ਔਟਵਾ : ਸਟੀਵ ਮੈਕਿਨਨ ਕੈਨੇਡਾ ਦੇ ਨਵੇਂ ਲੇਬਰ ਅਤੇ ਸੀਨੀਅਰਜ਼ ਮੰਤਰੀ ਬਣ ਗਏ ਹਨ।
ਵੀਰਵਾਰ ਨੂੰ ਸੀਮਸ ਓ’ਰੀਗਨ ਵੱਲੋਂ ਪਰਿਵਾਰਕ ਕਾਰਨਾਂ ਕਰਕੇ ਲੇਬਰ ਮੰਤਰਾਲੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੈਕਿਨਨ ਨੂੰ ਇਹ ਕੈਬਿਨੇਟ ਜ਼ਿੰਮੇਵਾਰੀ ਸੌਂਪੀ ਗਈ ਹੈ।
ਮੈਕਕਿਨਨ ਦਾ ਕਹਿਣਾ ਹੈ ਕਿ ਉਹ ਇਸ ਮੰਤਰਾਲੇ ਦੀ ਜ਼ਿੰਮੇਵਾਰੀ ਦਾ ਮੌਕਾ ਮਿਲਣ ‘ਤੇ ਸ਼ੁਕਰਗੁਜ਼ਾਰ ਹਨ ਅਤੇ ਉਨ੍ਹਾਂ ਨੇ ਓ’ਰੀਗਨ ਦਾ ਵੀ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ।
ਇਹ ਅਜਿਹੇ ਸਮੇਂ ਵਿਚ ਵਾਪਰ ਰਿਹਾ ਹੈ ਜਦੋਂ ਟੋਰੌਂਟੋ-ਸੇਂਟ ਪੌਲਜ਼ ਰਾਈਡਿੰਗ ਵਿਚ ਲਿਬਰਲਾਂ ਦੀ ਹਾਰ ਤੋਂ ਬਾਅਦ ਕਈ ਲਿਬਰਲ ਐਮਪੀਜ਼ ਨੇ ਨਿੱਜੀ ਤੌਰ ‘ਤੇ ਅਤੇ ਜਨਤਕ ਤੌਰ ‘ਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਪਾਰਟੀ ਨੀਤੀ ‘ਤੇ ਚਰਚਾ ਕਰਨ ਲਈ ਇੱਕ ਮਜ਼ਬੂਤ ਬੈਠਕ ਕਰਨ ਦੀ ਮੰਗ ਕੀਤੀ ਸੀ।
ਆਪਣੇ ਸਹੁੰ-ਚੁੱਕ ਸਮਾਗਮ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੈਕਿਨਨ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਸਰਕਾਰਾਂ ਕੋਲ ਹਰ ਰੋਜ਼ ਕੈਨੇਡੀਅਨਜ਼ ਨੂੰ ਹੱਲ ਪੇਸ਼ ਕਰਨਾ ਜਾਰੀ ਰੱਖਣ ਦੀ ਚੁਣੌਤੀ ਹੈ। ਅਸੀਂ ਸਪੱਸ਼ਟ ਤੌਰ ‘ਤੇ ਅਜਿਹਾ ਕਰਨਾ ਜਾਰੀ ਰੱਖਾਂਗੇ। ਅਸੀਂ ਉਹਨਾਂ ਨੀਤੀਆਂ ਵਿੱਚ ਬਹੁਤ ਭਰੋਸਾ ਰੱਖਦੇ ਹਾਂ ਜੋ ਅਸੀਂ ਤੈਅ ਕੀਤੀਆਂ ਹਨ”।
ਕਾਕਸ ਦੇ ਮੈਂਬਰਾਂ ਵਿੱਚ ਅਸੰਤੁਸ਼ਟੀ ਦੀਆਂ ਚਰਚਾਵਾਂ ‘ਤੇ, ਮੈਕਿਨਨ ਨੇ ਕਿਹਾ ਕਿ ਲਿਬਰਲਾਂ ਵਿਚਕਾਰ ਹਮੇਸ਼ਾ ਵਿਚਾਰਾਂ ਦੀ ਵਿਿਭੰਨਤਾ ਹੁੰਦੀ ਹੈ, ਪਰ ਹਰ ਕੋਈ ਟ੍ਰੂਡੋ ਦੇ ਸਮਰਥਨ ਵਿਚ ਹੈ।
ਪ੍ਰਿੰਸ ਐਡਵਰਡ ਆਈਲੈਂਡ ਵਿੱਚ ਜਨਮੇ, ਮੈਕਿਨਨ ਨੇ ਹਾਲ ਹੀ ਵਿੱਚ ਗਵਰਨਮੈਂਟ ਹਾਊਸ ਲੀਡਰ ਦਾ ਅਹੁਦਾ ਸੰਭਾਲਿਆ ਸੀ। ਕਰੀਨਾ ਗੋਲਡ ਦੇ ਜਣੇਪਾ ਛੁੱਟੀ ‘ਤੇ ਜਾਣ ਕਰਕੇ ਮੈਕਿਨਨ ਨੂੰ ਇਸ ਅਹੁਦੇ ਦੀ ਆਰਜ਼ੀ ਜ਼ਿੰਮੇਵਾਰੀ ਦਿੱਤੀ ਗਈ ਸੀ। ਕਰੀਨਾ ਜੁਲਾਈ ਦੇ ਅੰਤ ਵਿਚ ਇਸ ਅਹੁਦੇ ‘ਤੇ ਵਾਪਸ ਆ ਜਾਣਗੇ।
ਸਟੀਵ ਮੈਕਿਨਨ ਪਹਿਲੀ ਵਾਰੀ 2015 ਵਿਚ ਐਮਪੀ ਬਣੇ ਸਨ, ਜਦੋਂ ਟ੍ਰੂਡੋ ਸਰਕਾਰ ਨੇ ਬਹੁਮਤ ਪ੍ਰਾਪਤ ਕੀਤਾ ਸੀ। ਮੈਕਿਨਨ ਸਰਕਾਰੀ ਵ੍ਹਿੱਪ ਅਤੇ ਡਿਪਟੀ ਹਾਊਸ ਲੀਡਰ ਵੀ ਰਹਿ ਚੁੱਕੇ ਹਨ।