ਸਰੀ, (ਏਕਜੋਤ ਸਿੰਘ): ਲੋਅਰ ਮੇਨਲੈਂਡ ਦੀ ਰੀਅਲ ਅਸਟੇਟ ਮਾਰਕੀਟ ਵਿੱਚ ਵੀ ਲੰਮੇ ਸਮੇਂ ਤੋਂ ਸੁਸਤ ਚਲ ਰਹੀ ਹੈ। ਅਕਤੂਬਰ ਮਹੀਨੇ ਵਿੱਚ ਗ੍ਰੇਟਰ ਵੈਨਕੂਵਰ ਖੇਤਰ ਵਿੱਚ ਕੁੱਲ 2,225 ਰਿਹਾਇਸ਼ੀ ਵਿਕਰੀਆਂ ਦਰਜ ਹੋਈਆਂ, ਜੋ ਪਿਛਲੇ ਸਾਲ ਦੇ ਅਕਤੂਬਰ ਨਾਲ ਤੁਲਨਾ ਕਰਨ ‘ਤੇ 14.3 ਪ੍ਰਤੀਸ਼ਤ ਘੱਟ ਹਨ।
ਗ੍ਰੇਟਰ ਵੈਨਕੂਵਰ ਰੀਅਲਟਰਜ਼ ਦੇ ਮੁੱਖ ਅਰਥਸ਼ਾਸਤਰੀ ਐਂਡਰੂ ਲਿਸ ਨੇ ਕਿਹਾ ਕਿ ਇਹ ਰੁਝਾਨ ਆਮ ਤੌਰ ‘ਤੇ ਅਕਤੂਬਰ ਮਹੀਨੇ ਦੇ ਮੌਸਮੀ ਧਾਰਿਆਂ ਤੋਂ ਵੱਖ ਹੈ।
ਉਨ੍ਹਾਂ ਨੇ ਕਿਹਾ ਕਿ ”ਸਾਡੇ ਕੋਲ ਅਕਤੂਬਰ ਵਿੱਚ ਆਮ ਤੌਰ ‘ਤੇ ਵਿਕਰੀ ਵਿੱਚ ਵਾਧਾ ਦਿਖਾਈ ਦਿੰਦਾ ਹੈ, ਪਰ ਇਸ ਵਾਰ ਉਹ ਵਾਧਾ ਕੰਮਜੋਰ ਰਿਹਾ।” ਇਸਦੇ ਨਾਲੇ, ਫ੍ਰੇਜ਼ਰ ਵੈਲੀ ਰੀਅਲ ਅਸਟੇਟ ਬੋਰਡ ਵਿੱਚ ਅਕਤੂਬਰ ਵਿੱਚ 1,123 ਵਿਕਰੀਆਂ ਹੋਈਆਂ। ਭਾਵੇਂ ਇਹ ਸਿਤੰਬਰ ਨਾਲੋਂ 17 ਪ੍ਰਤੀਸ਼ਤ ਵੱਧ ਸਨ, ਪਰ ਪਿਛਲੇ ਸਾਲ ਦੇ ਅਕਤੂਬਰ ਨਾਲੋਂ ਇਹ ਵੀ 16 ਪ੍ਰਤੀਸ਼ਤ ਘੱਟ ਹਨ। ਬੋਰਡ ਦੇ ਚੇਅਰ ਟੋਰ ਜੇਕਬਸਨ ਨੇ ਕਿਹਾ ਕਿ ਮਾਰਕੀਟ ਇਸ ਵੇਲੇ ਖਰੀਦਦਾਰਾਂ ਦੇ ਪੱਖ ਵਿੱਚ ਹੈ, ਕਿਉਂਕਿ ਇਨਵੈਂਟਰੀ ਬਹੁਤ ਵੱਧ ਹੈ।
ਉਨ੍ਹਾਂ ਨੇ ਕਿਹਾ ਕਿ ”ਜਦੋਂ ਲਿਸਟਿੰਗਾਂ ਵੱਧਦੀਆਂ ਹਨ, ਵਿਕਰੇਤਾਵਾਂ ਵਿੱਚ ਮੁਕਾਬਲਾ ਵਧ ਜਾਂਦਾ ਹੈ ਅਤੇ ਘਰ ਦੀ ਕੀਮਤ ਵਾਜਬ ਰੱਖਣੀ ਲਾਜ਼ਮੀ ਹੋ ਜਾਂਦੀ ਹੈ। ਜੋ ਘਰ ਉੱਚੀ ਕੀਮਤ ‘ਤੇ ਲਿਸਟ ਹੋ ਰਹੇ ਹਨ, ਉਹ ਮਾਰਕੀਟ ਵਿੱਚ ਲੰਮਾ ਸਮਾਂ ਪਏ ਰਹਿੰਦੇ ਹਨ।” ਮਾਹਿਰਾਂ ਦੇ ਅਨੁਸਾਰ, ਇਸ ਹੌਲਾਪਣ ਦੇ ਪਿੱਛੇ ਆਰਥਿਕ ਅਣਿਸ਼ਚਿਤਤਾ ਮੁੱਖ ਕਾਰਨ ਹੈ। ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਚੱਲ ਰਹੇ ਵਪਾਰਕ ਤਣਾਅ ਨੇ ਘਰ ਖਰੀਦਣ ਵਾਲਿਆਂ ਦੇ ਭਰੋਸੇ ਤੇ ਸੋਚ ਉੱਤੇ ਪ੍ਰਭਾਵ ਪਾਇਆ ਹੈ। ਐਂਡਰੂ ਲਿਸ ਨੇ ਕਿਹਾ ਕਿ ”ਮੂਡ ਬਦਲਿਆ ਹੈ। ਖਰੀਦਦਾਰ ਵੀ ਸੋਚ ਵਿਚ ਹਨ ਅਤੇ ਕਈ ਵਿਕਰੇਤਾ ਵੀ ਨਤੀਜੇ ਲਈ ਥੋੜ੍ਹੇ ਸੰਕੋਚ ਵਿੱਚ ਨੇ।” ਟੋਰ ਜੇਕਬਸਨ ਨੇ ਵੀ ਇਹ ਗੱਲ ਮੰਨੀ ਅਤੇ ਕਿਹਾ ਕਿ ਲੋਕ ਇਹ ਵੇਖ ਰਹੇ ਹਨ ਕਿ ਅਗਲੇ ਕੁਝ ਮਹੀਨਿਆਂ ਵਿੱਚ ਨੌਕਰੀਆਂ, ਅਰਥਵਿਵਸਥਾ ਅਤੇ ਬਾਜ਼ਾਰ ‘ਤੇ ਕੀ ਅਸਰ ਪੈ ਸਕਦਾ ਹੈ। ਇੱਕ ਘਾਟ ਇਹ ਹੈ ਕਿ ਭਾਵੇਂ ਬੈਂਕ ਆਫ ਕੈਨੇਡਾ ਵੱਲੋਂ ਹਾਲ ਹੀ ਵਿੱਚ ਵਿਆਜ ਦਰ ਵਿੱਚ ਕੁਝ ਕਮੀ ਕੀਤੀ ਗਈ ਹੈ, ਪਰ ਗਵਰਨਰ ਟਿਫ਼ ਮੈਕਲਮ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਫਿਲਹਾਲ ਹੋਰ ਕਟੌਤੀ ਦੀ ਉਮੀਦ ਘੱਟ ਹੈ। ਇਸ ਦਾ ਮਤਲਬ ਹੈ ਕਿ ਮਾਰਕੀਟ ਨੂੰ ਤੁਰੰਤ ਗਤੀ ਮਿਲਣ ਦੀ ਸੰਭਾਵਨਾ ਕਮਜ਼ੋਰ ਰਹਿੰਦੀ ਹੈ। ਮਾਹਿਰਾਂ ਦੇ ਅਨੁਸਾਰ, ਰੀਅਲ ਅਸਟੇਟ ਮਾਰਕੀਟ ਅਜੇ ਕੁਝ ਮਹੀਨਿਆਂ ਤੱਕ ਸੰਤੁਲਿਤ ਪਰ ਹੌਲੀ ਰਹੇਗੀ, ਅਤੇ ਇਸ ਵੇਲੇ ਖਰੀਦਦਾਰਾਂ ਲਈ ਚੋਣ ਅਤੇ ਮੁਲਾਂਵਟ ਦਾ ਮੌਕਾ ਵੱਧ ਹੈ। This report was written by Ekjot Singh as part of the Local Journalism Initiative.
ਲੋਅਰ ਮੇਨਲੈਂਡ ‘ਚ ਰੀਅਲ ਅਸਟੇਟ ਮਾਰਕੀਟ ਪਈ ਸੁਸਤ, ਵਿਕਰੀ ਵਿੱਚ ਵੱਡੀ ਗਿਰਾਵਟ

