8.2 C
Vancouver
Wednesday, April 29, 2026

ਵੈਨਕੂਵਰ ਕੌਂਸਲ ਵਲੋਂ 20 ਹਜ਼ਾਰ ਘਰਾਂ ਵਾਲੇ 250 ਪ੍ਰੋਜੈਕਟ ਬਚਾਉਣ ਲਈ ਵੱਡੇ ਰਾਹਤ ਪੈਕੇਜ ਨੂੰ ਮਨਜ਼ੂਰੀ

ਡਿਵੈਲਪਮੈਂਟ ਚਾਰਜਾਂ ਵਿੱਚ 20% ਕਟੌਤੀ, ਨਵੇਂ ਰੈਂਟਲ ਇੰਸੈਂਟਿਵ ਵੀ ਕੀਤੇ ਜਾਰੀ

ਵੈਨਕੂਵਰ, (ਏਕਜੋਤ ਸਿੰਘ): ਵੈਨਕੂਵਰ ਸਿਟੀ ਕੌਂਸਲ ਨੇ ਬੁੱਧਵਾਰ ਨੂੰ ਸਟਾਫ਼ ਵੱਲੋਂ ਪੇਸ਼ ਕੀਤੇ ਗਏ ਵੱਡੇ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ 250 ਐਕਟਿਵ ਹਾਊਸਿੰਗ ਅਪਲੀਕੇਸ਼ਨਾਂ ਨੂੰ ਬਚਾਇਆ ਜਾ ਸਕੇਗਾ, ਜਿਨ੍ਹਾਂ ਵਿੱਚ ਕੁੱਲ 20 ਹਜ਼ਾਰ ਤੋਂ ਵੱਧ ਨਵੇਂ ਘਰ ਬਣਨੇ ਹਨ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਉਸਾਰੀ ਖਰਚੇ ਵਧਣ, ਕਰਜ਼ੇ ਮਹਿੰਗੇ ਹੋਣ ਤੇ ਪ੍ਰੀ-ਸੇਲਜ਼ ਟਾਰਗੇਟ ਪੂਰੇ ਨਾ ਹੋਣ ਕਾਰਨ ਬਹੁਤ ਸਾਰੇ ਪ੍ਰੋਜੈਕਟ ਰੱਦ ਹੋਣ ਜਾਂ ਰੁਕਣ ਦੇ ਖ਼ਤਰੇ ਵਿੱਚ ਹਨ।

ਮੇਅਰ ਕੈਨ ਸਿਮ ਨੇ ਬਿਆਨ ਵਿੱਚ ਕਿਹਾ, ”ਵੈਨਕੂਵਰ ਵਿੱਚ ਕਈ ਸਾਲਾਂ ਵਿੱਚ ਸਭ ਤੋਂ ਮੁਸ਼ਕਲ ਉਸਾਰੀ ਹਾਲਾਤ ਹਨ। ਜੇਕਰ ਅਸੀਂ ਲੋਕਾਂ ਲਈ ਸਸਤੇ ਘਰ ਚਾਹੁੰਦੇ ਹਾਂ ਤਾਂ ਸਾਨੂੰ ਡਿਵੈਲਪਮੈਂਟ ਖਰਚੇ ਘਟਾਉਣੇ ਪੈਣਗੇ। ਇਹਨਾਂ ਬਦਲਾਵਾਂ ਨਾਲ ਅਸੀਂ ਜ਼ਰੂਰੀ ਹਾਊਸਿੰਗ ਤੇ ਉਸਾਰੀ ਨੂੰ ਅੱਗੇ ਵਧਾਉਣ ਵਿੱਚ ਮੱਦਦ ਕਰ ਰਹੇ ਹਾਂ ਤੇ ਸ਼ਹਿਰ ਦੇ ਲੰਮੇ ਸਮੇਂ ਦੀ ਸਥਿਰਤਾ ਲਈ ਕੰਮ ਕਰ ਰਹੇ ਹਾਂ।”

ਨਵੀਆਂ ਮਨਜ਼ੂਰ ਹੋਈਆਂ ਨੀਤੀਆਂ ਵਿੱਚ ਡਿਵੈਲਪਮੈਂਟ ਕੌਸਟ ਚਾਰਜਿਜ਼ (ਡੀਸੀਸੀ) ਵਿੱਚ ਅਸਥਾਈ 20 ਫੀਸਦੀ ਕਟੌਤੀ, ਸਕਿਓਰਡ ਮਾਰਕੀਟ ਰੈਂਟਲ ਤੇ ਬਿਲੋ-ਮਾਰਕੀਟ ਹਾਊਸਿੰਗ ਲਈ ਨਵੇਂ ਇੰਸੈਂਟਿਵ, ਰੈਂਟਲ ਡਿਵੈਲਪਮੈਂਟ ਰਿਲੀਫ ਪ੍ਰੋਗਰਾਮ, ਜੋ ਖ਼ਤਰੇ ਵਿੱਚ ਪਏ ਪ੍ਰੋਜੈਕਟਾਂ ਨੂੰ ਮਜ਼ਬੂਤ ਕਰੇਗਾ, ਮਿਡਲ-ਇਨਕਮ ਖਰੀਦਦਾਰਾਂ ਲਈ ਐਟੇਨੇਬਲ ਹੋਮ ਓਨਰਸਪਿ ਪਾਇਲਟ ਪ੍ਰੋਜੈਕਟ, ਅਪਾਰਟਮੈਂਟ ਡਿਜ਼ਾਈਨ ਰੈਗੂਲੇਸ਼ਨਾਂ ਵਿੱਚ ਸੁਧਾਰ (ਸਟੋਰੇਜ, ਨੈਚੁਰਲ ਲਾਈਟ, ਯੂਨਿਟ ਮਿਕਸ ਤੇ ਬਾਲਕਨੀ ਸਪੇਸ ਤੇ ਕੈਪ ਹਟਾਇਆ), ਕਮਿਊਨਿਟੀ ਬੈਨੀਫਿਟ ਐਗਰੀਮੈਂਟ ਵਿੱਚ ਲਚਕਤਾ ਤੇ ਪਬਲਿਕ ਆਰਟ ਕੰਟ੍ਰੀਬਿਊਸ਼ਨ ਲਈ ਵੱਡੇ ਡਿਸਕਾਊਂਟ, ਵੱਡੇ ਪ੍ਰੋਜੈਕਟਾਂ ਲਈ ਡਿਵੈਲਪਮੈਂਟ ਲੈਵੀ ਨੂੰ ਦੋ ਕਿਸ਼ਤਾਂ ਵਿੱਚ ਅਦਾ ਕਰਨ ਦਾ ਵਿਕਲਪ, 2025 ਦੇ ਅਖੀਰ ਤੋਂ ਟ੍ਰਾਂਸਪੋਰਟ ਡਿਮਾਂਡ ਮੈਨੇਜਮੈਂਟ ਪਲਾਨ ਦੀ ਲੋੜ ਖਤਮ ਕਰਨਾ ਸ਼ਾਮਲ ਹੈ।

ਸਿਟੀ ਸਟਾਫ਼ ਨੇ ਦੱਸਿਆ ਕਿ ਜੇਕਰ ਪ੍ਰੋਜੈਕਟ ਰੁਕ ਜਾਂਦੇ ਹਨ ਤਾਂ ਸਿਰਫ਼ ਘਰਾਂ ਦੀ ਸਪਲਾਈ ਹੀ ਨਹੀਂ ਖਤਮ ਹੁੰਦੀ ਬਲਕਿ ਚਾਈਲਡਕੇਅਰ ਸਪੇਸ, ਪਬਲਿਕ ਅਮੈਨਿਟੀਜ਼ ਤੇ ਉਸਾਰੀ ਸੈਕਟਰ ਦੀਆਂ ਨੌਕਰੀਆਂ ਵੀ ਖ਼ਤਰੇ ਵਿੱਚ ਪੈ ਜਾਂਦੀਆਂ ਹਨ। ਇਹ ਨੀਤੀਆਂ ਪਹਿਲਾਂ ਵਾਲੀਆਂ ਹਾਊਸਿੰਗ-ਵਾਇਬਿਲਟੀ ਮੀਜ਼ਰਜ਼ ਤੇ ਬਣਦੀਆਂ ਹਨ ਤੇ ਪਰਮਿਟਿੰਗ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮੱਦਦ ਕਰਨਗੀਆਂ।

ਹਾਊਸਿੰਗ ਐਡਵੋਕੇਟ ਤੇ ਡਿਵੈਲਪਰ ਪਿਛਲੇ ਕਈ ਸਾਲਾਂ ਤੋਂ ਮਿਊਂਸਪਲ ਫੀਸਾਂ ਵਧਾਉਣ ਦੀ ਆਲੋਚਨਾ ਕਰ ਰਹੇ ਸਨ, ਜਿਸ ਨਾਲ ਪ੍ਰੋਜੈਕਟ ਖਰਚੇ ਵਧਦੇ ਗਏ ਤੇ ਆਖਰ ਵਿੱਚ ਇਹ ਖਰਚਾ ਖਰੀਦਦਾਰਾਂ ਤੇ ਕਿਰਾਏਦਾਰਾਂ ਤੇ ਪੈਂਦਾ ਹੈ। ਹੁਣ ਪ੍ਰੋਜੈਕਟ ਦੇ ਕੁੱਲ ਖਰਚੇ ਵਿਕਰੀ ਮੁੱਲ ਤੇ ਕਿਰਾਏ ਤੋਂ ਵੱਧ ਗਏ ਹਨ, ਜਿਸ ਨਾਲ ਬਹੁਤ ਸਾਰੇ ਪ੍ਰੋਜੈਕਟ ਰੁਕ ਗਏ ਹਨ। ਸਿਟੀ ਸਟਾਫ਼ ਨੇ ਕਿਹਾ ਕਿ ਇਹ ਨਵੀਆਂ ਨੀਤੀਆਂ ਬਹੁਤ ਸਾਰੇ ਪ੍ਰੋਜੈਕਟਾਂ ਨੂੰ ਵਿੱਤੀ ਤੌਰ ਤੇ ਵਾਇਬਲ ਬਣਾਉਣ ਲਈ ਕਾਫ਼ੀ ਹੋ ਸਕਦੀਆਂ ਹਨ।

