15.9 C
Vancouver
Monday, May 25, 2026

ਲੇਕ ਕਾਊਚਿਨ ਨੇੜੇ ਲੱਗੀ ਲੌਗਿੰਗ ਨਾਕਾਬੰਦੀ ਦੌਰਾਨ ਆਰ.ਸੀ.ਐੱਮ.ਪੀ. ਵੱਲੋਂ 4 ਗ੍ਰਿਫ਼ਤਾਰ

ਸਰੀ, (ਬਰਾੜ ਭਗਤਾ ਭਾਈਕਾ): ਲੇਕ ਕਾਊਚਿਨ ਦੇ ਨੇੜੇ ਕਾਰਮਾਨਾਹ ਵੈਲੀ ਵਿੱਚ ਇੱਕ ਜੰਗਲਾਤੀ ਕਾਰਵਾਈ ਖਿਲਾਫ਼ ਲੱਗੀ ਨਾਕਾਬੰਦੀ ਦੌਰਾਨ 25 ਨਵੰਬਰ ਨੂੰ RCMP ਵੱਲੋਂ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਨ੍ਹਾਂ ਵਿੱਚੋਂ 3 ਲੋਕਾਂ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵੱਲੋਂ ਸਤੰਬਰ ਵਿੱਚ ਜਾਰੀ ਕੀਤੇ ਗਏ ਇੰਜੰਕਸ਼ਨ ਦੀ ਉਲੰਘਣਾ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਅਧੀਨ ਵਾਲਬਰਨ ਫੌਰੈਸਟ ਸਰਵਿਸ ਰੋਡ ‘ਤੇ ਜੰਗਲ ਕਟਾਈ ਕਾਰਵਾਈ ‘ਚ ਰੁਕਾਵਟ ਪਾਉਣ ‘ਤੇ ਪਾਬੰਦੀ ਲਗਾਈ ਗਈ ਸੀ। ਚੌਥੇ ਵਿਅਕਤੀ ਨੂੰ ਕ੍ਰਿਮਿਨਲ ਮਿਸਚੀਫ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।
ਆਰ.ਸੀ.ਐੱਮ.ਪੀ. ਦੇ ਬਿਆਨ ਮੁਤਾਬਕ, ਇੰਜੰਕਸ਼ਨ ਵਾਲੇ ਇਲਾਕੇ ਵਿੱਚ ਲੋਕਾਂ, ਵਾਹਨਾਂ ਅਤੇ ਲੱਕੜ ਦੇ ਸਾਹਮਾਨ ਨਾਲ ਬਣੀ ਇੱਕ ਨਾਕਾਬੰਦੀ ਕਈ ਮਹੀਨਿਆਂ ਤੋਂ ਲੱਗੀ ਹੋਈ ਸੀ, ਜਿਸ ਕਾਰਨ ਸੜਕ ਦਾ ਆਮ ਆਵਾਜਾਈ ਲਈ ਰਸਤਾ ਬੰਦ ਸੀ ਅਤੇ ਅਦਾਲਤੀ ਹੁਕਮ ਦੀ ਉਲੰਘਣਾ ਹੋ ਰਹੀ ਸੀ।
ਮੰਗਲਵਾਰ ਨੂੰ ਪੁਲਸ ਨੇ ਕੋਰਟ ਵੱਲੋਂ Tsawak-qin Forestry Limited Partnership ਅਤੇ Tsawak-qin Forestry Inc ਦੇ ਹੱਕ ‘ਚ ਜਾਰੀ ਕੀਤੇ ਇੰਜੰਕਸ਼ਨ ਨੂੰ ਲਾਗੂ ਕਰਨ ਲਈ ਕਾਰਵਾਈ ਕੀਤੀ।
ਦਿਨ ਦੌਰਾਨ ਨਾਕਾਬੰਦੀ ‘ਤੇ ਮੌਜੂਦ 15 ਤੋਂ 20 ਪ੍ਰਦਰਸ਼ਨਕਾਰੀ, ਜਿਸਨੂੰ ਕੂਗਰ ਕੈਂਪ ਕਿਹਾ ਜਾਂਦਾ ਸੀ, ਜਅਿਾਦਾਤਰ ਸ਼ਾਂਤੀਪੂਰਨ ਢੰਗ ਨਾਲ ਇਲਾਕਾ ਖਾਲੀ ਕਰ ਗਏ।
