Saturday, November 23, 2024
10.8 C
Vancouver

ਓਲੰਪਿਕ ‘ਚ ਪੰਜਾਬਣਾਂ: ਲੰਿਗ ਭੇਦਭਾਵ ਦੇ ਬਾਵਜੂਦ ਪੰਜਾਬ ਦੀਆਂ ਕੁੜੀਆਂ ਦਾ ਓਲੰਪਿਕਸ ਤੱਕ ਦਾ ਲੰਬਾ ਸਫ਼ਰ

ਵਲੋਂ : ਸੌਰਭ ਦੁੱਗਲ

ਓਲੰਪਿਕਸ ਵਿੱਚ ਭਾਗ ਲੈਣ ਵਾਲੇ ਭਾਰਤੀ ਦਲ ਦੇ ਸ਼ੁਰੂਆਤੀ ਸਾਲਾਂ ਤੋਂ ਹੀ ਪੰਜਾਬ ਇੱਕ ਖੇਡ ਕੇਂਦਰ ਰਿਹਾ ਹੈ, ਪਰ ਪੰਜਾਬ ਦੀਆਂ ਲੜਕੀਆਂ ਨੂੰ ਲੰਿਗ ਭੇਦਭਾਵ ’ਤੇ ਕਾਬੂ ਪਾਉਣ ਅਤੇ ਓਲੰਪਿਕਸ ਵਿੱਚ ਆਪਣੀ ਛਾਪ ਛੱਡਣ ਵਿੱਚ ਕਾਫ਼ੀ ਲੰਬਾ ਸਮਾਂ ਲੱਗਿਆ। ਪੰਜਾਬ ਵੱਲੋਂ ਪਹਿਲੀ ਵਾਰ 1924 ਵਿੱਚ ਓਲੰਪਿਕਸ ਵਿੱਚ ਹਿੱਸਾ ਲਿਆ ਗਿਆ ਸੀ ਜਦੋਂ ਦਲੀਪ ਸਿੰਘ (ਲੰਬੀ ਛਾਲ) ਅਤੇ ਮੁਹੰਮਦ ਸਲੀਮ (ਟੈਨਿਸ) ਭਾਰਤੀ ਦਲ ਦਾ ਹਿੱਸਾ ਸਨ।

ਹਾਲਾਂਕਿ, ਪੰਜਾਬ ਦੀਆਂ ਲੜਕੀਆਂ ਨੂੰ ਓਲੰਪਿਕਸ ਦੇ ਮੈਦਾਨ ਵਿੱਚ ਉਤਰਨ ਵਿੱਚ ਅੱਧੀ ਸਦੀ ਲੱਗ ਗਈ। ਬ੍ਰਿਿਟਸ਼ ਮੂਲ ਦੇ ਨੋਰਾ ਪੋਲੀ ਜੋ ਭਾਰਤ ਵਿੱਚ ਪੈਦਾ ਹੋਏ ਅਤੇ ਯੂਕੇ ਵਿੱਚ ਵੱਡੇ ਹੋਏ, ਉਹ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਲੜਕੀ ਸਨ।

ਉਸ ਨੇ 1924 ਦੀਆਂ ਪੈਰਿਸ ਓਲੰਪਿਕਸ ਵਿੱਚ ਲਾਅਨ ਟੈਨਿਸ ਵਿੱਚ ਹਿੱਸਾ ਲਿਆ ਸੀ। ਉਸ ਤੋਂ ਬਾਅਦ 1952 ਵਿੱਚ ਦੋ ਮਹਿਲਾ ਐਥਲੀਟਾਂ ਮੈਰੀ ਡਿਸੂਜ਼ਾ ਅਤੇ ਨੀਲਿਮਾ ਘੋਸ਼ ਦੇ ਨਾਲ-ਨਾਲ ਦੋ ਤੈਰਾਕ ਡੌਲੀ ਨਜ਼ੀਰ ਅਤੇ ਆਰਤੀ ਸਾਹਾ ਓਲੰਪਿਕਸ ਵਿੱਚ ਭਾਰਤੀ ਦਲ ਦਾ ਹਿੱਸਾ ਬਣੀਆਂ ਸਨ।

ਪੰਜਾਬ ਦੀਆਂ ਲੜਕੀਆਂ ਦੀ ਸਥਿਤੀ ਦੀ ਤੁਲਨਾ ਭਾਰਤੀ ਦ੍ਰਿਸ਼ ਤੋਂ ਕਰਨ ਨਾਲ ਪਤਾ ਲੱਗਦਾ ਹੈ ਕਿ ਇਸ ਵਿੱਚ ਦੋ ਦਹਾਕਿਆਂ ਦਾ ਵਕਫ਼ਾ ਹੈ। ਚਾਰ ਸਾਲ ਬਾਅਦ ਹੋਣ ਵਾਲੀਆਂ ਇਨ੍ਹਾਂ ਓਲੰਪਿਕਸ ਖੇਡਾਂ ਤਹਿਤ 1972 ਵਿੱਚ ਮਿਊਨਿਖ ਓਲੰਪਿਕਸ ਵਿੱਚ ਪੰਜਾਬ ਦੀ ਪਹਿਲੀ ਖਿਡਾਰਨ ਨੇ ਭਾਗ ਲਿਆ। ਪੰਜਾਬ ਦੀ 400 ਮੀਟਰ ਦੌੜ ਵਿੱਚ ਹਿੱਸਾ ਲੈਣ ਵਾਲੀ ‘ਕੁਆਰਟਰ ਮਾਈਲਰ’ ਕਮਲਜੀਤ ਸੰਧੂ, ਜਿਨ੍ਹਾਂ ਨੂੰ ਪਹਿਲਾਂ ਕਮਲਜੀਤ ਕੂਨਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉਹ ਮਿਊਨਿਖ ਖੇਡਾਂ ਲਈ 41 ਮੈਂਬਰੀ ਭਾਰਤੀ ਦਲ ਵਿੱਚ ਇਕੱਲੀ ਲੜਕੀ ਸੀ। ਕਮਲਜੀਤ 1972 ਵਿੱਚ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਪਹਿਲੀ ਲੜਕੀ ਬਣਨ ਤੋਂ ਬਾਅਦ ਵੀ, ਸੂਬੇ ਤੋਂ ਸਿਰਫ਼ ਚਾਰ ਹੋਰ ਲੜਕੀਆਂ ਸਨ ਜਿਨ੍ਹਾਂ ਨੇ ਇਸ ਵਿੱਚ ਹਿੱਸਾ ਲਿਆ।

ਉਹ ਸਾਰੀਆਂ ਹਾਕੀ (1980 ਮਾਸਕੋ ਓਲੰਪਿਕ) ਵਿੱਚ ਸਨ ਜਿਨ੍ਹਾਂ ਨੇ 1996 ਦੇ ਓਲੰਪਿਕਸ ਤੱਕ ਸਫ਼ਰ ਕੀਤਾ ਸੀ। ਓਲੰਪਿਕਸ ਖੇਡਾਂ ਵਿੱਚ ਪੰਜਾਬ ਦੀਆਂ ਲੜਕੀਆਂ ਦੀ ਨਿਯਮਤ ਮੌਜੂਦਗੀ 21ਵੀਂ ਸਦੀ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਈ। ਸਾਲ 2000 ਦੀ ਸਿਡਨੀ ਓਲੰਪਿਕਸ ਤੋਂ ਬਾਅਦ ਭਾਰਤੀ ਦਲ ਵਿੱਚ ਪੰਜਾਬ ਦੀਆਂ ਲੜਕੀਆਂ ਦੀ ਹਿੱਸੇਦਾਰੀ ਹਮੇਸ਼ਾ ਰਹੀ ਹੈ। ਸਾਲ 1972 ਤੋਂ ਲੈ ਕੇ 2020 ਦੀਆਂ ਟੋਕੀਓ ਓਲੰਪਿਕਸ ਖੇਡਾਂ ਵਿੱਚ ਹੁਣ ਤੱਕ ਪੰਜਾਬ ਦੀਆਂ ਸਿਰਫ਼ 19 ਲੜਕੀਆਂ ਹੀ ਓਲੰਪਿਕਸ ਦੇ ਮੈਦਾਨ ਵਿੱਚ ਦੇਸ਼ ਦੀ ਜ਼ਿੰਮੇਵਾਰੀ ਸੰਭਾਲ ਸਕੀਆਂ ਹਨ। ਇਨ੍ਹਾਂ ਵਿੱਚੋਂ 14 ਲੜਕੀਆਂ ਨੇ 2000 ਸਿਡਨੀ ਓਲੰਪਿਕ ਅਤੇ ਉਸ ਤੋਂ ਬਾਅਦ ਪੰਜਾਬ ਦੀ ਨੁਮਾਇੰਦਗੀ ਕੀਤੀ ਹੈ। 2024 ਪੈਰਿਸ ਓਲੰਪਿਕਸ ਵਿੱਚ ਪੰਜਾਬ ਦੀਆਂ ਤਿੰਨ ਲੜਕੀਆਂ ਜੋ ਕਿ ਨਿਸ਼ਾਨੇਬਾਜ਼ੀ ਵਿੱਚ ਹਨ, ਉਹ ਅੰਜੁਮ ਮੌਦਗਿਲ, ਸਿਫਤ ਕੌਰ ਅਤੇ ਰਾਜੇਸ਼ਵਰੀ ਕੁਮਾਰੀ ਭਾਰਤੀ ਦਲ ਦਾ ਹਿੱਸਾ ਹਨ। ਅੰਜੁਮ ਦੇ ਲਗਾਤਾਰ ਦੂਜੇ ਓਲੰਪਿਕ ਵਿੱਚ ਹਿੱਸਾ ਲੈਣ ਨਾਲ ਹੀ ਹੁਣ ਤੱਕ ਓਲੰਪਿਕਸ ਵਿੱਚ ਭਾਗ ਲੈਣ ਵਾਲੀਆਂ ਪੰਜਾਬ ਦੀਆਂ ਲੜਕੀਆਂ ਦੀ ਕੁੱਲ ਗਿਣਤੀ 21 ਹੋ ਗਈ ਹੈ।

1970 ਏਸ਼ੀਅਨ ਖੇਡਾਂ: ਸ਼ੁਰੂਆਤੀ ਬਿੰਦੂ

ਪੰਜਾਬ ਦੀਆਂ ਲੜਕੀਆਂ ਦੀ ਓਲੰਪਿਕ ਸ਼ੁਰੂਆਤ ਦੀ ਕਹਾਣੀ 1969 ਵਿੱਚ ਸ਼ੁਰੂ ਹੋਈ ਜਦੋਂ ਸਰਕਾਰੀ ਕਾਲਜ ਫਾਰ ਵੂਮੈੱਨ, ਚੰਡੀਗੜ੍ਹ ਵਿੱਚ ਬੈਚਲਰ ਆਫ਼ ਆਰਟਸ ਦੀ ਵਿਿਦਆਰਥਣ ਕਮਲਜੀਤ ਸੰਧੂ (ਉਸ ਸਮੇਂ ਕਮਲਜੀਤ ਕੂਨਰ) ਨੂੰ ਕਾਲਜ ਦੇ ਖੇਡ ਇੰਚਾਰਜ ਨੇ ਐਥਲੈਟਿਕਸ ਵਿੱਚ ਆਪਣਾ ਭਵਿੱਖ ਅਜ਼ਮਾਉਣ ਲਈ ਉਤਸ਼ਾਹਿਤ ਕੀਤਾ। ਉਦੋਂ ਤੱਕ ਕਮਲਜੀਤ ਰਾਸ਼ਟਰੀ ਪੱਧਰ ਦੀ ਬਾਸਕਟਬਾਲ ਖਿਡਾਰਨ ਅਤੇ ਅੰਤਰ-ਵਰਸਿਟੀ ਹਾਕੀ ਖਿਡਾਰੀ ਰਹਿ ਚੁੱਕੇ ਸਨ। ਐਥਲੈਟਿਕਸ ਵਿੱਚ ਇੱਕ ਸਾਲ ਦੇ ਅੰਦਰ ਹੀ ਉਨ੍ਹਾਂ ਨੇ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਲੜਕੀ ਬਣ ਕੇ ਇਤਿਹਾਸ ਰਚ ਦਿੱਤਾ।

