ਔਰਤ ਦੇ ਭਰਾ ਦਾ ਸਾਲਾ ਹੀ ਨਿਕਲਿਆ ਕਾਤਲ, ਚੱਲ ਰਹੀ ਜਾਂਚ ਪਿੱਛੋਂ ਹੋਰ ਵੀ ਲੱਗ ਸਕਦੇ ਹਨ ਸੰਗੀਨ ਜੁਰਮ
ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਪਿਛਲੇ ਮਹੀਨੇ 26 ਅਕਤੂਬਰ ਦੀ ਰਾਤ ਨੂੰ 11:20 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਹਾਈਵੇਅ 17 ਦੇ 7000 ਬਲਾਕ ‘ਚ ਇੱਕ ਕਾਰ ਨੂੰ ਅੱਗ ਲੱਗੀ ਹੋਈ ਹੈ ਜਿਸ ‘ਤੇ ਡੈਲਟਾ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਬਚਾਅ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਿਉਂ ਹੀ ਪੁਲਿਸ ਅਤੇ ਅੱਗ ਬੁਝਾਉ ਅਮਲਾ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਗੱਡੀ ਦੇ ਅੰਦਰ ਸੜਦੀ ਹੋਈ ਇਕ ਔਰਤ ਨੂੰ ਵੇਖਿਆ ਜਿਸ ਨੂੰ ਮੌਕੇ ਉੱਤੇ ਹੀ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਅਦ ਵਿਚ ਇਸ ਮ੍ਰਿਤਕ ਦੀ ਪਹਿਚਾਣ ਡੈਲਟਾ ਵਾਸੀ 30 ਸਾਲਾ ਸੰਦੀਪ ਕੌਰ ਵਜੋਂ ਹੋਈ।
ਪੁਲਿਸ ਵੱਲੋਂ 26 ਨਵੰਬਰ ਨੂੰ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਸ਼ੁਰੂ ਵਿੱਚ ਹੀ ਇਹ ਘਟਨਾ ਸ਼ੱਕੀ ਨਜ਼ਰ ਆ ਰਹੀ ਸੀ ਜਿਸ ਕਾਰਨ ਮਾਮਲੇ ਦੀ ਵਿਸਥਾਰਪੂਰਕ ਅਤੇ ਗੰਭੀਰ ਜਾਂਚ ਡੈਲਟਾ ਪੁਲਿਸ ਮੇਜਰ ਕਰਾਈਮ ਸੈਕਸ਼ਨ ਵੱਲੋਂ ਕੀਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਸਾਰੇ ਤਕਨੀਕੀ ਅਤੇ ਸਬੂਤੀ ਪੱਖਾਂ ਦੀ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਇਸ ਜੁਰਮ ਦੀ ਤਹਿ ਤੱਕ ਪਹੁੰਚਣ ‘ਚ ਪੁਲਿਸ ਨੂੰ ਸਫਲਤਾ ਮਿਲੀ।
ਇਸ ਜਾਂਚ ਦੇ ਨਤੀਜੇ ਵਜੋਂ 6 ਨਵੰਬਰ ਨੂੰ ਮ੍ਰਿਤਕ ਮਹਿਲਾ ਦੇ ਭਰਾ ਦੇ ਸਾਲੇ 24 ਸਾਲਾ ਗੁਰਜੋਤ ਸਿੰਘ ਖਹਿਰਾ ਵਾਸੀ ਡੈਲਟਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਉਪਰ ਅਗਲੇ ਹੀ ਦਿਨ 7 ਨਵੰਬਰ ਨੂੰ ਸੰਗੀਨ ਜੁਰਮ ਦੀ ਧਾਰਾ 182(ਬੀ) ਅਧੀਨ ਲਾਸ਼ ਨਾਲ ਬੇਅਦਬੀ ਦਾ ਦੋਸ਼ ਲਗਾਇਆ ਗਿਆ ਅਤੇ ਉਸਨੂੰ ਪੁਲਿਸ ਨੇ ਹਿਰਾਸਤ ਵਿਚ ਲੈਣ ਲਿਆ।
