18.8 C
Vancouver
Monday, May 25, 2026

ਬੈਂਕ ਆਫ਼ ਕੈਨੇਡਾ ਦੇ ਟੀਚੇ ਉੱਤੇ ਸਵਾਲ, ਅਰਥਵਿਵਸਥਾ ਵਿਚ ਮੰਦੀ ਦੇ ਸੰਕੇਤ

ਅਮਰੀਕੀ ਸਰਕਾਰ ਬੰਦ ਹੋਣ ਦਾ ਕੈਨੇਡਾ ਦੀ ਵਪਾਰ ‘ਤੇ ਪਿਆ ਡੂੰਘਾ ਅਸਰ, ਰਿਟੇਲ ਵਿਕਰੀ ਡਿੱਗੀ, ਆਰਥਿਕ ਰਫ਼ਤਾਰ ਹੋਈ ਹੌਲੀ
ਸਰੀ, (ਏਕਜੋਤ ਸਿੰਘ): ਕੈਨੇਡਾ ਦੀ ਤੀਜੀ ਤਿਮਾਹੀ ਦੀ ਆਰਥਿਕ ਵਾਧਾ ਦਰ ਸੰਭਵ ਹੈ ਕਿ Bank of Canada ਦੇ ਅਨੁਮਾਨਾਂ ਅਨੁਸਾਰ ਨਾ ਹੋ ਸਕੇ। ਕਈ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਅਰਥਵਿਵਸਥਾ ਸਾਲ ਦੇ ਅੰਤ ਤੱਕ ਆਪਣੀ ਰਫ਼ਤਾਰ ਤਾਂ ਬਣਾਏਗੀ, ਪਰ ਇਹ ਵਾਧਾ ਉਮੀਦਾਂ ਤੋਂ ਕਾਫ਼ੀ ਕਮਜ਼ੋਰ ਰਹਿ ਸਕਦਾ ਹੈ।
Statistics Canada ਸ਼ੁੱਕਰਵਾਰ ਨੂੰ ਸਤੰਬਰ ਮਹੀਨੇ ਦਾ ਕੁੱਲ ਘਰੇਲੂ ਉਤਪਾਦ ਯਾਨੀ ਜੀ ਡੀ ਪੀ ਡਾਟਾ ਜਾਰੀ ਕਰੇਗੀ। ਇਸਦੇ ਨਾਲ ਹੀ ਅਕਤੂਬਰ ਮਹੀਨੇ ਦਾ ਅਗਾਊ ਅੰਦਾਜ਼ਾ ਅਤੇ ਤੀਜੀ ਤਿਮਾਹੀ ਦੇ ਪੂਰੇ ਅੰਕੜੇ ਵੀ ਸਾਹਮਣੇ ਆਉਣਗੇ। ਮਾਹਿਰਾਂ ਦਾ ਅਨੁਮਾਨ ਹੈ ਕਿ ਕਮਜ਼ੋਰ ਆਰਥਿਕ ਡਾਟਾ, ਅਮਰੀਕਾ ਵਿਚ ਸਰਕਾਰੀ ਬੰਦ ਅਤੇ ਪਿਛਲੇ ਮਹੀਨਿਆਂ ਦੇ ਬੇਹੱਦ ਆਸ਼ਾਵਾਦੀ ਅੰਦਾਜਅਿਾਂ ਕਾਰਨ ਬੈਂਕ ਆਫ ਕੈਨੇਡਾ ਦੀ 0.5 ਫੀਸਦੀ ਤਿਮਾਹੀ ਵਾਧਾ ਦਰ ਨੂੰ ਪੂਰਾ ਕਰਨਾ ਮੁਸ਼ਕਲ ਹੋ ਸਕਦਾ ਹੈ।