1970 ਦੀਆਂ ਬੈਂਕਾਕ ਏਸ਼ੀਅਨ ਖੇਡਾਂ ਵਿੱਚ 400 ਮੀਟਰ ਦੌੜ ਵਿੱਚ ਉਸ ਨੇ ਇਹ ਸਿਖਰਲਾ ਸਨਮਾਨ ਜਿੱਤਿਆ। ਕਮਲਜੀਤ ਤੋਂ ਪਹਿਲਾਂ ਐਥਲੀਟ ਮਨਜੀਤ ਵਾਲੀਆ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਸੀ। ਉਸ ਨੇ 1966 ਦੀਆਂ ਏਸ਼ੀਅਨ ਖੇਡਾਂ ਵਿੱਚ 80 ਮੀਟਰ ‘ਅੜਿੱਕਾ ਦੌੜ’ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਕਮਲਜੀਤ ਸੰਧੂ ਨੇ ਦੱਸਿਆ, ‘‘ਮੈਨੂੰ ਐਥਲੈਟਿਕਸ ਵਿੱਚ ਆਈ ਨੂੰ, ਅਜੇ ਸਿਰਫ ਇੱਕ ਸਾਲ ਹੀ ਹੋਇਆ ਸੀ। ਬੈਂਕਾਕ ਏਸ਼ੀਅਨ ਖੇਡਾਂ ਤੋਂ ਪਹਿਲਾਂ ਇਹ ਮੇਰੀ ਪਹਿਲੀ ਵੱਡੀ ਖੇਡ ਪ੍ਰਤੀਯੋਗਤਾ ਸੀ। ‘‘ਇਸ ਤੋਂ ਪਹਿਲਾਂ ਮੈਂ ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਸਿਰਫ਼ ਦੋ ਛੋਟੀਆਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ ਅਤੇ ਦੋਵਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ।’’

‘‘ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਮੇਰੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਕੋਚ ਨੂੰ ਮੇਰੇ ’ਤੇ ਭਰੋਸਾ ਸੀ, ਪਰ ਕੋਈ ਵੀ ਗੋਲਡ ਮੈਡਲ ਦੀ ਗੱਲ ਨਹੀਂ ਕਰ ਰਿਹਾ ਸੀ, ਕਿਉਂਕਿ ਉਸ ਸਮੇਂ ਭਾਰਤੀ ਮਹਿਲਾ ਐਥਲੀਟਾਂ ਲਈ ਇਹ ਨਾ ਮੁਮਕਿਨ ਸੀ।’’ ‘‘ਪਰ ਬੈਂਕਾਕ ਵਿੱਚ ਉਸ ਇੱਕ ਪ੍ਰਾਪਤੀ ਨੇ ਭਾਰਤੀ ਮਹਿਲਾ ਐਥਲੈਟਿਕਸ ਦੀ ਸਥਿਤੀ ਹਮੇਸ਼ਾ ਲਈ ਬਦਲ ਦਿੱਤੀ। 1970 ਤੋਂ ਪਹਿਲਾਂ ਭਾਰਤੀ ਲੜਕੀਆਂ ਨੇ ਏਸ਼ਿਆਈ ਖੇਡਾਂ ਵਿੱਚ ਕਦੇ ਸੋਨ ਤਗ਼ਮਾ ਨਹੀਂ ਜਿੱਤਿਆ ਸੀ।’’

‘‘ਇਸ ਲਈ, ਜਦੋਂ ਮੈਂ 1970 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ ਤਾਂ ਭਾਰਤ ਵਿੱਚ ਬਹੁਤ ਵੱਡਾ ਜਸ਼ਨ ਮਨਾਇਆ ਗਿਆ ਸੀ।’’ ਕਮਲਜੀਤ ਨੇ ਅੱਗੇ ਦੱਸਿਆ, ‘‘ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਅਤੇ ਕਿਸੇ ਭਾਰਤੀ ਔਰਤ ਵੱਲੋਂ ਪਹਿਲੀ ਵਾਰ ਅੰਤਰਰਾਸ਼ਟਰੀ ਖੇਡ ਖੇਤਰ ਵਿੱਚ ਜਿੱਤ ਪ੍ਰਾਪਤ ਕਰਨ ਨੂੰ ਮਹਿਲਾ ਸ਼ਕਤੀ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਸੀ। ‘‘1951 ਵਿੱਚ ਏਸ਼ੀਆਈ ਖੇਡਾਂ ਦੀ ਸ਼ੁਰੂਆਤ ਤੋਂ ਲੈ ਕੇ, ਭਾਰਤ ਨੇ ਆਪਣੇ ਪੁਰਸ਼ ਖਿਡਾਰੀਆਂ ਨੂੰ ਸੋਨੇ ਦੇ ਮੈਡਲ ਜਿੱਤਦੇ ਦੇਖਿਆ ਸੀ; ਉਦੋਂ ਤੱਕ ਕੋਈ ਔਰਤ ਅਜੇ ਸਿਖਰ ਤੱਕ ਨਹੀਂ ਪਹੁੰਚ ਸਕੀ ਸੀ। ‘‘ਪਰ 1970 ਦੀਆਂ ਖੇਡਾਂ ਵਿੱਚ ਸੋਨੇ ਦੇ ਮੈਡਲ ਨੇ ਮਹਿਲਾ ਖਿਡਾਰੀਆਂ ਪ੍ਰਤੀ ਕੋਚਾਂ ਅਤੇ ਅਧਿਕਾਰੀਆਂ ਦਾ ਨਜ਼ਰੀਆ ਬਦਲ ਦਿੱਤਾ। 1970 ਤੋਂ ਬਾਅਦ ਹਰ ਕੋਈ ਮਹਿਲਾ ਐਥਲੀਟਾਂ ਤੋਂ ਸਿਖਰਲੇ ਪੱਧਰ ਦੇ ਪ੍ਰਦਰਸ਼ਨ ਦੀ ਉਮੀਦ ਕਰਨ ਲੱਗਾ।’’