ਪ੍ਰਦਰਸ਼ਨਕਾਰੀਆਂ ਦੇ ਹੱਕ ‘ਚ ਜਾਰੀ ਬਿਆਨ ‘ਚ ਕਿਹਾ ਗਿਆ ਕਿ ਜੇਕਰ ਸੂਬਾ ਆਪਣਾ ਪੁਰਾਣੇ ਜੰਗਲਾਂ ਵਿੱਚ ਕਟਾਈ ਰੋਕਣ ਦਾ ਵਾਅਦਾ ਤੋੜਦਾ ਨਾ, ਤਾਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਾ ਕੀਤਾ ਜਾਂਦਾ।
ਬਿਆਨ ‘ਚ ਇਹ ਵੀ ਕਿਹਾ ਗਿਆ ਕਿ ਪਿਛਲੀਆਂ ਕਾਰਵਾਈਆਂ ਦੌਰਾਨ ਹਿੰਸਾ, ਜ਼ਖ਼ਮਾਂ ਅਤੇ ਮੀਡੀਆ ਤੇ ਕਾਨੂੰਨੀ ਮਾਹਿਰਾਂ ਦੀ ਪਹੁੰਚ ਰੋਕੇ ਜਾਣ ਦੇ ਦੋਸ਼ ਲੱਗਦੇ ਰਹੇ ਹਨ।
ਜੋਆਨ ਰੋਜ਼ਨਬਰਗ ਨੇ ਕਿਹਾ, ”ਬਿਨਾਂ ਸੰਚਾਰ ਦੇ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਸਾਨੂੰ ਤੁਰੰਤ ਮੀਡੀਆ ਦੀ ਮਦਦ ਚਾਹੀਦੀ ਹੈ ਤਾਂ ਜੋ ਕੂਗਰ ਕੈਂਪ ‘ਚ ਮੌਜੂਦ ਲੋਕ ਸੁਰੱਖਿਅਤ ਰਹਿਣ ਅਤੇ ਆਰ.ਸੀ.ਐੱਮ.ਪੀ. ਦੀ ਕਾਰਵਾਈ ਦੀ ਸੁਤੰਤਰ ਜਾਂਚ ਹੋ ਸਕੇ।”
ਤਾਜ਼ਾ ਜਾਣਕਾਰੀ ਮੁਤਾਬਕ, ਬੁੱਧਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਨੇ ਨੇੜਲੇ ਇਲਾਕੇ ਵਿੱਚ ਮੁੜ ਨਵੀਂ ਨਾਕਾਬੰਦੀ ਲਗਾ ਲਈ, ਜਿੱਥੇ ਆਰ.ਸੀ.ਐੱਮ.ਪੀ. ਦੀ ਮੌਜੂਦਗੀ ਵੀ ਵੇਖੀ ਗਈ।
ਗ੍ਰਿਫ਼ਤਾਰ ਕੀਤੇ ਗਏ 2 ਮਰਦ ਅਤੇ 2 ਔਰਤਾਂ ਨੂੰ ਕਾਰਵਾਈ ਤੋਂ ਬਾਅਦ ਸ਼ਰਤਾਂ ਦੇ ਆਧਾਰ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਅਗਲੀ ਕੋਰਟ ਪੇਸ਼ੀ ਜਨਵਰੀ ਵਿੱਚ ਹੋਵੇਗੀ।
ਆਰ.ਸੀ.ਐੱਮ.ਪੀ. ਨੇ ਕਿਹਾ ਹੈ ਕਿ ਸਥਿਤੀ ‘ਤੇ ਨਿਗਰਾਨੀ ਜਾਰੀ ਰਹੇਗੀ ਅਤੇ ਸਾਰੇ ਭਾਈਵਾਲਾਂ ਨਾਲ ਮਿਲ ਕੇ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖੀ ਜਾਵੇਗੀ।
ਇਹ ਨਾਕਾਬੰਦੀ 2021 ਦੇ ਫੇਅਰੀ ਕ੍ਰੀਕ ਪ੍ਰਦਰਸ਼ਨਾਂ ਨਾਲ ਜੁੜੇ ਗਰੁੱਪਾਂ ਵੱਲੋਂ ਅਗਸਤ ਮਹੀਨੇ ਵਿੱਚ ਲੱਗੀ ਸੀ, ਜਿਸਦਾ ਮਕਸਦ ਲੌਗਿੰਗ ਟਰੱਕਾਂ ਨੂੰ ਰੋਕਣਾ ਸੀ।

ਰੁਝਾਨ ਖਬਰਾਂ