸੀ, ਉਹ ਬਹੁਤ ਖ਼ੌਫ਼ਨਾਕ ਸੀ ਜਿਸ ਕਰਕੇ ਉਸ ਦੀ ਮਾਨਸਿਕ ਹਾਲਤ ਇਸ ਵੇਲੇ ਠੀਕ ਨਹੀਂ ਸੀ। ਖਾਣਾ ਖਾ ਕੇ ਉਸ ਨੂੰ ਕੁਝ ਨੀਂਦ ਆ ਗਈ। ਵਿਕਾਸ ਕੋਲ ਬੈਠਾ ਕਾਫ਼ੀ ਦੇਰ ਸੋਚਦਾ ਰਿਹਾ। ਉਹ ਜਾਣਦਾ ਸੀ ਕਿ ਸਮੀਰਾ ਨਾਲ ਜੋ ਹੋਇਆ ਹੈ, ਉਸ ਮੁਆਫ਼ੀ ਯੋਗ ਨਹੀਂ ਸੀ ਤੇ ਇਸ ਲਈ ਉਨ੍ਹਾਂ ਨੂੰ ਲੰਮੀ ਲੜਾਈ ਵੀ ਲੜਨੀ ਪੈ ਸਕਦੀ ਹੈ।
ਮਨ ਵਿੱਚ ਪੱਕਾ ਨਿਸ਼ਚਾ ਕਰਕੇ ਉਸ ਨੇ ਸਮੀਰਾ ਨੂੰ ਨਾਲ ਲਿਆ ਤੇ ਥਾਣੇ ਜਾ ਕੇ ਐੱਫ ਆਈ ਆਰ ਦਰਜ ਕਰਵਾ ਦਿੱਤੀ। ਮੈਡੀਕਲ ਹੋਣ ਮਗਰੋਂ ਪੁਸ਼ਟੀ ਦੀ ਰਿਪੋਰਟ ਆਈ ਤਾਂ ਵਿਕਾਸ ਨੇ ਆਪਣੇ ਕੁਝ ਪੁਰਾਣੇ ਸਾਥੀ ਡਾਕਟਰਾਂ ਤੇ ਨਵੇਂ ਵਿਦਿਆਰਥੀਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਨਾਲ ਗੱਲ ਕੀਤੀ ਤੇ ਦਬਾਅ ਬਣਾ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।
ਚੱਲਦੇ ਮੁਕੱਦਮੇ ਦੌਰਾਨ ਸਮੀਰਾ ਅਤੇ ਵਿਕਾਸ ਨੂੰ ਸਮਝੌਤੇ ਲਈ ਨਿੱਤ ਦਿਨ ਕਈ ਪੇਸ਼ਕਸ਼ਾਂ ਆਉਂਦੀਆਂ ਰਹੀਆਂ। ਜਦੋਂ ਉਹ ਨਾ ਮੰਨੇ ਤਾਂ ਫਿਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਕਾਫ਼ੀ ਧਮਕੀਆਂ ਵੀ ਆਈਆਂ ਪਰ ਵਿਕਾਸ ਦੇ ਸਹਾਰੇ ਕਰਕੇ ਸਮੀਰਾ ਟੱਸ ਤੋਂ ਮੱਸ ਨਾ ਹੋਈ। ਉਨ੍ਹਾਂ ਦੋਵਾਂ ਨੇ ਦੋਸ਼ੀ ਨੂੰ ਸਜ਼ਾ ਕਰਵਾ ਕੇ ਹੀ ਦਮ ਲਿਆ, ਜਿਸ ਦੇ ਚਰਚੇ ਅਖ਼ਬਾਰਾਂ ਵਿੱਚ ਵੀ ਬਹੁਤ ਪੜ੍ਹੇ-ਸੁਣੇ ਗਏ