ਕਮਲਜੀਤ ਫੌਜੀ ਪਿਛੋਕੜ ਤੋਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਸ ਨੂੰ ਹਮੇਸ਼ਾ ਖੇਡਾਂ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਗਿਆ। ਹਾਲਾਂਕਿ, ਉਸ ਸਮੇਂ ਪੰਜਾਬ ਦੀਆਂ ਜ਼ਿਆਦਾਤਰ ਲੜਕੀਆਂ ਕੋਲ ਖੇਡਾਂ ਵਿੱਚ ਅੱਗੇ ਵਧਣ ਲਈ ਅਨੁਕੂਲ ਮਾਹੌਲ ਨਹੀਂ ਸੀ। ਕਮਲਜੀਤ ਨੇ ਕਿਹਾ, ‘‘ਮੈਂ ਖੁਸ਼ਕਿਸਮਤ ਸੀ ਕਿ ਮੇਰੇ ਮਾਪਿਆਂ ਨੇ ਮੈਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪਰ ਸਮੁੱਚੇ ਤੌਰ ’ਤੇ ਪੰਜਾਬ ਵਿੱਚ ਲੜਕੀਆਂ ਲੰਿਗ ਭੇਦਭਾਵ ਕਾਰਨ ਖੇਡਾਂ ਵਿੱਚ ਅੱਗੇ ਵਧਣ ਤੋਂ ਵਾਂਝੀਆਂ ਸਨ। ‘‘ਜਿਸਦਾ ਮਤਲਬ ਹੈ ਕਿ ਉਸ ਸਮੇਂ ਪੰਜਾਬ ਵਿੱਚ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਅੱਗੇ ਵਧਣ ਵਾਲੀਆਂ ਬਹੁਤ ਘੱਟ ਕੁੜੀਆਂ ਸਨ।’’ ‘‘1970 ਅਤੇ 1980 ਦੇ ਦਹਾਕੇ ਵਿੱਚ ਪੰਜਾਬ ਵਿੱਚ ਸ਼ਾਇਦ ਹੀ ਕੋਈ ਮਹਿਲਾ ਕੋਚ ਸੀ, ਜੋ ਇੱਕ ਹੋਰ ਕਾਰਨ ਸੀ ਕਿ ਮਾਤਾ-ਪਿਤਾ ਖਾਸ ਤੌਰ ’ਤੇ ਪੇਂਡੂ ਖੇਤਰਾਂ ਵਿੱਚ ਆਪਣੀਆਂ ਬੇਟੀਆਂ ਨੂੰ ਖੇਡਾਂ ਵਿੱਚ ਭੇਜਣ ਲਈ ਤਿਆਰ ਨਹੀਂ ਸਨ।’’

ਕਦੇ ਪੰਜਾਬ ਮਹਿਲਾ ਹਾਕੀ ਦਾ ਕੇਂਦਰ ਰਿਹਾ

ਹਾਕੀ 20ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿੱਚ ਇੱਕ ਹਰਮਨ ਪਿਆਰੀ ਖੇਡ ਰਹੀ ਹੈ ਅਤੇ 1928 ਵਿੱਚ ਭਾਰਤ ਦੀ ਓਲੰਪਿਕਸ ਵਿੱਚ ਸ਼ੁਰੂਆਤ ਤੋਂ ਬਾਅਦ ਹੀ ਇਹ ਰਾਜ ਭਾਰਤੀ ਪੁਰਸ਼ ਹਾਕੀ ਓਲੰਪਿਕ ਟੀਮ ਵਿੱਚ ਯੋਗਦਾਨ ਪਾਉਂਦਾ ਰਿਹਾ ਹੈ। ਹਾਲਾਂਕਿ, ਪੰਜਾਬ ਵਿੱਚ ਮਹਿਲਾ ਹਾਕੀ ਨੂੰ ਬਹੁਤ ਬਾਅਦ ਵਿੱਚ 1960 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਮਕਬੂਲੀਅਤ ਮਿਲੀ।

ਜਲਦੀ ਹੀ ਪੰਜਾਬ ਨੇ ਭਾਰਤੀ ਮਹਿਲਾ ਹਾਕੀ ’ਤੇ ਆਪਣਾ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਨੇ ਮੁੰਬਈ ਅਤੇ ਬੈਂਗਲੁਰੂ-ਮੈਸੂਰ ਬੈਲਟ ਵਰਗੇ ਪਿਛਲੇ ਹਾਕੀ ਵਿੱਚ ਸ਼ਕਤਸਾਲੀ ਰਾਜਾਂ ਦੇ ਗੜ੍ਹ ਨੂੰ ਤੋੜ ਦਿੱਤਾ। 1960 ਦੇ ਦਹਾਕੇ ਦੇ ਅੰਤ ਤੋਂ ਲੈ ਕੇ 1980 ਦੇ ਦਹਾਕੇ ਤੱਕ ਪੰਜਾਬ ਨੇ ਰਾਸ਼ਟਰੀ ਮਹਿਲਾ ਹਾਕੀ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਅਤੇ ਜ਼ਿਆਦਾਤਰ ਰਾਸ਼ਟਰੀ ਚੈਂਪੀਅਨਸ਼ਿਪਜ਼ ਜਿੱਤੀਆਂ।

1974 ਵਿੱਚ ਪਹਿਲਾ ਮਹਿਲਾ ਹਾਕੀ ਵਿਸ਼ਵ ਕੱਪ ਹੋਇਆ ਸੀ ਅਤੇ ਪੰਜਾਬ ਦੀ ਖਿਡਾਰਨ ਅਜਿੰਦਰ ਕੌਰ ਦੀ ਅਗਵਾਈ ਵਿੱਚ ਭਾਰਤੀ ਟੀਮ ਵਿੱਚ ਅੱਧੇ ਤੋਂ ਵੱਧ ਖਿਡਾਰਨਾਂ ਇਸ ਖੇਤੀ ਪ੍ਰਧਾਨ ਰਾਜ ਤੋਂ ਸਨ।

ਭਾਰਤੀ ਟੀਮ ਚੌਥੇ ਸਥਾਨ ’ਤੇ ਰਹੀ ਜੋ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। 1980 ਮਾਸਕੋ ਓਲੰਪਿਕਸ ਵਿੱਚ ਮਹਿਲਾ ਹਾਕੀ ਨੇ ਆਪਣੀ ਓਲੰਪਿਕਸ ਦੀ ਸ਼ੁਰੂਆਤ ਕੀਤੀ। ਪੰਜਾਬ ਦੀ ਰੂਪਾ ਸੈਣੀ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਵਿੱਚ ਪੰਜਾਬ ਦੀਆਂ ਤਿੰਨ ਹੋਰ ਲੜਕੀਆਂ ਸ਼ਾਮਲ ਸਨ: ਹਰਪ੍ਰੀਤ ਕੌਰ ਗਿੱਲ, ਨਿਸ਼ਾ ਸ਼ਰਮਾ ਅਤੇ ਬਲਵਿੰਦਰ ਕੌਰ ਭਾਟੀਆ। 1980 ਦੀ ਮਾਸਕੋ ਟੀਮ ਦੀ ਕੈਪਟਨ ਰੂਪਾ ਸੈਣੀ ਨੇ ਕਿਹਾ, ‘‘ਸੱਤਰ ਅਤੇ ਅੱਸੀ ਦੇ ਦਹਾਕੇ ਦੀ ਸ਼ੁਰੂਆਤ ਪੰਜਾਬ ਦੀ ਮਹਿਲਾ ਹਾਕੀ ਲਈ ਸੁਨਹਿਰੀ ਦੌਰ ਸੀ, ਜਿਸ ਵਿੱਚ ਰਾਜ ਨੇ ਸਭ ਤੋਂ ਵੱਧ ਰਾਸ਼ਟਰੀ ਖਿਤਾਬ ਜਿੱਤੇ ਸਨ।

