ਵੈਨਕੂਵਰ, (ਏਕਜੋਤ ਸਿੰਘ): ਟੋਰਾਂਟੋ ਅਤੇ ਹੈਮਿਲਟਨ ਵਿੱਚ ਬੁੱਧਵਾਰ ਸਵੇਰ ਤੋਂ ਹੋ ਰਹੀ ਬਰਫ਼ਬਾਰੀ ਕਾਰਨ ਕਾਰਨ ਸੜਕਾਂ ਬਹੁਤ ਫਿਸਲਨ ਭਰੀਆਂ ਹੋ ਗਈਆਂ ਹਨ। ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਮੁਤਾਬਕ ਬੁੱਧਵਾਰ ਸਵੇਰ ਤੋਂ ਹੁਣ ਤੱਕ ਗ੍ਰੇਟਰ ਟੋਰਾਂਟੋ ਤੇ ਹੈਮਿਲਟਨ ਖੇਤਰ ਵਿੱਚ 150 ਤੋਂ ਵੱਧ ਟਰੈਫਿਕ ਹਾਦਸੇ ਦਰਜ ਕੀਤੇ ਜਾ ਚੁੱਕੇ ਹਨ। ਤੇ ਇਹ ਅੰਕੜਾ ਵੱਧਦਾ ਜਾ ਰਿਹਾ ਹੈ।
ਪੁਲਿਸ ਨੇ ਲੋਕਾਂ ਨੂੰ ਸਪੱਸ਼ਟ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਯਾਤਰਾ ਜ਼ਰੂਰੀ ਨਹੀਂ ਤਾਂ ਘਰੋਂ ਬਾਹਰ ਨਾ ਨਿਕਲੋ। ਟੋਅ-ਟਰੱਕਾਂ ਤੇ ਰੋਡਸਾਈਡ ਸਹਾਇਤਾ ਵਿੱਚ ਭਾਰੀ ਦੇਰੀ ਹੋ ਰਹੀ ਹੈ। ਓਪੀਪੀ ਨੇ ਸੋਸ਼ਲ ਮੀਡੀਆ ਤੇ ਲਿਖਿਆ, ”ਮੌਸਮ ਪ੍ਰਣਾਲੀ ਪੂਰੀ ਤਰ੍ਹਾਂ ਲੰਘ ਜਾਣ ਤੱਕ ਗੈਰ-ਜ਼ਰੂਰੀ ਮੁਲਾਕਾਤਾਂ ਟਾਲ ਦਿਓ।”
ਇਨ੍ਹਾਂ ਹਾਦਸਿਆਂ ਵਿੱਚ ਇੱਕ ਵੱਡਾ ਹਾਦਸਾ ਟੋਰਾਂਟੋ ਦੇ ਨਾਮੀ ਯਾਰਕਵਿਲ ਇਲਾਕੇ ਵਿੱਚ ਵਾਪਰਿਆ ਜਿੱਥੇ ਸਵੇਰੇ ਲਗਭਗ 10:20 ਵਜੇ ਇੱਕ ਪੁਲਿਸ ਕਰੂਜ਼ਰ ਟ੍ਰੈਫਿਕ ਲਾਈਟ ਖੰਭੇ ਨਾਲ ਟਕਰਾ ਗਈ। ਹੁਣ ਤੱਕ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਆਈ।
ਸਿਟੀ ਆਫ਼ ਟੋਰਾਂਟੋ ਨੇ ਦੱਸਿਆ ਕਿ ਸ਼ਾਮ ਨੂੰ ਬਰਫ਼ਬਾਰੀ ਮੁੜ ਸ਼ੁਰੂ ਹੋਵੇਗੀ ਤੇ ਸੜਕਾਂ ਤੇ ਫੁੱਟਪਾਥ ਫਿਰ ਤੋਂ ਫਿਸਲਨ ਭਰੇ ਹੋ ਜਾਣਗੇ। ਇਸ ਲਈ ਸਾਲਟਿੰਗ ਤੇ ਪਲਾਊਇੰਗ ਦਾ ਕੰਮ ਲਗਾਤਾਰ ਜਾਰੀ ਰਹੇਗਾ।