ਅੱਜ ਸਮੀਰਾ ਉਸੇ ਥਾਂ ’ਤੇ ਖੜ੍ਹੀ ਸੀ ਜਿੱਥੇ ਵਿਕਾਸ ਨੂੰ ਪਹਿਲੀ ਵਾਰ ਮਿਲੀ ਸੀ। ਅੱਜ ਉਸ ਨੂੰ ਵਿਕਾਸ ਦਾ ਦੂਰ ਜਾਣਾ ਬਹੁਤ ਔਖਾ ਲੱਗ ਰਿਹਾ ਸੀ। ਅੱਜ ਉਹ ਵਿਕਾਸ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦੇਣਾ ਚਾਹੁੰਦੀ ਸੀ ਪਰ ਉਹ ਉਸ ਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਆਪਣੇ ਆਪ ਵਿੱਚ ਹੀਣੀ ਮਹਿਸੂਸ ਕਰ ਰਹੀ ਸੀ।
‘‘ਸਮੀਰਾ, ਤੇਰਾ ਕੋਰਸ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਤੇਰਾ ਇਸ ਸ਼ਹਿਰ ਵਿੱਚ ਰਹਿਣਾ ਠੀਕ ਨਹੀਂ ਹੈ। ਤੇਰੀ ਜਾਨ ਨੂੰ ਖ਼ਤਰਾ ਵੀ ਹੋ ਸਕਦਾ ਹੈ ਕਿਉਂਕਿ ਅਸੀਂ ਦੋਸ਼ੀ ਨੂੰ ਤਾਂ ਜੇਲ੍ਹ ਅੰਦਰ ਭਿਜਵਾ ਦਿੱਤਾ ਹੈ ਪਰ ਉਹ ਆਪਣੇ ਸਾਥੀਆਂ ਕੋਲੋਂ ਕੁਝ ਵੀ ਕਰਵਾ ਸਕਦਾ ਹੈ।’’
ਵਿਕਾਸ ਨੇ ਸਮੀਰਾ ਨੂੰ ਆਉਣ ਵਾਲੇ ਖ਼ਤਰੇ ਤੋਂ ਸਾਵਧਾਨ ਕੀਤਾ। ‘‘ਪਰ, ਸਰ ਮੈਂ ਹੁਣ ਜਾਵਾਂਗੀ ਵੀ ਕਿੱਥੇ? ਕਿਉਂਕਿ ਮੇਰੇ ਮੰਮੀ ਦੀ ਵੀ ਡੈੱਥ ਹੋ ਚੁੱਕੀ ਹੈ ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਸੀ ਜੋ ਮੇਰੀ ਬਹੁਤ ਭਾਰੀ ਗ਼ਲਤੀ ਸੀ ਕਿਉਂਕਿ ਮੈਂ ਉਸ ਵਕਤ ਕਿਸੇ ਹੋਰ ਹੀ ਦੁਨੀਆ ਵਿੱਚ ਸੀ।’’
ਸਮੀਰਾ ਦੀਆਂ ਅੱਖਾਂ ਸ਼ਰਮਿੰਦਗੀ ਨਾਲ ਨੀਵੀਆਂ ਹੋ ਗਈਆਂ। ‘‘ਆਂਟੀ ਜੀ ਦਾ ਤੇਰਾ ਸਾਥ ਛੱਡ ਕੇ ਜਾਣ ਦਾ ਮੈਨੂੰ ਬਹੁਤ ਦੁੱਖ ਹੈ ਪਰ ਇਹ ਉਸ ਪ੍ਰਮਾਤਮਾ ਦਾ ਹੁਕਮ ਹੁੰਦਾ ਹੈ ਜਿਸ ਨੂੰ ਕੋਈ ਵੀ ਨਹੀਂ ਟਾਲ ਸਕਦਾ। ਸਮੀਰਾ, ਤੂੰ ਹੁਣ ਮੇਰੇ ਨਾਲ ਮੇਰੇ ਘਰ ਜਾਵੇਂਗੀ ਤੇ ਮੇਰੇ ਘਰ ਵਿੱਚ ਹੀ ਰਹੇਂਗੀ ਕਿਉਂਕਿ ਪਹਿਲਾਂ ਮੈਂ ਇੱਕ ਭੈਣ ਦਾ ਭਰਾ ਸੀ ਤੇ ਹੁਣ ਮੈਂ ਦੋ ਭੈਣਾਂ ਦਾ ਭਰਾ ਬਣ ਕੇ ਆਪਣੇ ਆਪ ਨੂੰ ਹੋਰ ਵੱਡਾ ਮਹਿਸੂਸ ਕਰਾਂਗਾ।’’