‘‘ਇਹ ਉਹ ਸਮਾਂ ਸੀ ਜਦੋਂ ਭਾਰਤੀ ਮਹਿਲਾ ਟੀਮ ਦੀਆਂ ਅੱਧੇ ਤੋਂ ਵੱਧ ਖਿਡਾਰਨਾਂ ਪੰਜਾਬ ਤੋਂ ਸਨ। ‘‘ਸਾਡੇ ਸਮੇਂ ਦੌਰਾਨ, ਫਰੀਦਕੋਟ ਅਤੇ ਜਲੰਧਰ ਮਹਿਲਾ ਹਾਕੀ ਦੇ ਕੇਂਦਰ ਸਨ ਅਤੇ ਅੰਤਰ-ਕਾਲਜ ਸਰਕਟ ਪੰਜਾਬ ਦੀ ਮਜ਼ਬੂਤ ਮਹਿਲਾ ਹਾਕੀ ਟੀਮ ਦੀ ਰੀੜ੍ਹ ਦੀ ਹੱਡੀ ਸੀ।’’ 1990 ਦੇ ਦਹਾਕੇ ਦੇ ਅੱਧ ਤੋਂ ਪੰਜਾਬ ਦਾ ਦਬਦਬਾ ਘਟਣਾ ਸ਼ੁਰੂ ਹੋ ਗਿਆ ਅਤੇ ਗੁਆਂਢੀ ਰਾਜ ਹਰਿਆਣਾ ਮਹਿਲਾ ਹਾਕੀ ਦੀ ਨਵੀਂ ਤਾਕਤ ਬਣ ਗਿਆ।

ਮਾਸਕੋ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ 36 ਸਾਲਾਂ ਦੇ ਵਕਫ਼ੇ ਤੋਂ ਬਾਅਦ 2016 ਰੀਓ ਓਲੰਪਿਕ ਵਿੱਚ ਓਲੰਪਿਕਸ ਵਿੱਚ ਵਾਪਸ ਪਰਤੀ, ਜਿਸ ਵਿੱਚ ਪੰਜਾਬ ਦੀ ਕੋਈ ਵੀ ਲੜਕੀ ਟੀਮ ਵਿੱਚ ਨਹੀਂ ਸੀ।

2020 ਟੋਕੀਓ ਓਲੰਪਿਕਸ ਵਿੱਚ ਪੰਜਾਬ ਦੀ ਕੇਵਲ ਇੱਕ ਲੜਕੀ ਗੁਰਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਸ਼ਾਮਲ ਸੀ।

ਰੀਓ ਅਤੇ ਟੋਕੀਓ ਓਲੰਪਿਕ ਦੋਵਾਂ ਟੀਮਾਂ ’ਚ ਟੀਮ ਦੇ ਅੱਧੇ ਮੈਂਬਰ ਹਰਿਆਣਾ ਤੋਂ ਸਨ। 2024 ਪੈਰਿਸ ਓਲੰਪਿਕ ਵਿੱਚ ਭਾਰਤੀ ਮਹਿਲਾ ਟੀਮ ਕੁਆਲੀਫਾਈ ਕਰਨ ਤੋਂ ਖੁੰਝ ਗਈ ਸੀ। ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੀ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਈ ਰੂਪਾ ਸੈਣੀ ਨੇ ਕਿਹਾ, ‘‘ਪੰਜਾਬ ਵਿੱਚ ਮਹਿਲਾ ਹਾਕੀ ਵਿੱਚ ਨਿਘਾਰ ਦੇ ਪਿੱਛੇ ਲੜਕੀਆਂ ਦੀਆਂ ਹਾਕੀ ਅਕੈਡਮੀਆਂ ਦੀ ਘਾਟ ਅਤੇ ਲੜਕੀਆਂ ਸਮੇਤ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਖਿੱਚ ਮੁੱਖ ਕਾਰਨ ਹੈ। ‘‘ਹਾਕੀ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ, ਇਸ ਲਈ ਜੇਕਰ ਸੂਬਾ ਸਰਕਾਰ ਇਸ ਨੂੰ ਤਰਜੀਹ ਦੇਵੇ ਤਾਂ ਮਹਿਲਾ ਹਾਕੀ ਨੂੰ ਮੁੜ ਸੁਰਜੀਤ ਕਰਨਾ ਕੋਈ ਔਖਾ ਕੰਮ ਨਹੀਂ ਹੋਵੇਗਾ।’’

