18.8 C
Vancouver
Monday, May 25, 2026

ਕੈਨੇਡਾ ਦੇ ਬੱਚਿਆਂ ਲਈ ਵੱਡਾ ਮੌਕਾ, ਫੀਫਾ ਵਰਲਡ ਕੱਪ ਵਿਚ ਮੈਚ ਬਾਲ ਕੈਰੀਅਰ ਬਣਨ ਦਾ ਸੁਨਹਿਰਾ ਮੌਕਾ

2 ਮਿੰਟ ਦੀ ਵੀਡੀਓ ਨਾਲ ਬਣੇ ਸਕਦੇ ਹਨ ਫੀਫਾ ਵਰਲਡ ਕੱਪ ਲਈ ਮੈਚ ਬਾਲ ਕੈਰੀਅਰ
ਸਰੀ, (ਏਕਜੋਤ ਸਿੰਘ): ਕੈਨੇਡਾ ਦੇ ਉਹ ਨੌਜਵਾਨ, ਜਿਨ੍ਹਾਂ ਦੀਆਂ ਜ਼ਿੰਦਗੀਆਂ ਪ੍ਰੇਰਣਾਦਾਇਕ ਕਹਾਣੀਆਂ ਨਾਲ ਭਰੀਆਂ ਹੋਈਆਂ ਹਨ, ਉਨ੍ਹਾਂ ਲਈ ਇਕ ਇਤਿਹਾਸਕ ਮੌਕਾ ਸਾਹਮਣੇ ਆਇਆ ਹੈ। ਅਗਲੇ ਸਾਲ ਟੋਰਾਂਟੋ ਅਤੇ ਵੈਂਕੂਵਰ ਵਿਚ ਹੋਣ ਜਾ ਰਹੇ ਪਹਿਲੇ ਫੀਫਾ ਵਰਲਡ ਕੱਪ ਮੈਚਾਂ ਦੌਰਾਨ ਇਹ ਬੱਚੇ ਖਿਡਾਰੀਆਂ ਦੇ ਨਾਲ ਮੈਦਾਨ ਵਿਚ ਮੈਚ ਬਾਲ ਲਿਜਾਣ ਦਾ ਮਾਣ ਹਾਸਲ ਕਰ ਸਕਣਗੇ।
ਕੈਨੇਡਾ ਦੀ ਮਸ਼ਹੂਰ ਆਟੋਮੋਬਾਈਲ ਕੰਪਨੀ ਖੳਿ ਨੇ ਢੀਢਅ ਨਾਲ ਭਾਈਵਾਲੀ ਕਰਕੇ ਇਹ ਖਾਸ ਮੁਕਾਬਲਾ ਸ਼ੁਰੂ ਕੀਤਾ ਹੈ। ਇਸ ਮੁਕਾਬਲੇ ਤਹਿਤ 6 ਅਜਿਹੇ ਨੌਜਵਾਨ ਸਾਕਰ ਪ੍ਰੇਮੀ ਬੱਚੇ ਚੁਣੇ ਜਾਣਗੇ, ਜੋ ਆਪਣੀ ਕੰਮਿਊਨਿਟੀ ਵਿਚ ਕਿਸੇ ਨਾਂ ਕਿਸੇ ਤਰੀਕੇ ਨਾਲ ਸਕਾਰਾਤਮਕ ਅਸਰ ਛੱਡ ਰਹੇ ਹਨ। ਇਹ ਬੱਚੇ ਟੋਰਾਂਟੋ ਅਤੇ ਵੈਂਕੂਵਰ ਵਿਚ ਹੋਣ ਵਾਲੇ ਵਰਲਡ ਕੱਪ ਮੈਚਾਂ ਦੌਰਾਨ ਮੈਚ ਬਾਲ ਕੈਰੀਅਰ ਵਜੋਂ ਮੈਦਾਨ ਵਿਚ ਦਾਖਲ ਹੋਣਗੇ।
ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਮਾਪੇ ਜਾਂ ਕਾਨੂੰਨੀ ਸਰਪ੍ਰਸਤ 30 ਨਵੰਬਰ ਤੱਕ ਆਪਣੇ ਬੱਚਿਆਂ ਦਾ ਨਾਂ ਦਰਜ ਕਰਵਾ ਸਕਦੇ ਹਨ। ਇਸ ਲਈ ਉਹ ਬੱਚੇ ਯੋਗ ਮੰਨੇ ਜਾਣਗੇ ਜੋ ਜੂਨ 2011 ਤੋਂ ਲੈ ਕੇ ਜੁਲਾਈ 2016 ਦੇ ਵਿਚਕਾਰ ਜਨਮੇ ਹੋਣ। ਅਰਜ਼ੀ ਦੇਣ ਲਈ ਮਾਪਿਆਂ ਨੂੰ ਆਪਣੇ ਬੱਚੇ ਦੀ ਪ੍ਰੇਰਣਾਦਾਇਕ ਕਹਾਣੀ ਉੱਤੇ ਆਧਾਰਿਤ 2 ਮਿੰਟ ਦੀ ਵੀਡੀਓ ਤਿਆਰ ਕਰਨੀ ਲਾਜ਼ਮੀ ਹੈ।
