18.8 C
Vancouver
Monday, May 25, 2026

ਸੈਂਡੀ ਹਰਮਿਸਟਨ ਨੂੰ ਬੀ.ਸੀ. ਦੀ ਅਗਲੀ ਓਮਬਡਸ-ਪਰਸਨ ਨਿਯੁਕਤ ਕਰਨ ਦੀ ਸਿਫ਼ਾਰਸ਼

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਵਿਧਾਇਕ ਸਭਾ ਨੇ ਮੰਗਲਵਾਰ 25 ਨਵੰਬਰ ਨੂੰ ਐਲਾਨ ਕੀਤਾ ਹੈ ਕਿ ਸੈਂਡੀ ਹਰਮਿਸਟਨ ਨੂੰ ਸੂਬੇ ਦੀ ਅਗਲੀ ਓਮਬਡਸਪਰਸਨ ਨਿਯੁਕਤ ਕਰਨ ਦੀ ਸਰਕਾਰੀ ਸਿਫ਼ਾਰਸ਼ ਕੀਤੀ ਗਈ ਹੈ। ਸਰਕਾਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਤੋਂ ਬਣੀ ਇੱਕ ਸੰਸਦੀ ਕਮੇਟੀ ਨੇ ਸੂਬੇ ਦੇ ਅਗਲੇ ਸੁਤੰਤਰ ਸਰਕਾਰੀ ਨਿਗਰਾਨ ਦੀ ਚੋਣ ਲਈ ਵਿਸਥਾਰਪੂਰਕ ਪ੍ਰਕਿਰਿਆ ਅਪਣਾਈ। ਇਸ ਕਮੇਟੀ ਨੇ ਇਕਮਤ ਹੋ ਕੇ ਸੈਂਡੀ ਹਰਮਿਸਟਨ ਦੇ ਨਾਮ ਦੀ ਸਿਫ਼ਾਰਸ਼ ਕੀਤੀ ਹੈ।
Sandy Hermiston ਦੀ ਅਧਿਕਾਰਕ ਨਿਯੁਕਤੀ ਲੈਫ਼ਟਿਨੈਂਟ ਗਵਰਨਰ ਵੱਲੋਂ ਕੀਤੇ ਜਾਣ ਤੋਂ ਬਾਅਦ ਉਹ 31 ਜਨਵਰੀ 2026 ਤੋਂ ਬੀ ਸੀ ਦੀ ਨਵੀਂ ਓਮਬਡਸਪਰਸਨ ਵਜੋਂ ਆਪਣਾ ਅਹੁਦਾ ਸੰਭਾਲਣਗੀਆਂ। ਇਹ ਅਹੁਦਾ ਸੂਬੇ ਦੀ ਸਰਕਾਰੀ ਪ੍ਰਣਾਲੀ ਦੀ ਜਵਾਬਦੇਹੀ, ਪਾਰਦਰਸ਼ਤਾ ਅਤੇ ਨਾਗਰਿਕਾਂ ਦੀਆਂ ਸਿਕਾਇਤਾਂ ਦੀ ਨਿਰਪੱਖ ਜਾਂਚ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਸੈਂਡੀ ਹਰਮਿਸਟਨ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਲੋਕ ਸੇਵਾ ਦੇ ਖੇਤਰ ਵਿੱਚ ਵਕੀਲ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਕੋਲ ਓਮਬਡਸਪਰਸਨ ਪ੍ਰਣਾਲੀ ਨਾਲ ਜੁੜਿਆ ਵਿਸ਼ਾਲ ਤਜਰਬਾ ਹੈ ਅਤੇ ਉਹ ਇਸ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਮੰਨੀ ਹੋਈ ਮਾਹਿਰ ਮੰਨੀ ਜਾਂਦੀਆਂ ਹਨ। ਉਹ York University dI Osgoode Hall Law School ਵਿੱਚ ਅਡਵਾਂਸਡ ਓਮਬਡਸ ਕੋਰਸ ਦੀ ਕੋ ਡਾਇਰੈਕਟਰ ਵੀ ਰਹਿ ਚੁੱਕੀਆਂ ਹਨ, ਜਿੱਥੇ ਉਹ ਭਵਿੱਖ ਦੇ ਕਾਨੂੰਨੀ ਮਾਹਿਰਾਂ ਨੂੰ ਸਰਕਾਰੀ ਜਵਾਬਦੇਹੀ ਬਾਰੇ ਪ੍ਰਸਕਿਸ਼ਣ ਦਿੰਦੀਆਂ ਹਨ।
2017 ਵਿੱਚ ਉਨ੍ਹਾਂ ਨੂੰ Cayman Islands ਦੀ ਪਹਿਲੀ ਓਮਬਡਸਪਰਸਨ ਨਿਯੁਕਤ ਕੀਤਾ ਗਿਆ ਸੀ। ਉੱਥੇ ਉਨ੍ਹਾਂ ਨੇ ਜਾਣਕਾਰੀ ਕਮੇਸ਼ਨਰ ਅਤੇ ਸਿਕਾਇਤਾਂ ਕਮੇਸ਼ਨਰ ਦੇ ਦਫ਼ਤਰਾਂ ਨੂੰ ਇਕੱਠਾ ਕਰ ਕੇ ਇੱਕ ਮਜ਼ਬੂਤ ਪ੍ਰਣਾਲੀ ਤਿਆਰ ਕੀਤੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਨਵੇਂ ਡਾਟਾ ਸੁਰੱਖਿਆ ਕਾਨੂੰਨ ਲਾਗੂ ਹੋਏ ਅਤੇ ਪੁਲਿਸ ਵਿਹਾਰ ਨਾਲ ਸਬੰਧਤ ਸਿਕਾਇਤਾਂ ਲਈ ਨਵੀਂ ਪ੍ਰਣਾਲੀ ਬਣਾਈ ਗਈ। 