ਇਸ ਮਾਮਲੇ ਵਿਚ ਇੱਕ ਹੋਰ ਵੱਡਾ ਮੋੜ 25 ਨਵੰਬਰ ਨੂੰ ਉਸ ਸਮੇਂ ਆਇਆ, ਜਦੋਂ ਕਰਾਊਨ ਕੌਂਸਲ ਵੱਲੋਂ ਗੁਰਜੋਤ ਸਿੰਘ ਖਹਿਰਾ ਉੱਤੇ ਦੂਜੇ ਦਰਜੇ ਦੇ ਕਤਲ ਦਾ ਵਾਧੂ ਦੋਸ਼ ਵੀ ਮਨਜ਼ੂਰ ਕਰ ਦਿੱਤਾ ਗਿਆ। ਇਹ ਦੋਸ਼ ਸੈਕਸ਼ਨ 235(1) ਦੇ ਤਹਿਤ ਲਗਾਇਆ ਗਿਆ ਹੈ, ਜੋ ਸਿੱਧੇ ਤੌਰ ਉੱਤੇ ਕਤਲ ਨਾਲ ਸੰਬੰਧਿਤ ਹੈ। ਇਸ ਨਾਲ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਹੁਣ ਇਹ ਮਾਮਲਾ ਸਿਰਫ਼ ਲਾਸ਼ ਨਾਲ ਬੇਅਦਬੀ ਤੱਕ ਹੀ ਸੀਮਤ ਨਹੀਂ ਰਿਹਾ, ਬਲਕਿ ਕਤਲ ਦੇ ਦੋਸ਼ ਤੱਕ ਪਹੁੰਚ ਗਿਆ ਹੈ।
ਪੁਲਿਸ ਮੁਤਾਬਕ ਗੁਰਜੋਤ ਸਿੰਘ ਖਹਿਰਾ ਦੀ ਅਗਲੀ ਅਦਾਲਤੀ ਪੇਸ਼ੀ ਵੀਰਵਾਰ 11 ਦਸੰਬਰ ਨੂੰ ਨਿਧਾਰਿਤ ਕੀਤੀ ਗਈ ਹੈ। ਇਸ ਦੌਰਾਨ ਹੀ ਅਦਾਲਤ ਵਿਚ ਅਗਲੀ ਕਾਰਵਾਈ ਹੋਵੇਗੀ ਅਤੇ ਭਵਿੱਖੀ ਕਾਨੂੰਨੀ ਰਸਤਾ ਤੈਅ ਕੀਤਾ ਜਾਵੇਗਾ।
ਡੈਲਟਾ ਪੁਲਿਸ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਮਾਮਲਾ ਅਜੇ ਵੀ ਜਾਂਚ ਅਤੇ ਅਦਾਲਤੀ ਪ੍ਰਕਿਰਿਆ ਅਧੀਨ ਹੈ, ਇਸ ਲਈ ਇਸ ਸਮੇਂ ਹੋਰ ਕੋਈ ਵਿਸਥਾਰਕ ਜਾਣਕਾਰੀ ਜਾਰੀ ਨਹੀਂ ਕੀਤੀ ਜਾ ਸਕਦੀ। ਪੁਲਿਸ ਨੇ ਇਹ ਵੀ ਕਿਹਾ ਕਿ ਮ੍ਰਿਤਕ ਸੰਦੀਪ ਕੌਰ ਦੇ ਪਰਿਵਾਰ ਲਈ ਇਹ ਸਮਾਂ ਬਹੁਤ ਹੀ ਦੁਖਦਾਈ ਹੈ।
ਪੁਲਿਸ ਪ੍ਰਸ਼ਾਸਨ ਨੇ ਆਪਣੇ ਬਿਆਨ ਦੇ ਅਖ਼ੀਰ ਵਿਚ ਸੰਦੀਪ ਕੌਰ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਇਸ ਮੁਸ਼ਕਲ ਸਮੇਂ ਵਿਚ ਪਰਿਵਾਰ ਦੇ ਦੁੱਖ ਵਿਚ ਬਰਾਬਰ ਦੀ ਸਾਂਝੀਦਾਰ ਹੈ ਅਤੇ ਕਾਨੂੰਨ ਅਨੁਸਾਰ ਇਨਸਾਫ਼ ਤੱਕ ਪਹੁੰਚਣ ਲਈ ਹਰ ਸੰਭਵ ਕਦਮઠਚੁੱਕਿਆઠਜਾਵੇਗਾ।
ਡੈਲਟਾ ‘ਚ ਅਕਤੂਬਰ ਮਹੀਨੇ ਸੜਦੀ ਹੋਈ ਕਾਰ ਵਿੱਚ ਪੰਜਾਬੀ ਔਰਤ ਦੀ ਮੌਤ ਦਾ ਮਾਮਲਾ ਸੁਲਝਿਆ

