Saturday, November 23, 2024
10.8 C
Vancouver

ਰੁੱਖ ਲਗਾਈਏ ਪੰਜਾਬ ਬਚਾਈਏ

ਲਿਖਤ : ਡਾ. ਰਣਜੀਤ ਸਿੰਘ

ਸੰਪਰਕ : 94170 – 87328

ਇਸ ਸਾਲ ਪਿਛਲੇ ਸਾਲਾਂ ਨਾਲੋਂ ਵਧ ਗਰਮੀ ਪਈ ਹੈ। ਦਿਨ ਦੇ ਤਾਪਮਾਨ ਵਿੱਚ ਵਾਧਾ ਧਰਤੀ ਉੱਤੇ ਜੀਵਨ ਲਈ ਖਤਰਾ ਬਣ ਰਿਹਾ ਹੈ। ਆਲਮੀ ਤਪਸ਼ ਵਿੱਚ ਹੋ ਰਹੇ ਵਾਧੇ ਲਈ ਅਸੀਂ ਆਪ ਜ਼ਿੰਮੇਵਾਰ ਹਾਂ। ਕਦੇ ਸਮਾਂ ਸੀ ਜਦੋਂ ਜੇਠ ਮਹੀਨੇ ਸਿਖਰ ਦੁਪਹਿਰੇ ਕਣਕ ਦੀ ਗਹਾਈ ਕੀਤੀ ਜਾਂਦੀ ਸੀ। ਸਾਡਾ ਸਕੂਲ ਪਿੰਡੋਂ ਕੋਈ ਚਾਰ ਕਿਲੋਮੀਟਰ ਦੂਰ ਸੀ। ਦੁਪਹਿਰੇ ਛੁੱਟੀ ਪਿੱਛੋਂ ਪੈਦਲ ਹੀ ਘਰ ਆਈਦਾ ਸੀ। ਪਰ ਹੁਣ ਦੁਪਹਿਰੇ ਘਰੋਂ ਬਾਹਰ ਪੈਰ ਪਾਉਣ ਦਾ ਹੌਸਲਾ ਨਹੀਂ ਪੈਂਦਾ। ਇੰਝ ਜਾਪਦਾ ਹੈ ਜਿਵੇਂ ਬਾਹਰ ਅੱਗ ਵਰਸ ਰਹੀ ਹੋਏ। ਇਸ ਬਦਲਦੀ ਸਥਿਤੀ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਅਸੀਂ ਬੇਰਹਿਮੀ ਨਾਲ ਰੁੱਖਾਂ ਦੀ ਕਟਾਈ ਕੀਤੀ ਹੈ। ਕਦੇ ਸਮਾਂ ਸੀ ਜਦੋਂ ਹਰੇਕ ਪਿੰਡ ਦੀ ਆਪਣੀ ਝਿੜੀ ਹੁੰਦੀ ਸੀ। ਬਾਗ ਬਗੀਚੇ ਆਮ ਸਨ। ਲੋਕੀਂ ਗਰਮੀਆਂ ਦੀਆਂ ਦੁਪਹਿਰਾਂ ਆਮ ਕਰਕੇ ਰੁੱਖਾਂ ਹੇਠ ਹੀ ਕੱਟਦੇ ਸਨ। ਪਰ ਮੁਰੱਬੇਬੰਦੀ ਪਿੱਛੋਂ ਕਿਸਾਨਾਂ ਨੇ ਰੁੱਖਾਂ ਦੀ ਬੇਰਹਿਮੀ ਨਾਲ ਕਟਾਈ ਕੀਤੀ ਹੈ। ਸਿੰਚਾਈ ਸਹੂਲਤਾਂ ਵਿੱਚ ਹੋਏ ਵਾਧੇ ਕਾਰਨ ਵੱਧ ਤੋਂ ਵੱਧ ਧਰਤੀ ਨੂੰ ਵਾਹੀ ਹੇਠ ਲਿਆਉਣ ਦੇ ਲਾਲਚ ਵਿੱਚ ਰੁੱਖਾਂ ਦੀ ਕਟਾਈ ਕੀਤੀ ਗਈ। ਦੁਆਬੇ ਵਿੱਚ ਅੰਬਾਂ ਦੇ ਬਾਗ ਆਮ ਸਨ। ਹਰੇਕ ਕਿਸਾਨ ਦੇ ਖੂਹ ਉੱਤੇ ਵੀ ਦੋ ਚਾਰ ਰੁੱਖ ਹੁੰਦੇ ਸਨ। ਸਾਡੇ ਪਿੰਡਾਂ ਵਿੱਚ ਤਾਂ ਢੱਕ ਦੇ ਜੰਗਲ ਹੁੰਦੇ ਹਨ। ਦੁਪਹਿਰ ਵੇਲੇ ਢੱਕ ਦੇ ਲਾਲ ਰੰਗ ਦੇ ਫੁੱਲ ਇੰਝ ਜਾਪਦੇ ਸਨ, ਜਿਵੇਂ ਅੱਗ ਲੱਗੀ ਹੋਵੇ।

ਅੱਜ ਤੋਂ ਪੰਜਾਹ ਸਾਲ ਪਹਿਲਾਂ ਫਰਿੱਜ ਅਤੇ ਏ ਸੀ ਨਹੀਂ ਸਨ। ਕਾਰਾਂ, ਮੋਟਰ ਸਾਈਕਲ ਜਾਂ ਸਕੂਟਰ ਵੀ ਵਿਰਲੇ ਟਾਵੇਂ ਹੀ ਸਨ। ਹੁਣ ਪੰਜਾਬ ਦੇ ਬਹੁਤੇ ਘਰਾਂ, ਦਫਤਰਾਂ, ਦੁਕਾਨਾਂ ਆਦਿ ਵਿੱਚ ਏ ਸੀ ਲੱਗ ਗਏ ਹਨ। ਫਰਿੱਜ ਵੀ ਲਗਭਗ ਹਰੇਕ ਘਰ ਵਿੱਚ ਹੈ। ਵਾਹਨ ਵੀ ਹਰੇਕ ਘਰ ਵਿੱਚ ਹੀ ਹੈ। ਇਨ੍ਹਾਂ ਵਿੱਚੋਂ ਨਿਕਲਦੀਆਂ ਗੈਸਾਂ ਤਪਸ਼ ਵਿੱਚ ਵਾਧਾ ਕਰਦੀਆਂ ਹਨ।

ਪੰਜਾਬ ਦਾ ਵਾਤਾਵਰਣ ਬੜੀ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਇਸਦੇ ਬਹੁਤ ਸਾਰੇ ਕਾਰਨ ਹਨ ਪਰ ਇੱਕ ਮੁੱਖ ਕਾਰਨ ਪੰਜਾਬ ਵਿੱਚ ਘਟ ਰਹੀ ਰੁੱਖਾਂ ਦੀ ਗਿਣਤੀ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਰੁੱਖਾਂ ਉੱਤੇ ਮਾਣ ਸੀ। ਰੁੱਖ ਤਾਂ ਉੱਥੇ ਹੀ ਹੁੰਦੇ ਹਨ ਜਿੱਥੇ ਪਾਣੀ ਹੋਵੇ, ਪੰਜਾਬ ਨੂੰ ਤਾਂ ਪਾਣੀਆਂ ਦਾ ਸੂਬਾ ਆਖਿਆ ਜਾਂਦਾ ਹੈ। ਇਸ ਕਰਕੇ ਇੱਥੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ। ਪੰਜਾਬ ਨੂੰ ਪੀਰਾਂ, ਭਗਤਾਂ ਤੇ ਗੁਰੂ ਸਾਹਿਬਾਨ ਦੀ ਧਰਤੀ ਆਖਿਆ ਜਾਂਦਾ ਹੈ। ਇੱਥੋਂ ਦੇ ਦਰਿਆਵਾਂ ਕੰਢੇ ਰੁੱਖਾਂ ਹੇਠ ਬੈਠ ਕੇ ਮਹਾਂਪੁਰਖਾਂ ਨੇ ਭਗਤੀ ਕੀਤੀ ਤੇ ਆਪਣਾ ਸੁਨੇਹਾ ਲੋਕਾਈ ਨੂੰ ਦਿੱਤਾ। ਭਾਰਤ ਦੇ ਸਭ ਤੋਂ ਪਵਿੱਤਰ ਮੰਨੇ ਗਏ ਚਾਰ ਹੀ ਗ੍ਰੰਥਾਂ ਦੀ ਰਚਨਾ ਪੰਜਾਬ ਵਿੱਚ ਰੁੱਖਾਂ ਹੇਠ ਬੈਠ ਕੀਤੀ ਗਈ। ਸੰਸਾਰ ਦੀ ਸਭ ਤੋਂ ਪੁਰਾਣੀ ਮੰਨੀ ਜਾਂਦੀ ਪੁਸਤਕ ਵੇਦਾਂ ਦੀ ਰਚਨਾ ਰਿਸ਼ੀਆਂ ਨੇ ਰੁੱਖਾਂ ਹੇਠ ਬੈਠ ਕੇ ਹੀ ਕੀਤੀ ਸੀ। ਮਹਾਂਰਿਸ਼ੀ ਬਾਲਮੀਕ ਜੀ ਨੇ ਰਾਮਾਇਣ ਦੀ ਰਚਨਾ ਵੀ ਅੰਮ੍ਰਿਤਸਰ ਨੇੜੇ ਆਪਣੀ ਬਾਟਿਕਾ ਵਿੱਚ ਹੀ ਕੀਤੀ ਸੀ। ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਕੁਰੂਕਸ਼ੇਤਰ ਨੇੜੇ ਜਿਯੋਤੀਸਰ ਵਿਖੇ ਇੱਕ ਰੁੱਖ ਹੇਠ ਹੀ ਬੈਠ ਦਿੱਤਾ ਸੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਲਿਖਾਈ ਰਾਮਸਰ ਸਾਹਿਬ ਵਿਖੇ ਰੁੱਖਾਂ ਹੇਠ ਬੈਠ ਕੇ ਹੀ ਕੀਤੀ ਸੀ। ਅੰਮ੍ਰਿਤਸਰ ਸਾਹਿਬ ਵਿਖੇ ਹੀ ਪਵਿੱਤਰ ਸਰੋਵਰ ਦੀ ਖੁਦਾਈ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਗੁਰੂ ਸਾਹਿਬਾਨ ਨੇ ਰੁੱਖਾਂ ਹੇਠ ਬੈਠ ਕੇ ਹੀ ਕਰਵਾਈ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਲਗਭਗ ਸਾਰੀ ਬਾਣੀ ਬਾਣੀਕਾਰਾਂ ਮਹਾਂਪੁਰਖਾਂ ਨੇ ਰੁੱਖਾਂ ਹੇਠ ਬੈਠ ਪ੍ਰਮਾਤਮਾ ਨਾਲ ਇਕਮਿਕ ਹੋ ਕੇ ਹੀ ਉਚਾਰੀ ਸੀ। ਸਿੱਖ ਧਰਮ ਨੇ ਤਾਂ ਰੁੱਖਾਂ ਨੂੰ ਸਾਹਿਬੀ ਬਖਸ਼ੀ ਹੈ। ਬਹੁਤ ਸਾਰੇ ਗੁਰੂ ਘਰ ਰੁੱਖਾਂ ਦੇ ਨਾਮ ਉੱਤੇ ਹਨ ਜਿਵੇਂ ਕਿ ਅੰਬ ਸਾਹਿਬ, ਜੰਡ ਸਾਹਿਬ, ਟਾਹਲੀ ਸਾਹਿਬ, ਰੀਠਾ ਸਾਹਿਬ ਆਦਿ।

ਸਾਰੇ ਗੁਰੂ ਸਾਹਿਬਾਨ ਦਾ ਰੁੱਖਾਂ ਨਾਲ ਅਥਾਹ ਪਿਆਰ ਸੀ। ਇਹ ਆਖਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਬਸਤੀ ਦੇ ਬਾਹਰ ਕਿਸੇ ਰੁੱਖ ਹੇਠ ਹੀ ਡੇਰਾ ਲਗਾਉਂਦੇ ਸਨ ਤੇ ਭਾਈ ਮਰਦਾਨੇ ਦੀ ਰਬਾਬ ਉੱਤੇ ਬਾਣੀ ਦਾ ਉਚਾਰਨ ਕਰਦੇ ਸਨ। ਦੂਜੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਰੁੱਖਾਂ ਹੇਠ ਸਕੂਲ ਖੋਲ੍ਹੇ ਤੇ ਲੋਕਾਈ ਲਈ ਵਿੱਦਿਆ ਦੇ ਦਰਵਾਜੇ ਖੋਲ੍ਹੇ ਸਨ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ 12 ਵਰ੍ਹੇ ਆਪਣੇ ਮੁਰਸ਼ਦ ਦੀ ਤਨ ਤੇ ਮਨ ਨਾਲ ਸੇਵਾ ਕੀਤੀ। ਉਹ ਖਡੂਰ ਸਾਹਿਬ ਵਿੱਚ ਭਗਤੀ ਅਤੇ ਆਰਾਮ ਇੱਕ ਰੁੱਖ ਹੇਠ ਹੀ ਕਰਦੇ ਸਨ। ਇਹ ਪਵਿੱਤਰ ਰੁੱਖ ਹੁਣ ਵੀ ਉੱਥੇ ਸ਼ੁਸ਼ੋਬਿਤ ਹੈ। ਚੌਥੇ ਸਤਿਗੁਰੂ ਸ੍ਰੀ ਰਾਮ ਦਾਸ ਜੀ ਨੇ ਕੋਈ 28 ਸਾਲ ਆਪਣੇ ਮੁਰਸ਼ਦ ਤੀਜੇ ਗੁਰੂ ਦੀ ਸੇਵਾ ਕੀਤੀ ਉਹ ਵੀ ਭਗਤੀ ਅਤੇ ਆਰਾਮ ਰੁੱਖਾਂ ਹੇਠ ਹੀ ਕਰਦੇ ਸਨ। ਉਨ੍ਹਾਂ ਨੇ ਜੰਗਲ ਵਿੱਚ ਮੰਗਲ ਕੀਤਾ ਅਤੇ ਸ੍ਰੀ ਅੰਮ੍ਰਿਤਸਰ ਨਗਰ ਵਸਾਇਆ। ਪਵਿੱਤਰ ਸਰੋਵਰ ਦੀ ਕਾਰ ਸੇਵਾ ਵੀ ਆਪਜੀ ਨੇ ਦੁਖਭੰਜਨੀ ਬੇਰੀ ਹੇਠ ਬੈਠ ਹੀ ਕਰਵਾਉਂਦੇ ਸਨ। ਪੰਜਵੇਂ ਪਾਤਸ਼ਾਹ ਨੇ ਵੀ ਇਸੇ ਬੇਰੀ ਹੇਠ ਬੈਠ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਰੁੱਖਾਂ ਹੇਠ ਬੈਠ ਕੇ ਹੀ ਕੀਤੀ। ਛੇਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੇ ਰਮਣੀਕ ਜੰਗਲ ਵਿੱਚ ਡੇਰੇ ਲਗਾਏ ’ਤੇ ਇੱਕ ਸੁੰਦਰ ਬਗੀਚੀ ਦਾ ਨਿਰਮਾਣ ਕੀਤਾ। ਸਵਤੇਂ ਅਤੇ ਅੱਠਵੇਂ ਗੁਰੂ ਸਾਹਿਬਾਨਾਂ ਦਾ ਬਚਪਨ ਇਸੇ ਬਗੀਚੀ ਵਿੱਚ ਬੀਤਿਆ। ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਤਾਂ ਦੁਰਲੱਭ ਜੜ੍ਹੀ ਬੂਟੀਆਂ ਦਾ ਬਗੀਚਾ ਵੀ ਬਣਾਇਆ। ਜੰਗਲੀ ਜੀਵ ਜੰਤੂਆਂ ਲਈ ਜੰਗਲ ਦੀ ਰਾਖੀ ਕੀਤੀ। ਇਸੇ ਕਰਕੇ ਉਨ੍ਹਾਂ ਦੀ ਗੁਰਤਾਗੱਦੀ ਦਿਵਸ ਨੂੰ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਆਖਰੀ ਸਮੇਂ ਦਿੱਲੀ ਵਿਖੇ ਜਮਨਾ ਨਦੀ ਦੇ ਕਿਨਾਰੇ ਇੱਕ ਰੁੱਖ ਹੇਠ ਬੈਠ ਹੀ ਸਰੀਰ ਤਿਆਗਿਆ ਸੀ। ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੰਗਲ ਵਿੱਚ ਹੀ ਅਨੰਦਪੁਰ ਨਗਰ ਵਸਾ ਕੇ ਉੱਥੇ ਡੇਰੇ ਲਗਾਏ ਸਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਾਰੀ ਬਾਣੀ ਦੀ ਰਚਨਾ, ਭਵਿੱਖੀ ਨੀਤੀ ਦੀ ਤਿਆਰੀ ਜੰਗਲ ਵਿੱਚ ਬੈਠ ਕੇ ਹੀ ਕੀਤੀ ਸੀ। ਉਨ੍ਹਾਂ ਦਾ ਪਹਿਲਾ ਚਿੰਤਨ ਸ਼ਿਵਰ ਜਮਨਾ ਦੇ ਕੰਢੇ ਜੰਗਲ ਵਿੱਚ ਲੱਗਿਆ ਸੀ। ਇੱਕ ਪਾਸੇ ਉੱਚਾ ਪਹਾੜ ਤੇ ਦੂਜੇ ਪਾਸੇ ਸੰਘਣਾ ਜੰਗਲ। ਇੱਥੇ ਜਮਨਾ ਬਿਲਕੁਲ ਸ਼ਾਂਤ ਵਗਦੀ ਹੈ। ਇਸ ਪਵਿੱਤਰ ਸਥਾਨ ਨੂੰ ਹੁਣ ਪਾਉਂਟਾ ਸਾਹਿਬ ਆਖਿਆ ਜਾਂਦਾ ਹੈ, ਭਾਵ ਚਰਨਾਂ ਦੀ ਛੋਹ। ਗੁਰੂ ਜੀ ਨੇ ਦੂਜਾ ਪੜਾ ਤਲਵੰਡੀ ਸਾਬੋ (ਹੁਣ ਦਮਦਮਾ ਸਾਹਿਬ) ਵਿਖੇ ਇੱਕ ਝਿੜੀ ਵਿੱਚ ਹੀ ਕੀਤਾ ਸੀ। ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਸਤਿਗੁਰੂ ਦੀ ਬਾਣੀ ਨੂੰ ਦਰਜ ਕਰਕੇ ਸੰਪੂਰਨਾ ਦੀ ਬਖਸ਼ਿਸ਼ ਕੀਤੀ ਸੀ।

ਬਹੁਤ ਸਾਲ ਜੰਗਲ ਹੀ ਸਿੱਖਾਂ ਦੇ ਘਰ ਰਹੇ ਹਨ। ਪੰਜਾਬੀ ਤਾਂ ਰੁੱਖਾਂ ਦੀ ਪੂਜਾ ਕਰਦੇ ਹਨ। ਹਰ ਪਿੰਡ ਵਿੱਚ ਰੁੱਖਾਂ ਦੀ ਝਿੜੀ ਹੁੰਦੀ ਸੀ। ਕਿਸਾਨਾਂ ਦੇ ਖੇਤਾਂ ਅਤੇ ਰਾਹਾਂ ਉੱਤੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ। ਲੋਕੀਂ ਗਰਮੀਆਂ ਦੀਆਂ ਦੁਪਹਿਰਾਂ ਰੁੱਖਾਂ ਹੇਠ ਹੀ ਕੱਟਦੇ ਸਨ। ਰੁੱਖਾਂ ਦੀ ਪਹਿਲੀ ਕਟਾਈ ਮੁਰੱਬੇਬੰਦੀ ਸਮੇਂ ਹੋਈ। ਜ਼ਮੀਨ ਦੀ ਅਦਲਾ ਬਦਲੀ ਸਮੇਂ ਕਿਸਾਨਾਂ ਨੇ ਆਪੋ ਆਪਣੇ ਰੁੱਖ ਵੱਢ ਲਏ। ਜਿਹੜੇ ਥੋੜ੍ਹੇ ਬਹੁਤੇ ਰੁੱਖ ਸਨ ਉਹ ਘਣੀ ਖੇਤੀ ਕਾਰਨ ਵੱਧ ਤੋਂ ਵੱਧ ਧਰਤੀ ਵਾਹੀ ਹੇਠ ਲਿਆਉਣ ਲਈ ਵੱਢੇ ਗਏ। ਸੜਕਾਂ ਕੰਢੇ ਰੁੱਖ ਲਗਾਉਣ ਦੀ ਮੁਹਿੰਮ ਚਲੀ ਸੀ। ਬਹੁਤੀਆਂ ਸੜਕਾਂ ਹੁਣ ਰੁੱਖਾਂ ਦੇ ਵੱਡੇ ਹੋਣ ਨਾਲ ਠੰਢੀਆਂ ਸੜਕਾਂ ਬਣ ਗਈਆਂ ਸਨ ਪਰ ਹੁਣ ਇਨ੍ਹਾਂ ਸੜਕਾਂ ਨੂੰ ਚੌੜਿਆਂ ਕਰਨ ਦੇ ਪ੍ਰੋਗਰਾਮ ਅਧੀਨ ਲਗਭਗ ਸਾਰੇ ਹੀ ਰੁੱਖ ਵੱਢੇ ਗਏ ਹਨ। ਸੜਕਾਂ ਇੰਨੀਆਂ ਚੌੜੀਆਂ ਹੋ ਗਈਆਂ ਹਨ ਕਿ ਨਵੇਂ ਰੁੱਖ ਲਗਾਉਣ ਲਈ ਥਾਂ ਹੀ ਨਹੀਂ ਰਹੀ। ਪੰਜਾਬ ਵਿੱਚ ਹਰੇਕ ਵਰ੍ਹੇ ਲੱਖਾਂ ਰੁੱਖ ਲਗਾਏ ਜਾਂਦੇ ਹਨ ਪਰ ਇਨ੍ਹਾਂ ਦੀ ਦੇਖ ਰੇਖ ਦੀ ਅਣਗਹਿਲੀ ਕਾਰਨ ਇਹ ਆਮ ਕਰਕੇ ਮਰ ਜਾਂਦੇ ਹਨ। ਪੰਜਾਬ ਵਿੱਚ ਰੁੱਖਾਂ ਦੀ ਗਿਣਤੀ ਘਟ ਰਹੀ ਹੈ। ਵਾਤਾਵਰਣ ਦੀ ਸਫਾਈ ਰੁੱਖ ਹੀ ਕਰਦੇ ਹਨ, ਉਹ ਹੁਣ ਨਹੀਂ ਹੋ ਰਹੀ। ਰੁੱਖ ਅਤੇ ਮਨੁੱਖ ਦਾ ਰਿਸ਼ਤਾ ਆਦਿ ਜੁਗਾਦ ਤੋਂ ਹੀ ਰਿਹਾ ਹੈ। ਪਹਿਲਾਂ ਤਾਂ ਮਨੁੱਖ ਦਾ ਠਿਕਾਣਾ ਹੀ ਰੁੱਖਾਂ ਹੇਠ ਸੀ। ਮੁੜ ਹਰੇਕ ਘਰ ਦੇ ਵਿਹੜੇ ਰੁੱਖ ਜ਼ਰੂਰ ਹੁੰਦਾ ਸੀ। ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰੇਕ ਕਿਸਾਨ ਦੇ ਖੇਤਾਂ ਵਿੱਚ ਕੁਝ ਰੁੱਖ ਜ਼ਰੂਰ ਹੁੰਦੇ ਸਨ। ਹੁਣ ਤਾਂ ਹਰ ਪਾਸੇ ਸੁੰਨਾ ਸੁੰਨਾ ਹੀ ਲੱਗ ਰਿਹਾ ਹੈ।

ਪੰਜਾਬ ਦੇ ਵਾਤਾਵਰਣ ਦੀ ਸੰਭਾਲ, ਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿੱਚ ਵਾਧੇ ਲਈ ਰੁੱਖ ਲਗਾਉਣ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਬਰਸਾਤ ਦਾ ਮੌਸਮ (ਜੁਲਾਈ-ਅਗਸਤ) ਸਦਾ ਬਹਾਰ ਰੁੱਖ ਲਗਾਉਣ ਲਈ ਬਹੁਤ ਢੁਕਵਾਂ ਹੈ। ਇਨ੍ਹਾਂ ਦੋ ਮਹੀਨਿਆਂ ਵਿੱਚ ਪੰਜਬ ਵਿੱਚ ਵੱਧ ਤੋਂ ਵੱਧ ਰੁਖ ਲਗਾਉਣੇ ਚਾਹੀਦੇ ਹਨ ਪਰ ਇਸਦੇ ਨਾਲ ਹੀ ਰੁੱਖਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ। ਹਰੇਕ ਕਿਸਾਨ ਨੂੰ ਇਸ ਵਾਰ ਪੰਜ ਰੁੱਖਾਂ ਦਾ ਟੀਚਾ ਮਿੱਥਣਾ ਚਾਹੀਦਾ ਹੈ। ਉਸ ਨੂੰ ਆਪਣੇ ਬੰਬੀ ਉੱਤੇ ਜਾਂ ਖੇਤ ਦੇ ਬੰਨਿਆਂ ਉੱਤੇ ਘੱਟੋ ਘੱਟ ਪੰਜ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ। ਪੰਜਾਬ ਵਿੱਚ ਲੱਕੜ ਦੀ ਘਾਟ ਹੈ। ਲੱਕੜ ਵੇਚ ਕੇ ਪੈਸੇ ਵੀ ਕਮਾਏ ਜਾ ਸਕਦੇ ਹਨ। ਸਾਡੀਆਂ ਪੰਚਾਇਤਾਂ ਇਸ ਪਾਸੇ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਕੁਝ ਥਾਵੀਂ ਪੰਚਾਇਤਾਂ ਦੇ ਸਹਿਯੋਗ ਨਾਲ ਅਜਿਹੇ ਤਜਰਬੇ ਕੀਤੇ ਗਏ ਹਨ ਜਿਹੜੇ ਚੋਖੇ ਸਫਲ ਹੋਏ ਹਨ। ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਹੋਰਾਂ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ ਨੂੰ ਰੁੱਖਾਂ ਨਾਲ ਸ਼ਿੰਗਾਰ ਦਿੱਤਾ ਹੈ। ਪੰਜਾਬ ਦੇ ਮਹਾਂਪੁਰਖਾਂ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ। ਇਹ ਦੋ ਮਹੀਨੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਜਾਵੇ ਅਤੇ ਸੰਗਤ ਨੂੰ ਇਨ੍ਹਾਂ ਬੂਟਿਆਂ ਦੀ ਬੱਚਿਆਂ ਵਾਂਗ ਦੇਖਭਾਲ ਦਾ ਆਦੇਸ਼ ਵੀ ਦੇਣ। ਆਪ ਵੀ ਸਮੇਂ ਸਮੇਂ ਸਿਰ ਪਿੰਡਾਂ ਵਿੱਚ ਜਾ ਕੇ ਇਸ ਮੁਹਿੰਮ ਦੀ ਅਗਵਾਈ ਕੀਤੀ ਜਾਵੇ। ਰੁੱਖ ਲਗਾਉਣਾ ਵਿਖਾਵਾ ਨਹੀਂ ਬਣਨਾ ਚਾਹੀਦਾ, ਸਗੋਂ ਪੂਰੀ ਯੋਜਨਾ ਅਨੁਸਾਰ ਰੁੱਖ ਚੋਣ ਕਰਕੇ ਸਹੀ ਢੰਗ ਨਾਲ ਉਨ੍ਹਾਂ ਨੂੰ ਲਗਾਇਆ ਜਾਵੇ। ਮੁੜ ਬੱਚਿਆਂ ਵਾਂਗ ਉਨ੍ਹਾਂ ਦੀ ਸੰਭਾਲ ਜ਼ਰੂਰੀ ਹੈ। ਰੁੱਖ ਲਗਾਉਣ ਸਮੇਂ ਦੀਆਂ ਤਸਵੀਰਾਂ ਦੀ ਥਾਂ ਵੱਡੇ ਹੋਏ ਰੁੱਖਾਂ ਨਾਲ ਤਸਵੀਰਾਂ ਖਿਚਾਉਣੀਆਂ ਚਾਹੀਦੀਆਂ ਹਨ।

ਕਿਸਾਨਾਂ ਵੱਲੋਂ ਵਣ ਖੇਤੀ ਬਾਰੇ ਵੀ ਸੋਚਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਵਿੱਚ ਆ ਰਹੀ ਗਿਰਾਵਟ ਨੂੰ ਵੇਖਦਿਆਂ ਹੋਇਆਂ ਵੀ ਪੰਜਾਬ ਵਿੱਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਕੁਝ ਰਕਬੇ ਵਿੱਚ ਵਣ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ। ਮੁਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਵਣ ਖੇਤੀ ਰਾਹੀਂ ਫਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਖੇਚਲ ਵੀ ਬਹੁਤ ਘੱਟ ਹੈ। ਰਸਾਇਣਾਂ ਦੀ ਵੀ ਨਾ ਮਾਤਰ ਹੀ ਲੋੜ ਪੈਂਦੀ ਹੈ। ਹੁਣ ਸਫੈਦਾ, ਕਿੱਕਰ, ਪਹਾੜੀ ਕਿੱਕਰ, ਟਾਹਲੀ, ਨਿੰਮ, ਤੂਤ, ਸਾਗਵਾਨ ਅਤੇ ਡੇਕ ਦੇ ਰੁੱਖ ਲਗਾਏ ਜਾ ਸਕਦੇ ਹਨ। ਜੇਕਰ ਵਣ ਖੇਤੀ ਕਰਨੀ ਹੈ ਤਾਂ ਟੋਏ ਪੁੱਟ ਲਵੋ। ਇੱਕ ਮੀਟਰ ਘੇਰਾ ’ਤੇ ਇੱਕ ਮੀਟਰ ਹੀ ਡੂੰਘਾ ਟੋਇਆ ਪੁੱਟਿਆ ਜਾਵੇ। ਸਫੈਦੇ ਦੇ ਬੂਟੇ ਲਗਾਉਣ ਸਮੇਂ ਲਾਈਨਾਂ ਵਿਚਕਾਰ ਚਾਰ ਅਤੇ ਬੂਟਿਆਂ ਵਿਚਕਾਰ ਦੋ ਮੀਟਰ ਦਾ ਫਾਸਲਾ ਰੱਖਿਆ ਜਾਵੇ।

ਜੇਕਰ ਕਿੱਕਰ, ਡੇਕ ਤੇ ਨਿੰਮ ਦੇ ਬੂਟੇ ਲਗਾਉਣੇ ਹਨ ਤਾਂ ਕਤਾਰਾਂ ਅਤੇ ਰੁੱਖਾਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਿਆ ਜਾਵੇ। ਜੇਕਰ ਬੂਟਿਆਂ ਨੂੰ ਵੱਟਾਂ ਉੱਤੇ ਲਗਾਉਣਾ ਹੈ ਤਾਂ ਬੂਟਿਆਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ। ਟਾਹਲੀ ਲਈ 2ਯ2 ਮੀਟਰ ਦਾ ਫਾਸਲਾ ਰੱਖੋ। ਸਾਗਵਾਨ ਦੇ ਬੂਟੇ 2ਯ2 ਮੀਟਰ ਉੱਤੇ ਲਗਾਏ ਜਾਣ। ਇਨ੍ਹਾਂ ਰੁੱਖਾਂ ਦੇ ਨਾਲ ਕੁਝ ਸਜਾਵਟੀ ਰੁੱਖ ਵੀ ਲਗਾਏ ਜਾ ਸਕਦੇ ਹਨ। ਗੁਲਮੋਹਰ, ਰਾਤ ਦੀ ਰਾਣੀ, ਚਾਂਦਨੀ, ਰਾਹਫ਼ੀਮੀਆ, ਮੋਤੀਆ, ਸਾਵਨੀ, ਕਨੇਰ, ਹਾਰ ਸ਼ਿੰਗਾਰ ਸਜਾਵਟੀ ਬੂਟੇ ਹਨ। ਇਸ ਵਾਰ ਪੰਜਾਬ ਵਿੱਚ ‘ਰੁੱਖ ਲਗਾਵੋ’ ਮੁਹਿੰਮ ਸਹੀ ਅਰਥਾਂ ਵਿੱਚ ਸ਼ੁਰੂ ਕਰਨੀ ਚਾਹੀਦੀ ਹੈ, ਕੇਵਲ ਰਸਮ ਜਾਂ ਫੋਟੋਗ੍ਰਾਫੀ ਲਈ ਹੀ ਅਜਿਹਾ ਨਾ ਕੀਤਾ ਜਾਵੇ। ਬੇਸ਼ਕ ਰੁੱਖ ਘਟ ਗਿਣਤੀ ਵਿੱਚ ਲਗਾਏ ਜਾਣ ਪਰ ਉਨ੍ਹਾਂ ਦੀ ਸਾਂਭ ਸੰਭਾਲ ਦਾ ਪੂਰਾ ਪ੍ਰਬੰਧ ਜ਼ਰੂਰ ਕੀਤਾ ਜਾਵੇ। ਲੋਹੇ ਦੇ ਗਾਰਡ ਲਗਾਏ ਜਾਣ ਅਤੇ ਸਮੇਂ ਸਿਰ ਪਾਣੀ ਦਿੱਤਾ ਜਾਵੇ। ਆਓ ਪੰਜਾਬੀਓ ਪੰਜਾਬੀਅਤ ਨੂੰ ਅਪਣਾਈਏ, ਰੁੱਖਾਂ ਨਾਲ ਪਿਆਰ ਕਰੀਏ ਅਤੇ ਕੁਦਰਤ ਦੇ ਨੇੜੇ ਜਾਈਏ।