2022 ਵਿੱਚ ਹਰਮਿਸਟਨ ਨੂੰ Prince Edward Island ਦੀ ਪਹਿਲੀ ਓਮਬਡਸਪਰਸਨ ਬਣਾਇਆ ਗਿਆ ਸੀ। ਉੱਥੇ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਨੇ ਰਾਸ਼ਟਰੀ ਪੱਧਰ ਉੱਤੇ ਧਿਆਨ ਖਿੱਚਿਆ। ਉਨ੍ਹਾਂ ਨੇ ਸਰਕਾਰੀ ਜਵਾਬਦੇਹੀ ਲਈ ਨਵੇਂ ਤਰੀਕੇ ਲਾਗੂ ਕੀਤੇ ਅਤੇ ਘੱਟ ਸਮੇਂ ਵਿੱਚ ਲੋਕਾਂ ਦਾ ਭਰੋਸਾ ਹਾਸਲ ਕੀਤਾ। ਇਸ ਕਾਰਨ ਉਹ ਕੈਨੇਡਾ ਭਰ ਵਿੱਚ ਓਮਬਡਸ ਪ੍ਰਣਾਲੀ ਦੀ ਮਜ਼ਬੂਤ ਮਾਹਿਰ ਦੇ ਤੌਰ ਉੱਤੇ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹੀਆਂ।
ਕਮੇਟੀ ਦੀ ਚੇਅਰਪਰਸਨ Janet Routledge ਨੇ ਕਿਹਾ ਕਿ ਕਮੇਟੀ ਦਾ ਮੰਨਣਾ ਹੈ ਕਿ ਹਰਮਿਸਟਨ ਦਾ ਤਜਰਬਾ ਅਤੇ ਲੋਕਾਂ ਨਾਲ ਰਿਸ਼ਤੇ ਬਣਾਉਣ ਵਾਲਾ ਢੰਗ ਉਨ੍ਹਾਂ ਨੂੰ ਇਸ ਅਹੁਦੇ ਲਈ ਬਿਲਕੁਲ ਯੋਗ ਬਣਾਉਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਈਚਾਰੇ ਨਾਲ ਸਿੱਧਾ ਸੰਪਰਕ ਅਤੇ ਭਰੋਸੇ ਉੱਤੇ ਆਧਾਰਿਤ ਕੰਮਕਾਜ ਓਮਬਡਸਪਰਸਨ ਲਈ ਬਹੁਤ ਲਾਜ਼ਮੀ ਹੁੰਦਾ ਹੈ।
ਸੈਂਡੀ ਹਰਮਿਸਟਨ ਇਹ ਅਹੁਦਾ ਸੰਭਾਲਦੇ ਸਮੇਂ Jay Chalke ਦੀ ਜਗ੍ਹਾ ਲੈਣਗੀਆਂ, ਜੋ ਬੀ ਸੀ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਓਮਬਡਸਪਰਸਨ ਰਹੇ ਹਨ। ਉਹਨਾਂ ਦੀ ਪਹਿਲੀ ਨਿਯੁਕਤੀ ਮਈ 2015 ਵਿੱਚ ਹੋਈ ਸੀ ਅਤੇ ਉਹ ਲਗਭਗ ਇੱਕ ਦਹਾਕੇ ਤੱਕ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰੀ ਪ੍ਰਣਾਲੀ ਉੱਤੇ ਨਿਗਾਹ ਰੱਖਦੇ ਰਹੇ। ਕਮੇਟੀ ਨੇ ਉਹਨਾਂ ਦੀ ਵਚਨਬੱਧਤਾ ਅਤੇ ਲੋਕਾਂ ਦੀ ਹਕੂਮਤ ਲਈ ਕੀਤੇ ਕੰਮ ਦੀ ਖੁੱਲ੍ਹ ਕੇ ਸਰਾਹਨਾ ਕੀਤੀ।
ਕਮੇਟੀ ਦੀ ਡਿਪਟੀ ਚੇਅਰਪਰਸਨ Linda Hepner ਨੇ ਹਰਮਿਸਟਨ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਮੌਜੂਦ ਪ੍ਰਤਿਸ਼ਠਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰਮਿਸਟਨ ਇਮਾਨਦਾਰੀ, ਪਾਰਦਰਸ਼ਤਾ ਅਤੇ ਨਿਆਂ ਦੇ ਮੂਲ ਸਿਧਾਂਤਾਂ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਉਹ ਬੀ ਸੀ ਵਿੱਚ ਸਰਕਾਰੀ ਸੇਵਾਵਾਂ ਨੂੰ ਹੋਰ ਨਿਆਂਸੰਗਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਕਮੇਟੀ ਦੇ ਬਿਆਨ ਅਨੁਸਾਰ, ਨਵੀਂ ਓਮਬਡਸਪਰਸਨ ਦੀ ਨਿਯੁਕਤੀ ਬੀ ਸੀ ਵਿੱਚ ਸਰਕਾਰੀ ਜਵਾਬਦੇਹੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ। ਲੋਕਾਂ ਨੂੰ ਉਮੀਦ ਹੈ ਕਿ ਹਰਮਿਸਟਨ ਆਪਣੇ ਅੰਤਰਰਾਸ਼ਟਰੀ ਤਜਰਬੇ ਅਤੇ ਨਵੇਂ ਵਿਚਾਰਾਂ ਨਾਲ ਸੂਬੇ ਦੀ ਸਿਕਾਇਤ ਨਿਵਾਰਨ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣਗੀਆਂ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