ਲਿਖਤ : ਨਰਿੰਦਰ ਸਿੰਘ ਕਪੂਰ
ਬਜ਼ੁਰਗ ਜਦੋਂ ਵਧੇਰੇ ਗੱਲਾਂ ਕਰਦੇ ਹਨ ਤਾਂ ਉਨ੍ਹਾਂ ’ਤੇ ਸਠਿਆਏ ਜਾਣ ਦਾ ਦੋਸ਼ ਲੱਗਦਾ ਹੈ, ਪਰ ਡਾਕਟਰ ਇਸ ਆਦਤ ਨੂੰ ਵਰਦਾਨ ਦੱਸਦੇ ਹਨ। ਡਾਕਟਰ ਸਿਫ਼ਾਰਿਸ਼ ਕਰਦੇ ਹਨ ਕਿ ਸੱਠ ਸਾਲ ਜਾਂ ਸੇਵਾਮੁਕਤੀ ਉਪਰੰਤ ਤੰਦਰੁਸਤ ਰਹਿਣ ਲਈ ਵਧੇਰੇ ਗੱਲਾਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਆਦਤ ਦਿਮਾਗ਼ ਦੀ ਕਸਰਤ ਸਿੱਧ ਹੁੰਦੀ ਹੈ ਅਤੇ ਭੁੱਲਣ ਰੋਗ ਤੋਂ ਬਚਾਉਂਦੀ ਹੈ। ਅਜੋਕੇ ਸਮਿਆਂ ਵਿੱਚ ਭੁੱਲਣ ਰੋਗ ਆਮ ਹੈ ਅਤੇ ਇਸ ਰੋਗ ਦਾ ਕੋਈ ਇਲਾਜ ਨਹੀਂ, ਜਦੋਂਕਿ ਇਹ ਬੋਲਦੇ ਰਹਿਣ ਵਾਲਿਆਂ ਨੂੰ ਹੁੰਦਾ ਹੀ ਨਹੀਂ। ਵਧੇਰੇ ਬੋਲਣ ਵਾਲੇ ਪੁਰਸ਼ਾਂ ਅਤੇ ਇਸਤਰੀਆਂ ਨੂੰ ਤਿੰਨ ਲਾਭ ਹੁੰਦੇ ਹਨ। ਪਹਿਲਾ ਲਾਭ ਇਹ ਹੈ ਕਿ ਇਸ ਨਾਲ ਦਿਮਾਗ਼ ਜਾਗਦਾ ਰਹਿੰਦਾ ਹੈ। ਭਾਸ਼ਾ ਅਤੇ ਵਿਚਾਰਾਂ ਦਾ ਤਾਲਮੇਲ ਬਣਿਆ ਰਹਿੰਦਾ ਹੈ। ਬਹੁਤਾ ਬੋਲਣ ਵਾਲਿਆਂ ਦੀ ਯਾਦ ਸ਼ਕਤੀ ਤੰਦਰੁਸਤ ਰਹਿੰਦੀ ਹੈ। ਚੁੱਪ-ਗੜੁੱਪ ਰਹਿਣ ਵਾਲਿਆਂ ਦੀ ਯਾਦ ਸ਼ਕਤੀ ਹੀ ਕਮਜ਼ੋਰ ਨਹੀਂ ਹੁੰਦੀ, ਉਨ੍ਹਾਂ ਦੀ ਸ਼ਕਲ ਵੀ ਡੌਰ-ਭੌਰ ਹੋ ਜਾਂਦੀ ਹੈ।
ਬਹੁਤਾ ਬੋਲਣ ਦਾ ਦੂਜਾ ਲਾਭ ਇਹ ਹੁੰਦਾ ਹੈ ਕਿ ਬੋਲਣ ਵਾਲੇ ਦਾ ਤਣਾਅ ਘਟਦਾ ਹੈ। ਜਿਹੜੇ ਨਹੀਂ ਬੋਲਦੇ, ਉਹ ਕੱਸੇ ਹੋਏ ਹੋਣ ਕਰਕੇ ਕੌੜੇ ਅਤੇ ਅਸਹਿਜ ਹੋ ਜਾਂਦੇ ਹਨ। ਇਸਤਰੀਆਂ ਵਧੇਰੇ ਬੋਲ ਕੇ ਆਪਣਾ ਤਣਾਅ-ਦਬਾਅ ਦੂਰ ਕਰਦੀਆਂ ਹਨ। ਜੇ ਤਣਾਅ-ਦਬਾਅ ਵਧੇਰੇ ਹੋਵੇ ਤਾਂ ਇਸਤਰੀਆਂ ਰੋਣ ਦੀ ਵਿਧੀ ਨਾਲ ਨਵਿਰਤ ਹੋ ਜਾਂਦੀਆਂ ਹਨ।
ਤੀਜਾ ਲਾਭ ਇਹ ਹੁੰਦਾ ਹੈ ਕਿ ਬੋਲਣ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਕਸਰਤ ਕਰਦੀਆਂ ਹਨ। ਬੋਲਣ ਰਾਹੀਂ ਸਾਡਾ ਚਿਹਰਾ ਯੋਗਾ ਕਰਦਾ ਹੈ, ਗਲ਼ਾ ਸਾਫ਼ ਰਹਿੰਦਾ ਹੈ ਅਤੇ ਫੇਫੜਿਆਂ ਦੀ ਸਮਰੱਥਾ ਵਧਦੀ ਹੈ। ਬੋਲਣ ਰਾਹੀਂ ਅੱਖਾਂ ਅਤੇ ਕੰਨਾਂ ਦੀ ਵੀ ਕਸਰਤ ਹੁੰਦੀ ਹੈ। ਬੋਲਣਾ ਚੱਕਰ ਆਉਣ ਅਤੇ ਘੁਮਾਟੜੀਆਂ ਤੋਂ ਵੀ ਬਚਾਉਂਦਾ ਹੈ।
ਧੀਆਂ-ਪੁੱਤਰਾਂ ਦਾ ਫ਼ਰਜ਼ ਹੈ ਕਿ ਉਹ ਬਜ਼ੁਰਗਾਂ ਨਾਲ ਆਪ ਗੱਲਾਂ ਕਰਨ ਅਤੇ ਉਨ੍ਹਾਂ ਨੂੰ ਕਿਸੇ ਖੁੱਲ੍ਹੀ ਥਾਂ ’ਤੇ ਹੋਰ ਬਜ਼ੁਰਗਾਂ ਨਾਲ ਖੁੱਲ੍ਹ ਕੇ ਬੋਲਣ ਦੇ ਅਵਸਰ ਪ੍ਰਦਾਨ ਕਰਨ। ਇਉਂ ਬਜ਼ੁਰਗ ਪ੍ਰਸੰਨ ਅਤੇ ਤੰਦਰੁਸਤ ਰਹਿਣਗੇ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਗੇ।