17.8 C
Vancouver
Monday, May 25, 2026

ਜੀ.ਜੀ.ਐਨ. ਖ਼ਾਲਸਾ ਕਾਲਜ ਲੁਧਿਆਣਾ ਨੇ ਕਰਵਾਇਆ ਆਨਲਾਈਨ ਅੰਤਰਰਾਸ਼ਟਰੀ ਗ਼ਜ਼ਲ ਦਰਬਾਰਸਾਰੇ ਸ਼ਾਇਰਾਂ ਦੇ ਖ਼ੂਬਸੂਰਤ ਕਲਾਮ ਨੇ ਰੂਹ ਨੂੰ ਤਾਜ਼ਗੀ ਬਖਸ਼ੀ : ਪ੍ਰੋ. ਗੁਰਭਜਨ ਸਿੰਘ ਗਿੱਲ

ਸਰੀ, (ਹਰਦਮ ਮਾਨ): ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਬੀਤੇ ਦਿਨ ਇੱਕ ਖੂਬਸੂਰਤ ਆਨਲਾਈਨ ਅੰਤਰਰਾਸ਼ਟਰੀ ਗ਼ਜ਼ਲ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਕੀਤੀ।
ਸਮਾਗਮ ਦੀ ਸ਼ੁਰੂਆਤ ਡਾ. ਐਸ. ਪੀ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਦੇ ਉਦਘਾਟਨੀ ਸ਼ਬਦਾਂ ਨਾਲ ਹੋਈ। ਉਹਨਾਂ ਨੇ ਵੱਖਓਵੱਖ ਦੇਸ਼ਾਂ ਤੋਂ ਜੁੜੇ ਗ਼ਜ਼ਲਗੋਆਂ ਨੂੰ ਜੀ-ਆਇਆਂ ਆਖਦਿਆਂ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬੀ ਲੇਖਕ ਪਰਵਾਸ ਦੀਆਂ ਰੁਝੇਵੇਂ ਭਰੀਆਂ ਜ਼ਿੰਦਗੀਆਂ ਦੇ ਬਾਵਜੂਦ ਆਪਣੀ ਮਾਤ ਭਾਸ਼ਾ ਅਤੇ ਸਾਹਿਤਕ ਰਚਨਾ ਨੂੰ ਨਿਰੰਤਰ ਜੀਵੰਤ ਰੱਖ ਰਹੇ ਹਨ।
ਗ਼ਜ਼ਲ ਦੀ ਬਣਤਰ, ਵਿਕਾਸ ਅਤੇ ਪੰਜਾਬੀ ਗ਼ਜ਼ਲ ਦੇ ਵਿਸ਼ੇਸ਼ ਸੁਭਾਅ ਬਾਰੇ ਉਘੇ ਸ਼ਾਇਰ ਅਤੇ ਆਲੋਚਕ ਪ੍ਰੋ. ਸੁਰਜੀਤ ਜੱਜ ਨੇ ਗਹਿਰਾਈ ਨਾਲ ਚਰਚਾ ਕੀਤੀ। ਉਹਨਾਂ ਨੇ ਦੱਸਿਆ ਕਿ ਭਾਵੇਂ ਆਮ ਧਾਰਨਾ ਹੈ ਕਿ ਪੰਜਾਬੀ ਗ਼ਜ਼ਲ ਉਰਦੂ ਤੋਂ ਆਈ ਹੈ, ਪਰ ਅਸਲ ਵਿੱਚ ਗ਼ਜ਼ਲ ਵਿਧਾ ਦੋਹਾਂ ਭਾਸ਼ਾਵਾਂ ਵਿੱਚ ਲਗਭਗ ਇੱਕੋ ਸਮੇਂ ਦਾਖਲ ਹੋਈ। ਉਹਨਾਂ ਨੇ ਇਹ ਵੀ ਕਹਾ ਕਿ ਪੰਜਾਬੀ ਗ਼ਜ਼ਲ ਦਾ ਮਿਜ਼ਾਜ ਉਰਦੂ ਗ਼ਜ਼ਲ ਤੋਂ ਪੂਰੀ ਤਰ੍ਹਾਂ ਵੱਖਰਾ ਹੈ ਅਤੇ ਇਸ ਰਚਨਾ-ਪ੍ਰੰਪਰਾ ਨੇ ਕਦੇ ਵੀ ਛੜੱਪੇ ਮਾਰਨ ਵਾਲੀ ਪ੍ਰਵਿਰਤੀ ਨਹੀਂ ਅਪਣਾਈ।