ਮੇਅਰ ਸਿਮ ਨੇ ਕਿਹਾ ਕਿ ਇਹ ਬਦਲਾਵ ਹੁਣੇ ਕੀਤੇ ਗਏ ਹਨ ਤਾਂ ਜੋ ਜ਼ਰੂਰੀ ਹਾਊਸਿੰਗ ਤੇ ਉਸਾਰੀ ਅੱਗੇ ਵਧ ਸਕੇ ਤੇ ਸ਼ਹਿਰ ਦੀ ਲੰਮੀ ਮਿਆਦ ਦੀ ਸਥਿਰਤਾ ਬਣ ਸਕੇ। ਸਿਟੀ ਕੌਂਸਲ ਨੇ ਸਟਾਫ਼ ਦੀਆਂ ਸਿਫਾਰਸ਼ਾਂ ਨੂੰ ਕੁਝ ਸੋਧਾਂ ਨਾਲ ਪਾਸ ਕੀਤੀਆਂ ਹਨ। ਸਟਾਫ਼ ਇਹਨਾਂ ਅਸਥਾਈ ਰਾਹਤਾਂ ਤੇ ਨਿਗਰਾਨੀ ਰੱਖੇਗਾ ਤੇ 2026 ਵਿੱਚ ਲੰਮੇ ਸਮੇਂ ਦੀਆਂ ਫਾਈਨੈਂਸਿੰਗ ਤੇ ਇਨਕਲੂਜ਼ਨਰੀ ਜ਼ੋਨਿੰਗ ਅਪਡੇਟਸ ਨਾਲ ਸਬੰਧਤ ਸਿਫਾਰਸ਼ਾਂ ਲਿਆਵੇਗਾ।

ਇਹ ਕਦਮ ਵੈਨਕੂਵਰ ਵਿੱਚ ਹਾਊਸਿੰਗ ਸਪਲਾਈ ਨੂੰ ਬਣਾਈ ਰੱਖਣ ਲਈ ਮਹੱਤਵਪੂਰਨ ਹਨ ਕਿਉਂਕਿ ਮਾਰਕੀਟ ਸਾਈਕਲ ਹਨ ਤੇ ਭਵਿੱਖ ਵਿੱਚ ਮੰਗ ਵਧੇਗੀ। ਜੇਕਰ ਪ੍ਰੋਜੈਕਟ ਰੁਕ ਗਏ ਤਾਂ ਸਪਲਾਈ ਘਾਟ ਨਾਲ ਐਫੋਰਡੇਬਿਲਟੀ ਸੰਕਟ ਹੋਰ ਵਧੇਗਾ। ਸਿਟੀ ਨੇ ਇਸ ਨਾਲ ਪਹਿਲਾਂ ਵਾਲੀਆਂ ਨੀਤੀਆਂ ਨੂੰ ਮਜ਼ਬੂਤ ਕੀਤਾ ਹੈ ਤੇ ਪਰਮਿਟਿੰਗ ਪ੍ਰਕਿਰਿਆ ਨੂੰ ਸੌਖਾ ਬਣਾਇਆ ਹੈ।

ਵੈਨਕੂਵਰ ਹਾਊਸਿੰਗ ਕਰਾਈਸਿਸ ਨੂੰ ਹੱਲ ਕਰਨ ਲਈ ਲਗਾਤਾਰ ਕੋਸਸ਼ਿਾਂ ਕਰ ਰਿਹਾ ਹੈ ਤੇ ਇਹ ਨਵੇਂ ਉਪਾਅ ਡਿਵੈਲਪਰਾਂ ਨੂੰ ਪ੍ਰੋਜੈਕਟ ਅੱਗੇ ਵਧਾਉਣ ਵਿੱਚ ਮੱਦਦ ਕਰਨਗੇ। ਇਹ ਫੈਸਲਾ ਖੇਤਰ ਵਿੱਚ ਹਾਊਸਿੰਗ ਸਪਲਾਈ ਬਣਾਈ ਰੱਖਣ ਤੇ ਅਰਥਵਿਵਸਥਾ ਨੂੰ ਸਮਰਥਨ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