11.4 C
Vancouver
Saturday, May 9, 2026

ਪੁਰਾਣਾ ਵਿਸ਼ਵ ਪ੍ਰਬੰਧ ਖਤਮ, ਹੁਣ ਅਮਰੀਕਾ ‘ਤੇ ਨਿਰਭਰਤਾ ਘਟਾਉਣ ਦੀ ਲੋੜ : ਮਾਰਕ ਕਾਰਨੀ

ਸਰੀ, (ਏਕਜੋਤ ਸਿੰਘ): ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ ਵਿੱਚ ਚੱਲ ਰਹੇ ਵਿਸ਼ਵ ਆਰਥਿਕ ਫੋਰਮ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਬੁੱਧਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਦੀ ਹੋਂਦ ਨੂੰ ਸਿੱਧੇ ਤੌਰ ‘ਤੇ ਅਮਰੀਕਾ ਦੀ ਦੇਣ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਕਾਰਨੀ ‘ਤੇ ਤਿੱਖੇ ਹਮਲੇ ਕੀਤੇ। ਟਰੰਪ ਦਾ ਇਹ ਗੁੱਸਾ ਕਾਰਨੀ ਦੇ ਉਸ ਭਾਸ਼ਣ ਤੋਂ ਬਾਅਦ ਫੁੱਟਿਆ ਜਿਸ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵੱਡੀਆਂ ਤਾਕਤਾਂ ਵੱਲੋਂ ਕੀਤੀ ਜਾਂਦੀ “ਧੱਕੇਸ਼ਾਹੀ” ਅਤੇ “ਆਰਥਿਕ ਦਬਾਅ” ਦੀ ਨਿੰਦਾ ਕੀਤੀ ਸੀ। ਟਰੰਪ ਨੇ ਭਰੇ ਇਕੱਠ ਵਿੱਚ ਕਿਹਾ, “ਕੈਨੇਡਾ ਅਮਰੀਕਾ ਕਰਕੇ ਹੀ ਜਿਉਂਦਾ ਹੈ। ਕੈਨੇਡਾ ਸਾਡੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਮੁਫ਼ਤ ਲੈਂਦਾ ਹੈ, ਖਾਸ ਕਰਕੇ ਸੁਰੱਖਿਆ, ਪਰ ਉਹ ਇਸ ਲਈ ਬਿਲਕੁਲ ਵੀ ਧੰਨਵਾਦੀ ਨਹੀਂ ਹਨ।”
ਟਰੰਪ ਨੇ ਆਪਣੇ ਪ੍ਰਸਤਾਵਿਤ ‘ਗੋਲਡਨ ਡੋਮ’ (Golden Dome) ਮਿਜ਼ਾਈਲ ਡਿਫੈਂਸ ਸਿਸਟਮ ਦਾ ਜ਼ਿਕਰ ਕਰਦਿਆਂ ਗ੍ਰੀਨਲੈਂਡ ਨੂੰ ਅਮਰੀਕਾ ਅਧੀਨ ਲੈਣ ਦੀ ਵਕਾਲਤ ਕੀਤੀ। ਉਨ੍ਹਾਂ ਦਲੀਲ ਦਿੱਤੀ ਕਿ ਇਹ ਇਲਾਕਾ ਉੱਤਰੀ ਅਮਰੀਕਾ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਟਰੰਪ ਮੁਤਾਬਕ, ਭੂਗੋਲਿਕ ਸਥਿਤੀ ਕਾਰਨ ਇਹ ਡਿਫੈਂਸ ਸਿਸਟਮ ਕੈਨੇਡਾ ਨੂੰ ਵੀ ਸੁਰੱਖਿਆ ਪ੍ਰਦਾਨ ਕਰੇਗਾ, ਪਰ ਕੈਨੇਡਾ ਨਾ ਤਾਂ ਇਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਉਤਸ਼ਾਹ ਦਿਖਾ ਰਿਹਾ ਹੈ ਅਤੇ ਨਾ ਹੀ ਇਸਦੇ ਖਰਚੇ ਵਿੱਚ ਹਿੱਸਾ ਪਾਉਣ ਲਈ ਤਿਆਰ ਹੈ। ਕਾਰਨੀ ਵੱਲੋਂ ਧੰਨਵਾਦ ਨਾ ਕਰਨ ‘ਤੇ ਨਾਰਾਜ਼ਗੀ ਜਤਾਉਂਦਿਆਂ ਟਰੰਪ ਨੇ ਸਿੱਧੀ ਚੇਤਾਵਨੀ ਦਿੱਤੀ, “ਮੈਂ ਕੱਲ੍ਹ ਤੁਹਾਡੇ ਪ੍ਰਧਾਨ ਮੰਤਰੀ ਨੂੰ ਦੇਖਿਆ ਸੀ, ਉਹ ਮੈਨੂੰ ਧੰਨਵਾਦੀ ਨਹੀਂ ਲੱਗੇ। ਮਾਰਕ, ਅਗਲੀ ਵਾਰ ਜਦੋਂ ਤੁਸੀਂ ਕੋਈ ਬਿਆਨ ਦਿਓ ਤਾਂ ਇਹ ਗੱਲ ਜ਼ਰੂਰ ਯਾਦ ਰੱਖਿਓ।”
ਦੂਜੇ ਪਾਸੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਵੇਂ ਆਪਣੇ ਭਾਸ਼ਣ ਵਿੱਚ ਟਰੰਪ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਦਾ ਇਸ਼ਾਰਾ ਸਾਫ ਤੌਰ ‘ਤੇ ਅਮਰੀਕੀ ਦਬਦਬੇ ਵੱਲ ਸੀ। ਮੰਗਲਵਾਰ ਨੂੰ ਬੋਲਦਿਆਂ ਕਾਰਨੀ ਨੇ ਕਿਹਾ ਸੀ ਕਿ ਅੱਜ ਦੇ ਦੌਰ ਵਿੱਚ ਵੱਡੀਆਂ ਤਾਕਤਾਂ ਆਰਥਿਕ ਸਾਂਝ ਨੂੰ ਇੱਕ ਹਥਿਆਰ ਵਜੋਂ ਵਰਤ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡੀਅਨ ਲੋਕ ਹੁਣ ਸਮਝ ਰਹੇ ਹਨ ਕਿ ਸਿਰਫ ਗੁਆਂਢੀ ਹੋਣ ਜਾਂ ਪੁਰਾਣੇ ਫੌਜੀ ਗਠਜੋੜ ਸੁਰੱਖਿਆ ਦੀ ਗਰੰਟੀ ਨਹੀਂ ਦੇ ਸਕਦੇ। ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਇੱਕ ਦੇਸ਼ ਨਾਲ ਬਹੁਤ ਜ਼ਿਆਦਾ ਜੁੜਾਅ ਆਖਰਕਾਰ “ਅਧੀਨਤਾ” (Subordination) ਵਿੱਚ ਬਦਲ ਸਕਦਾ ਹੈ, ਇਸ ਲਈ ਕੈਨੇਡਾ ਨੂੰ ਆਪਣੀ ਨਿਰਭਰਤਾ ਘਟਾਉਣੀ ਪਵੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