ਇਹ ਵੀਡੀਓ ਯੂਟਿਊਬ ਜਾਂ ਵਿਮੀਓ ਉੱਤੇ ਪਬਲਿਕ ਤੌਰ ਉੱਤੇ ਉਪਲਬਧ ਹੋਣੀ ਚਾਹੀਦੀ ਹੈ। ਪ੍ਰਾਈਵੇਟ ਲਿੰਕ ਵਾਲੀਆਂ ਵੀਡੀਓਆਂ ਨੂੰ ਮੁਕਾਬਲੇ ਲਈ ਅਯੋਗ ਕਰਾਰ ਦਿੱਤਾ ਜਾਵੇਗਾ। ਕੰਪਨੀ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਬੱਚੇ ਨੂੰ ਖੁਦ ਆਪਣੀ ਕਹਾਣੀ ਵੀਡੀਓ ਵਿਚ ਦਰਸਾਉਣੀ ਪਵੇਗੀ।
ਚੁਣੇ ਗਏ 6 ਬੱਚਿਆਂ ਨੂੰ ਫੀਫਾ ਵਰਲਡ ਕੱਪ ਲਈ ਖ਼ਾਸ ਇਨਾਮ ਦਿੱਤਾ ਜਾਵੇਗਾ। ਇਸ ਇਨਾਮ ਵਿਚ ਜੇਤੂ ਬੱਚੇ ਅਤੇ ਉਸਦੇ ਨਾਲ ਇੱਕ ਮਾਪੇ ਜਾਂ ਸਰਪ੍ਰਸਤ ਲਈ ਆਉਣ ਜਾਣ ਦਾ ਟਿਕਟ, ਦੋ ਰਾਤਾਂ ਲਈ ਡਬਲ ਆਕਿਊਪੈਂਸੀ ਹੋਟਲ ਵਿੱਚ ਰਹਿਣ ਦੀ ਵਿਵਸਥਾ, ਉਸ ਮੈਚ ਦੇ 2 ਟਿਕਟ ਜਿੱਥੇ ਉਹ ਮੈਚ ਬਾਲ ਲਿਜਾਣਗੇ, ਅਤੇ ਖਾਣ ਪੀਣ, ਗ੍ਰਾਊਂਡ ਟਰਾਂਸਪੋਰਟ ਅਤੇ ਯਾਦਗਾਰੀ ਸਮਾਨ ਲਈ ਪ੍ਰੀਪੇਡ ਗਿਫਟ ਕਾਰਡ ਵੀ ਸ਼ਾਮਲ ਹੋਣਗੇ।
ਹਾਲਾਂਕਿ ਚੁਣੇ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਆਪਣੇ ਬੱਚੇ ਦੀ ਕਹਾਣੀ, ਨਾਂ ਅਤੇ ਵੀਡੀਓ ਜਾਂ ਤਸਵੀਰ ਨੂੰ ਦੁਨੀਆ ਭਰ ਵਿਚ ਆਨਲਾਈਨ ਸਾਂਝਾ ਕਰਨ ਦੀ ਇਜਾਜ਼ਤ ਦੇਣ। ਕਿਉਂਕਿ ਇਹ ਮੁਕਾਬਲਾ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਚਾਰਿਆ ਜਾਵੇਗਾ।