ਬੈਂਕ ਆਫ ਕੈਨੇਡਾ ਨੇ ਆਪਣੀ ਅਕਤੂਬਰ ਦੀ ਮੋਨਿਟਰੀ ਪਾਲਿਸੀ ਰਿਪੋਰਟ ਵਿਚ ਕਿਹਾ ਸੀ ਕਿ ਉਹ ਚੌਥੀ ਤਿਮਾਹੀ ਵਿਚ ਜੀ ਡੀ ਪੀ ਨੂੰ ਸਾਲਾਨਾ ਅਧਾਰ ਉੱਤੇ 1 ਫੀਸਦੀ ਦੇ ਨੇੜੇ ਵਧਣ ਦੀ ਉਮੀਦ ਕਰ ਰਿਹਾ ਹੈ। ਪਰ ਰੋਜ਼ਨਬਰਗ ਰਿਸਰਚ ਐਂਡ ਅਸੋਸੀਏਟਸ ਦੇ ਪ੍ਰਧਾਨ ਡੇਵਿਡ ਰੋਜ਼ਨਬਰਗ ਨੇ ਕਿਹਾ ਹੈ ਕਿ ਮੌਜੂਦਾ ਹਾਲਾਤ ਦੇਖਦੇ ਹੋਏ ਇਹ ਅਨੁਮਾਨ ਕਾਫ਼ੀ ਕਮਜ਼ੋਰ ਦਿਸਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਪਹਿਲਾਂ ਹੀ ਬਿਆਜ ਦਰਾਂ ਨੂੰ 2024 ਵਿਚ 5 ਫੀਸਦੀ ਤੋਂ ਘਟਾ ਕੇ 2.25 ਫੀਸਦੀ ਤੱਕ ਲਿਆ ਚੁੱਕਾ ਹੈ, ਇਸ ਦੇ ਬਾਵਜੂਦ ਵਾਧਾ ਕਮਜ਼ੋਰ ਹੈ।
ਜੇਕਰ ਤੀਜੀ ਤਿਮਾਹੀ ਵਿਚ ਆਰਥਿਕ ਵਾਧਾ 0.5 ਫੀਸਦੀ ਰਹਿੰਦਾ ਹੈ, ਤਾਂ ਕੈਨੇਡਾ ਤਕਨੀਕੀ ਤੌਰ ਉੱਤੇ ਮੰਦੀ ਤੋਂ ਬਚ ਸਕੇਗਾ। ਇਸ ਤੋਂ ਪਹਿਲਾਂ ਦੂਜੀ ਤਿਮਾਹੀ ਵਿਚ ਅਰਥਵਿਵਸਥਾ 1.6 ਫੀਸਦੀ ਦੀ ਦਰ ਨਾਲ ਘਟੀ ਸੀ। ਲਗਾਤਾਰ ਦੋ ਤਿਮਾਹੀਆਂ ਵਿਚ ਘਟਾਓ ਹੋਣ ਨਾਲ ਮੰਦੀ ਦਾ ਐਲਾਨ ਕੀਤਾ ਜਾਂਦਾ ਹੈ।
ਸਟੈਟਿਸਟਿਕਸ ਕੈਨੇਡਾ ਦੇ ਅਗਾਊ ਅੰਦਾਜ਼ੇ ਮੁਤਾਬਕ ਸਤੰਬਰ ਵਿਚ ਜੀ ਡੀ ਪੀ 0.1 ਫੀਸਦੀ ਨਾਲ ਵਧ ਸਕਦਾ ਹੈ, ਜਦਕਿ ਅਗਸਤ ਵਿਚ ਇਹ 0.3 ਫੀਸਦੀ ਘਟਿਆ ਸੀ। ਪਰ ਰੋਜ਼ਨਬਰਗ ਦਾ ਕਹਿਣਾ ਹੈ ਕਿ ਇਹ ਵਾਧਾ ਬਹੁਤ ਹੀ ਹੌਲਾ ਰਹੇਗਾ।
JPMorgan Chase ਦੇ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਤੀਜੀ ਤਿਮਾਹੀ ਦੀ ਵਾਧਾ ਦਰ ਉਮੀਦਾਂ ਤੋਂ ਘੱਟ ਰਹਿ ਸਕਦੀ ਹੈ। ਉਨ੍ਹਾਂ ਨੇ ਨਿੱਜੀ ਖ਼ਰਚ ਘਟਣ ਅਤੇ ਨਿਵੇਸ਼ ਵਿਚ ਕਮਜ਼ੋਰੀ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਿਟੇਲ ਵਿਕਰੀ ਸਤੰਬਰ ਵਿਚ 0.7 ਫੀਸਦੀ ਘਟੀ, ਜੋ ਮਾਰਕੀਟ ਅਨੁਮਾਨਾਂ ਦੇ ਅਨੁਸਾਰ ਹੀ ਰਹੀ। ਅਕਤੂਬਰ ਲਈ ਅਗਾਊ ਅੰਦਾਜ਼ਾ ਕੋਈ ਵਾਧਾ ਨਹੀਂ ਦਿਖਾ ਰਿਹਾ।
ਜੇ ਪੀ ਮੋਰਗਨ ਦਾ ਕਹਿਣਾ ਹੈ ਕਿ ਸਾਲ ਦੇ ਬਾਕੀ ਹਿੱਸੇ ਵਿਚ ਵੀ ਖਪਤ ਕਮਜ਼ੋਰ ਰਹਿਣ ਦੀ ਪੂਰੀ ਸੰਭਾਵਨਾ ਹੈ। ਲੋਕ ਆਰਥਿਕ ਅਨਿਸ਼ਚਿਤਤਾ ਅਤੇ ਕਮਜ਼ੋਰ ਰੋਜ਼ਗਾਰ ਬਜ਼ਾਰ ਕਾਰਨ ਹੁਣ ਖ਼ਰਚ ਕਰਨ ਤੋਂ ਹਿਚਕ ਰਿਹੇ ਹਨ।
ਅਮਰੀਕਾ ਵਿਚ ਸਰਕਾਰ ਬੰਦ ਹੋਣ ਕਾਰਨ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰ ਦਾ ਸਤੰਬਰ ਮਹੀਨੇ ਦਾ ਡਾਟਾ ਵੀ ਦੇਰ ਨਾਲ ਆਇਆ ਹੈ। ਇਸ ਕਾਰਨ ਤੀਜੀ ਤਿਮਾਹੀ ਦੀ ਪੂਰੀ ਤਸਵੀਰ ਹਾਲੇ ਸਾਫ਼ ਨਹੀਂ ਹੈ। ਜੇ ਪੀ ਮੋਰਗਨ ਨੇ ਕਿਹਾ ਕਿ ਦੂਜੀ ਤਿਮਾਹੀ ਵਿਚ ਨੈੱਟ ਟਰੇਡ ਕਾਰਨ ਹੀ ਆਰਥਿਕਤਾ ਨਕਾਰਾਤਮਕ ਖੇਤਰ ਵਿਚ ਚਲੀ ਗਈ ਸੀ, ਭਾਵੇਂ ਘਰੇਲੂ ਖਪਤ ਚੰਗੀ ਰਹੀ ਸੀ।
Moody’s Analytics ਦਾ ਅਨੁਮਾਨ ਹੈ ਕਿ ਤੀਜੀ ਤਿਮਾਹੀ ਦੀ ਜੀ ਡੀ ਪੀ ਲਗਭਗ ਜ਼ੀਰੋ ਰਹਿ ਸਕਦੀ ਹੈ। ਮੂਡਿਜ਼ ਨੇ ਕਿਹਾ ਕਿ 2025 ਦੌਰਾਨ ਸਟੈਟਿਸਟਿਕਸ ਕੈਨੇਡਾ ਦੇ ਕਈ ਅਗਾਊ ਅੰਦਾਜ਼ੇ ਬਾਅਦ ਵਿਚ ਘਟਾਏ ਗਏ ਹਨ, ਜਿਸ ਨਾਲ ਮੌਜੂਦਾ ਅਨੁਮਾਨਾਂ ਉੱਤੇ ਵੀ ਸਵਾਲ ਉਠਦੇ ਹਨ।
