Friday, April 4, 2025
4.9 C
Vancouver

ਬੀ.ਸੀ. ਅਲਬਰਟਾ ਦੀ ਸਰਹੱਦ ‘ਤੇ ਵਸੇ ਕਸਬੇ ਜੈਸਪਰ ਤੱਕ ਪਹੁੰਚੀ ਜੰਗਲੀ ਅੱਗ

ਸਰੀ : ਅਲਬਰਟਾ ਦਾ ਇਤਿਹਾਸਕ ਪਹਾੜੀ ਕਸਬਾ ਜੈਸਪਰ ਨੂੰ ਜੰਗਲ ਦੀ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਕਈ ਘਰ ਤੇ ਕਾਰੋਬਾਰ ਅੱਗ ਦੀ ਭੇਂਟ ਚੜ੍ਹ ਗਏ।

ਤੇਜ਼ ਹਵਾਵਾਂ ਕਰਕੇ ਜੰਗਲ ਦੀ ਅੱਗ ਇੰਨੀ ਤੇਜ਼ੀ ਨਾਲ ਫ਼ੈਲ ਰਹੀ ਸੀ ਕਿ ਲਾਟਾਂ ਅਤੇ ਸੁਆਹ ਅਸਮਾਨ ਵਿਚ ਸੈਂਕੜੇ ਫ਼ੀਟ ਤੱਕ ਨਜ਼ਰ ਆ ਰਹੀਆਂ ਸਨ।

ਪਾਰਕਸ ਕੈਨੇਡਾ ਦੇ ਵਾਈਲਡਫ਼ਾਇਰ ਸੂਚਨਾ ਅਧਿਕਾਰੀ ਜੇਮਜ਼ ਈਸਟਮ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਦਸਤਿਆਂ ਸਾਹਮਣੇ ਅੱਗ ਦੀ ਇੱਕ ਕੰਧ ਬਣ ਗਈ ਸੀ ਜਿਸ ਨੂੰ ਕਾਬੂ ਕਰਨਾ ਅਸੰਭਵ ਸਾਬਤ ਹੋਇਆ।

ਜੇਮਜ਼ ਨੇ ਦੱਸਿਆ ਕਿ ਫ਼ਾਇਰਫ਼ਾਇਟਰਜ਼ ਸਾਹਮਣੇ ਕਰੀਬ 300 ਤੋਂ 400 ਫ਼ੁੱਟ ਉੱਚੀਆਂ ਲਾਟਾਂ ਸਨ ਅਤੇ ਅੱਗ 15 ਮੀਟਰ ਪ੍ਰਤੀ ਮਿਨਟ ਦੀ ਰਫ਼ਤਾਰ ਨਾਲ ਫੈਲ ਰਹੀ ਸੀ।

ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਫ਼ਿਲਹਾਲ ਸਪਸ਼ਟ ਨਹੀਂ ਹੈ ਪਰ ਪਾਰਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੈਸਪਰ ਨੈਸ਼ਨਲ ਪਾਰਕ ਦੇ ਵਿਚਾਲੇ ਪੈਂਦੇ ਇਤਿਹਾਸਕ ਕਸਬੇ ਜੈਸਪਰ ਵਿਚ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ।

ਸੋਸ਼ਲ ਮੀਡੀਆ ‘ਤੇ ਰਾਤੀਂ ਸਾਂਝੀਆਂ ਹੋਈਆਂ ਤਸਵੀਰਾਂ ਅਤੇ ਵੀਡੀਓਜ਼ ਵਿਚ ਕਈ ਘਰਾਂ ਅਤੇ ਕਾਰੋਬਾਰਾਂ ਦੇ ਨੁਕਸਾਨੇ ਜਾਣ ਦੇ ਦ੍ਰਿਸ਼ ਨਜ਼ਰੀਂ ਪਏ ਹਨ।

ਅਧਿਕਾਰੀਆਂ ਨੇ ਕਿਹਾ ਕਿ ਅਮਲੇ ਵੱਧ ਤੋਂ ਵੱਧ ਇਮਾਰਤਾਂ ਨੂੰ ਬਚਾਉਣ ਲਈ ਯਤਨ ਕਰ ਰਹੇ ਸਨ।

ਜੈਸਪਰ ਉੱਤਰ ਅਤੇ ਦੱਖਣ ਦੋਵਾਂ ਪਾਸਿਓਂ ਖ਼ਤਰੇ ਹੇਠ ਸੀ, ਅਤੇ ਜੰਗਲ ਦੀ ਅੱਗ ਭੜਕਣ ਤੋਂ ਬਾਅਦ ਸੋਮਵਾਰ ਨੂੰ ਲਾਜ਼ਮੀ ਨਿਕਾਸੀ ਆਦੇਸ਼ ਜਾਰੀ ਕੀਤੇ ਗਏ ਸਨ ਜਿਸ ਤਹਿਤ ਲਗਭਗ 25,000 ਨਿਵਾਸੀਆਂ ਅਤੇ ਸੈਲਾਨੀਆਂ ਨੂੰ ਜੈਸਪਰ ਨੈਸ਼ਨਲ ਪਾਰਕ ਤੋਂ ਬਾਹਰ ਕੱਢਿਆ ਗਿਆ ਸੀ।