ਉਹਨਾਂ ਨੇ ਪੰਜਾਬੀ ਸਾਹਿਤ ਦੇ ਪ੍ਰਮੁੱਖ ਗ਼ਜ਼ਲਗੋਆਂ ਦੀ ਪ੍ਰਮੁੱਖ ਭੂਮਿਕਾ ਬਾਰੇ ਵੀ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਪ੍ਰੋਫੈਸਰ ਸ਼ਰਨਜੀਤ ਕੌਰ ਨੇ ਗ਼ਜ਼ਲ ਦਰਬਾਰ ਦਾ ਸੰਚਾਲਨ ਆਰੰਭ ਕੀਤਾ। ਇਸ ਗ਼ਜ਼ਲ ਦਰਬਾਰ ਵਿੱਚ ਅਮਰੀਕਾ ਤੋਂ ਸ਼ਾਮਿਲ ਹੋਏ ਕਵੀ: ਹਰਜਿੰਦਰ ਕੰਗ, ਸੁਰਿੰਦਰ ਸੀਰਤ, ਸੁਰਜੀਤ ਸਖੀ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਅਤੇ ਦਿਲ ਨਿੱਝਰ, ਕੈਨੇਡਾ ਤੋਂ ਸ਼ਾਮਿਲ ਕਵੀ: ਮੋਹਨ ਗਿੱਲ, ਗੁਰਮਿੰਦਰ ਸਿੱਧੂ, ਕਵਿੰਦਰ ਚਾਂਦ, ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ ਅਤੇ ਬਿੰਦੂ ਮਠਾੜੂ, ਇਟਲੀ ਤੋਂ ਦਲਜਿੰਦਰ ਰਹਿਲ ਅਤੇ ਆਸਟ੍ਰੇਲੀਆ (ਸਿਡਨੀ) ਤੋਂ ਡਾ. ਅਮਰਜੀਤ ਸਿੰਘ ਟਾਂਡਾ ਨੇ ਆਪਣੀਆਂ ਖ਼ੂਬਸੂਰਤ, ਭਾਵਪੂਰਤ ਅਤੇ ਅਨੁਭਵ-ਭਰੀਆਂ ਗ਼ਜ਼ਲਾਂ ਨਾਲ ਦਰਬਾਰ ਦੀ ਸ਼ਾਨ ਵਧਾਈ ਅਤੇ ਸਰੋਤਿਆਂ ਦੇ ਮਨ ਮੋਹ ਲਏ। ਇਨ੍ਹਾਂ ਕਵੀਆਂ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਝ ਦੇ ਪ੍ਰੋਗਰਾਮ ਕਲਮੀ ਪਰਵਾਸੀਆਂ ਨੂੰ ਮਾਣ ਅਤੇ ਜੁੜਾਅ ਦੋਵੇਂ ਬਖ਼ਸ਼ਦੇ ਹਨ।
ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਗ਼ਜ਼ਲ ਦਰਬਾਰ ਨੂੰ ਸੁਣ ਕੇ ਇੱਕ ਸੁੱਚਤਾ ਅਤੇ ਤਾਜ਼ਗੀ ਦਾ ਅਹਿਸਾਸ ਹੋਇਆ ਹੈ। ਬਾਬਾ ਫ਼ਰੀਦ, ਸ਼ਾਹ ਹੁਸੈਨ ਅਤੇ ਕਿੱਸਾਕਾਰ ਹਾਸ਼ਮ ਸ਼ਾਹ ਦੇ ਹਵਾਲਿਆਂ ਨਾਲ ਉਹਨਾਂ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਰਚਨਾ ਜੇ ਆਪਣੀ ਮਿੱਟੀ ਦੀ ਮਹਿਕ ਤੋਂ ਵਾਂਝੀ ਹੋਵੇ ਤਾਂ ਉਹ ਇੱਕ ਨਿਰਜਿੰਦ ਮਨੁੱਖ ਵਾਂਗ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਭਾਵੇਂ ਪਿੰਗਲ ਅਤੇ ਅਰੂਜ਼ ਫ਼ਾਰਸੀ ਪਰੰਪਰਾ ਦੀ ਦੇਣ ਹਨ, ਪਰ ਪੰਜਾਬੀ ਗ਼ਜ਼ਲ ਦਾ ਆਪਣਾ ਨਿਵੇਕਲਾ ਮੁਹਾਂਦਰਾ ਅਤੇ ਸਥਾਨ ਹੈ। ਉਹਨਾਂ ਨੇ ਗ਼ਜ਼ਲ ਦਰਬਾਰ ਵਿੱਚ ਸ਼ਾਮਿਲ ਹਰੇਕ ਗ਼ਜ਼ਲਗੋ ਦੀ ਕਲਾ ਦੀ ਖ਼ਾਸ ਤੌਰ ‘ਤੇ ਪ੍ਰਸ਼ੰਸਾ ਕੀਤੀ।
ਅੰਤ ਵਿੱਚ ਕਾਲਜ ਦੀ ਪ੍ਰਿੰਸੀਪਲ ਪ੍ਰੋ. ਰਜਿੰਦਰ ਕੌਰ ਮਲਹੋਤਰਾ ਨੇ ਸ਼ਾਮਿਲ ਹੋਏ ਕਵੀਆਂ ਅਤੇ ਹੋਰ ਮਾਣਯੋਗ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ। ਉਹਨਾਂ ਨੇ ਪ੍ਰੋ. ਸੁਰਜੀਤ ਜੱਜ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਕਿ ਉਹਨਾਂ ਨੇ ਗ਼ਜ਼ਲ ਅਤੇ ਪੰਜਾਬੀ ਗ਼ਜ਼ਲ ਦੇ ਮਹੱਤਵਪੂਰਣ ਪਹਿਲੂਆਂ ਨੂੰ ਇਸ ਮੰਚ ‘ਤੇ ਰੌਸ਼ਨ ਕੀਤਾ।ਉਹਨਾਂ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਵਿਸ਼ਵਓਭਰ ਵਿੱਚ ਵਸਦੇ ਪੰਜਾਬੀ ਲੇਖਕ ਇਸ ਕੇਂਦਰ ਦੇ ਹਰ ਸੱਦੇ ਨੂੰ ਪਿਆਰ ਅਤੇ ਸਤਿਕਾਰ ਨਾਲ ਪ੍ਰਵਾਨ ਕਰਦੇ ਹਨ।
ਇਸ ਪ੍ਰੋਗਰਾਮ ਦਾ ਸੰਚਾਲਨ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਮੁਖੀ, ਪ੍ਰੋਫੈਸਰ ਸ਼ਰਨਜੀਤ ਕੌਰ, ਵੱਲੋਂ ਬਹੁਤ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਇਸ ਗ਼ਜ਼ਲ ਦਰਬਾਰ ਵਿੱਚ ਕਨੇਡਾ ਤੋਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਕਹਾਣੀਕਾਰ ਜਸਬੀਰ ਮਾਨ, ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤਜਿੰਦਰ ਕੌਰ ਅਤੇ ਰਜਿੰਦਰ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ‘ਤੇ ਹਾਜਰ ਰਹੇ।

ਰੁਝਾਨ ਖਬਰਾਂ