ਦੂਜੇ ਪਾਸੇ ਕੈਨੇਡਾ ਦੇ ਵੱਡੇ ਬੈਂਕਾਂ ਜਿਵੇਂ ਰੋਇਲ ਬੈਂਕ ਆਫ ਕੈਨੇਡਾ, ਬੈਂਕ ਆਫ ਮੋਂਟਰੀਅਲ, ਨੈਸ਼ਨਲ ਬੈਂਕ, ਟੋਰਾਂਟੋ ਡੌਮਿਨਿਅਨ ਬੈਂਕ ਅਤੇ ਬੈਂਕ ਆਫ ਨੋਵਾ ਸਕੋਸ਼ੀਆ ਦੇ ਮਾਹਿਰ ਹਾਲੇ ਵੀ ਬੈਂਕ ਆਫ ਕੈਨੇਡਾ ਦੇ 0.5 ਫੀਸਦੀ ਅਨੁਮਾਨ ਦੇ ਨੇੜੇ ਹੀ ਵਾਧੇ ਦੀ ਉਮੀਦ ਕਰ ਰਹੇ ਹਨ। ਕੈਨੇਡਿਆਨ ਇੰਪੀਰੀਅਲ ਬੈਂਕ ਆਫ ਕਾਮਰਸ ਨੇ 0.7 ਫੀਸਦੀ ਵਾਧੇ ਦਾ ਅਨੁਮਾਨ ਲਾਇਆ ਹੈ।
ਹਾਲਾਂਕਿ ਕਈ ਮਾਹਿਰਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਅਮਰੀਕਾ ਨਾਲ ਸੰਬੰਧਿਤ ਵਪਾਰਕ ਅੰਕੜਿਆਂ ਦੀ ਘਾਟ ਕਾਰਨ ਅੱਗੇ ਚੱਲ ਕੇ ਜੀ ਡੀ ਪੀ ਵਿਚ ਸੋਧਾਂ ਹੋ ਸਕਦੀਆਂ ਹਨ।
ਚੌਥੀ ਤਿਮਾਹੀ ਵੱਲ ਦੇਖਦੇ ਹੋਏ ਨੈਸ਼ਨਲ ਬੈਂਕ ਦੇ ਮਾਹਿਰਾਂ ਨੇ ਕਿਹਾ ਹੈ ਕਿ ਸਤੰਬਰ ਦੀ ਕਮਜ਼ੋਰੀ ਤੋਂ ਬਾਅਦ ਅਰਥਵਿਵਸਥਾ ਨੂੰ ਮਜ਼ਬੂਤ ਸ਼ੁਰੂਆਤ ਨਹੀਂ ਮਿਲੀ। ਉਨ੍ਹਾਂ ਦੇ ਅਨੁਸਾਰ ਅਗਲੇ ਮਹੀਨਿਆਂ ਵਿਚ ਵੀ ਵਾਧਾ ਸੰਭਾਵਤ ਤੌਰ ਉੱਤੇ ਨੀਵਾਂ ਹੀ ਰਹੇਗਾ।
ਕੈਪਿਟਲ ਇਕਨੋਮਿਕਸ ਦੇ ਉੱਤਰ ਅਮਰੀਕਾ ਮਾਹਿਰ ਬ੍ਰੈਡਲੀ ਸਾਂਡਰਜ਼ ਦਾ ਕਹਿਣਾ ਹੈ ਕਿ ਘਰੇਲੂ ਖ਼ਰਚ ਹੁਣ ਹੌਲੀ ਹੌਲੀ ਘਟਦਾ ਜਾ ਰਿਹਾ ਹੈ। ਦੂਜੀ ਤਿਮਾਹੀ ਵਿਚ ਖਪਤ 4.5 ਫੀਸਦੀ ਦੀ ਦਰ ਨਾਲ ਵਧ ਰਹੀ ਸੀ, ਪਰ ਤੀਜੀ ਤਿਮਾਹੀ ਵਿਚ ਇਹ ਸਿਰਫ਼ 1 ਫੀਸਦੀ ਰਹਿ ਗਈ।
ਕੁੱਲ ਮਿਲਾ ਕੇ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਦੀ ਅਰਥਵਿਵਸਥਾ ਹਾਲੇ ਮੰਦੀ ਦੇ ਪੂਰੇ ਖ਼ਤਰੇ ਤੋਂ ਬਾਹਰ ਤਾਂ ਹੈ, ਪਰ ਅੱਗੇ ਦਾ ਰਾਹ ਵੀ ਜਅਿਾਦਾ ਆਸਾਨ ਨਹੀਂ ਦਿੱਸਦਾ।

ਰੁਝਾਨ ਖਬਰਾਂ