ਜਿੱਤਣ ਵਾਲਿਆਂ ਦੀ ਚੋਣ ਪ੍ਰਕਿਰਿਆ ਵੀ ਦਿਲਚਸਪ ਹੈ। ਕੁੱਲ 2,000 ਅਰਜ਼ੀਆਂ ਨੂੰ ਰੈਂਡਮ ਤਰੀਕੇ ਨਾਲ ਚੁਣ ਕੇ ਮੁਲਾਂਕਣ ਲਈ ਲਿਆ ਜਾਵੇਗਾ। ਅੰਕ ਇਸ ਗੱਲ ਦੇ ਆਧਾਰ ਉੱਤੇ ਦਿੱਤੇ ਜਾਣਗੇ ਕਿ ਕਹਾਣੀ ਕਿੰਨੀ ਵਿਲੱਖਣ ਤੇ ਪ੍ਰੇਰਣਾਦਾਇਕ ਹੈ, ਕਹਾਣੀ ਵਿਚ ਕਿੰਨੀ ਹਿੰਮਤ ਹੈ, ਕੀ ਉਹ ਹੋਰ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਬੱਚਾ ਸਾਕਰ ਪ੍ਰਤੀ ਕਿੰਨਾ ਜੋਸ਼ੀਲਾ ਹੈ।
ਇਸ ਮੁਕਾਬਲੇ ਦੇ ਸੰਭਾਵੀ ਜੇਤੂਆਂ ਨੂੰ 2026 ਦੀ ਸ਼ੁਰੂਆਤ ਵਿਚ ਸੂਚਿਤ ਕੀਤਾ ਜਾਵੇਗਾ। ਮਾਪਿਆਂ ਨਾਲ ਈਮੇਲ ਰਾਹੀਂ ਸੰਪਰਕ ਕਰਕੇ ਕਿਆ ਕੈਨੇਡਾ ਵੱਲੋਂ ਇਕ ਆਨਲਾਈਨ ਕਾਲ ਨਿਰਧਾਰਤ ਕੀਤੀ ਜਾਵੇਗੀ, ਜਿਸ ਵਿਚ ਅੱਗੇ ਦੀ ਪ੍ਰਕਿਰਿਆ ਬਾਰੇ ਗੱਲ ਕੀਤੀ ਜਾਵੇਗੀ।
ਟੋਰਾਂਟੋ 6 ਫੀਫਾ ਵਰਲਡ ਕੱਪ ਮੈਚਾਂ ਦੀ ਮਿਜ਼ਬਾਨੀ ਕਰਨ ਜਾ ਰਿਹਾ ਹੈ। ਪਹਿਲਾ ਮੈਚ 12 ਜੂਨ 2026 ਨੂੰ BMO Field ਵਿੱਚ ਹੋਵੇਗਾ, ਜਿਸ ਵਿਚ ਕੈਨੇਡਾ ਦੀ ਟੀਮ ਵੀ ਖੇਡੇਗੀ। 2 ਜੁਲਾਈ ਨੂੰ ਟੋਰਾਂਟੋ ਵਿੱਚ ਨਾਕਆਉਟ ਦੌਰ ਦਾ ਮੈਚ ਵੀ ਹੋਵੇਗਾ। ਉੱਧਰ ਵੈਨਕੂਵਰ 7 ਵਰਲਡ ਕੱਪ ਮੈਚਾਂ ਦੀ ਮਿਜ਼ਬਾਨੀ ਕਰੇਗਾ। ਪਹਿਲਾ ਮੈਚ 13 ਜੂਨ 2026 ਨੂੰ BC Place ਵਿੱਚ ਹੋਵੇਗਾ। ਕੈਨੇਡਾ ਆਪਣਾ ਦੂਜਾ ਗਰੁੱਪ ਮੈਚ ਵੀ 18 ਜੂਨ ਨੂੰ ਇੱਥੇ ਖੇਡੇਗੀ ਅਤੇ 24 ਜੂਨ ਨੂੰ ਇੱਕ ਹੋਰ ਘਰੇਲੂ ਮੈਚ ਨਿਰਧਾਰਤ ਹੈ।
ਜੇ ਵੈਨਕੂਵਰ ਤੋਂ ਬਾਹਰ ਦੇ ਕਿਸੇ ਬੱਚੇ ਦੀ ਚੋਣ ਹੁੰਦੀ ਹੈ, ਤਾਂ ਉਸਦੇ ਰਹਿਣ ਸਹਿਣ, ਯਾਤਰਾ ਅਤੇ ਖਰਚੇ ਲਈ ਵੀ ਪੂਰੀ ਵਿਵਸਥਾ ਕੀਤੀ ਜਾਵੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