ਖ਼ਾਸ ਗੱਲ ਇਹ ਹੈ ਕਿ ਰਾਤ ਬਰਫ਼ ਜੰਮਣ ਕਾਰਨ ਬਹੁਤ ਖ਼ਤਰਨਾਕ ਹਾਲਤ ਪੈਦਾ ਹੋ ਸਕਦੇ ਹਨ, ਇਸ ਲਈ ਸ਼ਹਿਰ ਨੇ ਫੈਸਲਾ ਕੀਤਾ ਹੈ ਕਿ ਨਿਵਾਸੀ ਗਲੀਆਂ ਵਿੱਚ ਵੀ ਪਲਾਊਇੰਗ ਕੀਤੀ ਜਾਵੇਗੀ, ਭਾਵੇਂ ਆਮ ਤੌਰ ਤੇ ਉੱਥੇ ਇੰਨੀ ਬਰਫ਼ਬ ਨਾ ਵੀ ਪਈ ਹੋਵੇ। ਸਿਟੀ ਨੇ ਲੋਕਾਂ ਤੋਂ ਧੀਰਜ ਰੱਖਣ ਦੀ ਅਪੀਲ ਕੀਤੀ ਹੈ ਕਿਉਂਕਿ ਇਹਕਾਮ ਪੂਰਾ ਸਮਾਂ ਲੱਗੇਗਾ।
ਇਨਵਾਇਰਨਮੈਂਟ ਕੈਨੇਡਾ ਨੇ ਦੱਖਣੀ ਓਂਟਾਰੀਓ ਲਈ ਪੀਲਾ (ਯੈਲੋ) ਸਨੋਫਾਲ ਅਲਰਟ ਜਾਰੀ ਕੀਤਾ ਹੈ। 10 ਤੋਂ 15 ਸੈਂਟੀਮੀਟਰ ਬਰਫ਼ ਪੈਣ ਦੀ ਸੰਭਾਵਨਾ ਹੈ। ਲੇਕ ਓਂਟਾਰੀਓ ਦੇ ਕੰਢੇ ਵਾਲੇ ਇਲਾਕਿਆਂ ਵਿੱਚ ਕਈ ਥਾਵਾਂ ਤੇ ਬਰਫ਼ ਤੇ ਮੀਂਹ ਦਾ ਮਿਸ਼ਰਣ ਵੀ ਪੈ ਸਕਦਾ ਹੈ। ਨਵੇਂ ਕਲਰ-ਕੋਡਿਡ ਸਿਸਟਮ ਅਨੁਸਾਰ ਪੀਲਾ ਅਲਰਟ ਮਤਲਬ ਹੈ ਕਿ ਮੌਸਮ ਖ਼ਤਰਨਾਕ ਹੋ ਸਕਦਾ ਹੈ ਤੇ ਛੋਟੇ ਪੱਧਰ ਤੇ ਵਿਘਨ ਪੈ ਸਕਦਾ ਹੈ।
ਮੌਸਮ ਵਿਭਾਗ ਤੇ ਪੁਲਿਸ ਦੋਵੇਂ ਇੱਕੋ ਸੁਨੇਹਾ ਦੇ ਰਹੇ ਹਨ: ਅੱਜ ਦਾ ਦਿਨ ਗੈਰ-ਜ਼ਰੂਰੀ ਯਾਤਰਾ ਤੋਂ ਬਚੋ, ਜਿੱਥੇ ਸੰਭਵ ਹੋਵੇ ਟਰਾਂਜਟਿ ਵਰਤੋ ਜਾਂ ਘਰ ਰਹੋ ਜਦੋਂ ਤੱਕ ਹਾਲਤ ਸੁਧਰ ਨਾ ਨਹੀਂ ਜਾਂਦੇ। This report was written by Ekjot Singh as part of the Local Journalism Initiative.