ਵਿਕਾਸ ਨੇ ਆਪਣਾ ਫਰਜ਼ ਨਿਭਾਉਂਦਿਆਂ ਧਰਮ ਦੇ ਇੱਕ ਰਿਸ਼ਤੇ ਦੀ ਬੁਨਿਆਦ ਰੱਖ ਦਿੱਤੀ।
ਸਮੀਰਾ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੇ ਚਿਰਾਂ ਤੋਂ ਬਣੇ ਕੱਚੇ ਰਿਸ਼ਤਿਆਂ ਦੇ ਸਾਰੇ ਮਹਿਲ ਢਾਹ ਦਿੱਤੇ ਅਤੇ ਉਸ ਦੀਆਂ ਅੱਖਾਂ ਵਿੱਚੋਂ ਵਿਕਾਸ ਦੇ ਹੱਥਾਂ ’ਤੇ ਡਿੱਗੇ ਹੰਝੂਆਂ ਦੇ ਤੁਪਕਿਆਂ ਨੇ ਇੱਕ ਪਵਿੱਤਰ ਰਿਸ਼ਤੇ ਦੀ ਤਸਵੀਰ ਬਣਾ ਦਿੱਤੀ।
ਯਾਦਾਂ ਦੇ ਸਾਗਰ ਵਿੱਚ ਗੋਤੇ ਖਾਂਦਿਆਂ ਸਮੀਰਾ ਨੂੰ ਪਤਾ ਹੀ ਨਾ ਲੱਗਾ ਕਿ ਘਰ ਦੇ ਸਾਰੇ ਜੀਅ ਤਿਆਰ ਹੋ ਕੇ ਬਾਹਰ ਖੜ੍ਹੇ ਉਸ ਨੂੰ ਉਡੀਕ ਰਹੇ ਸਨ। ਉਹ ਉਦੋਂ ਇਕਦਮ ਤ੍ਰਭਕ ਕੇ ਉੱਠੀ ਜਦੋਂ ਵਿਕਾਸ ਦੇ ਵੱਡੇ ਬੇਟੇ ਬਬਲੂ ਨੇ ਕੋਲ ਆ ਕੇ ਕਿਹਾ, ‘‘ਭੂਆ ਜੀ, ਕੀ ਕਰ ਰਹੇ ਹੋ? ਆਓ ਚੱਲੀਏ ਹੁਣ, ਬਾਹਰ ਮੰਮਾ ਤੇ ਸ਼ੈਂਪੀ ਗੱਡੀ ਵਿੱਚ ਬੈਠੇ ਤੁਹਾਡੀ ਹੀ ਉਡੀਕ ਕਰ ਰਹੇ ਨੇ। ਅਸੀਂ ਕਾਫ਼ੀ ਲੇਟ ਹੋ ਗਏ ਹਾਂ, ਅਸੀਂ ਸ਼ੈਂਪੀ ਨੂੰ ਛੱਡ ਕੇ ਵਾਪਸ ਵੀ ਮੁੜਨਾ ਏ।’’ ਸਮੀਰਾ ਵਕਤੋਂ ਪਹਿਲਾਂ ਭਰੇ ਪਰਿਵਾਰ ਨੂੰ ਸਦਾ ਲਈ ਛੱਡ ਕੇ ਤੁਰ ਗਏ ਆਪਣੇ ਧਰਮ ਭਰਾ ਵਿਕਾਸ ਦੀ ਛੋਟੀ ਧੀ ਸ਼ੈਂਪੀ ਨੂੰ ਪਰਿਵਾਰ ਸਮੇਤ ਅੱਜ ਉਸੇ ਮੈਡੀਕਲ ਯੂਨੀਵਰਸਿਟੀ ਵਿੱਚ ਐੱਮ ਬੀ ਬੀ ਐੱਸ ਦਾ ਕੋਰਸ ਕਰਨ ਲਈ ਛੱਡਣ ਜਾਣ ਲੱਗਿਆਂ ਉਸ ਯੂਨੀਵਰਸਿਟੀ ਨਾਲ ਜੁੜੀਆਂ ਆਪਣੀਆਂ ਅਤੇ ਵਿਕਾਸ ਦੀਆਂ ਯਾਦਾਂ ਵਿੱਚ ਵਹਿੰਦਿਆਂ ਰੁਮਾਲ ਨਾਲ ਆਪਣੀਆਂ ਅੱਖਾਂ ਪੂੰਝਦੀ ਗੱਡੀ ਵਿੱਚ ਬਹਿੰਦਿਆਂ ਹਉਕਾ ਭਰਦਿਆਂ ਬੋਲੀ, ‘‘ਵੀਰਾ, ਕਿੰਨਾ ਚੰਗਾ ਲੱਗਦਾ ਜੇ ਅੱਜ ਤੂੰ ਵੀ ਸਾਰੇ ਪਰਿਵਾਰ ਨਾਲ ਹੁੰਦਾ।’’
ਪਵਿੱਤਰ ਰਿਸ਼ਤਾ