1970 ਦੀਆਂ ਬੈਂਕਾਕ ਏਸ਼ੀਅਨ ਖੇਡਾਂ ਵਿੱਚ 400 ਮੀਟਰ ਵਿੱਚ ਕਮਲਜੀਤ ਸੰਧੂ ਦੀ ਸੁਨਹਿਰੀ ਜਿੱਤ ਤੋਂ ਬਾਅਦ, ਪੰਜਾਬ ਦੀਆਂ ਅਗਲੀਆਂ ਸਟਾਰ ਮਹਿਲਾ ਹਾਕੀ ਖਿਡਾਰਨਾਂ ਸਨ, ਜਿਨ੍ਹਾਂ ਨੇ 1982 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਨ੍ਹਾਂ ਦੇ ਨਾਲ ਹੀ ਡਬਲ ਕਾਂਸੀ ਤਗ਼ਮਾ ਜੇਤੂ ਬੈਡਮਿੰਟਨ ਖਿਡਾਰੀ ਕੰਵਲ ਠਾਕੁਰ ਸਿੰਘ ਸ਼ਾਮਲ ਸੀ।

ਕਮਲਜੀਤ ਨੇ ਕਿਹਾ, ‘‘1982 ਦੀਆਂ ਏਸ਼ੀਅਨ ਖੇਡਾਂ ਦੇ ਤਗ਼ਮਾ ਜੇਤੂਆਂ ਨੂੰ ਦਿੱਤਾ ਗਿਆ ਸਨਮਾਨ ਅਤੇ ਮਹਿਲਾ ਖਿਡਾਰੀਆਂ ਲਈ ਨੌਕਰੀ ਦੇ ਮੌਕਿਆਂ ਵਿੱਚ ਵਾਧੇ ਨੇ ਲੜਕੀਆਂ ਨੂੰ ਸਮਰਥ ਬਣਾਉਣ ਅਤੇ ਹੋਰਾਂ ਨੂੰ ਖੇਡਾਂ ਨੂੰ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ।’’

ਤਰਨ ਤਾਰਨ ਦੀਆਂ ਕੁੜੀਆਂ ਦੀ ਬੱਲੇ-ਬੱਲੇ

ਲੜਕੀਆਂ ਨੂੰ ਸਮਰਥ ਬਣਾਉਣ ਵਿੱਚ ਖੇਡਾਂ ਦੀ ਭੂਮਿਕਾ ਤੋਂ ਪ੍ਰੇਰਨਾ ਲੈਂਦੇ ਹੋਏ, ਸਾਬਕਾ ਭਾਰਤੀ ਜਲ ਸੈਨਾ ਕਰਮਚਾਰੀ ਦਲੀਪ ਸਿੰਘ ਨੇ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਸਭਰਾ ਪਿੰਡ ਤੋਂ ਤਿੰਨ ਓਲੰਪੀਅਨ ਤਿਆਰ ਕਰਨ ਵਿੱਚ ਯੋਗਦਾਨ ਪਾਇਆ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਇਹ ਪਿੰਡ ਕੁੜੀਆਂ ਨੂੰ ਮੌਕੇ ਪ੍ਰਦਾਨ ਕਰਨ ਵਿੱਚ ਪੱਛੜਿਆ ਹੋਇਆ ਹੈ। ਪਰ ਮੁੰਬਈ ਵਿੱਚ ਤਾਇਨਾਤ ਹੋਣ ਦੌਰਾਨ ਅਗਾਂਹਵਧੂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਦਲੀਪ ਸਿੰਘ ਦਾ ਮੰਨਣਾ ਸੀ ਕਿ ਕੁੜੀਆਂ ਨੂੰ ਆਤਮ-ਨਿਰਭਰ ਬਣਾਇਆ ਜਾਣਾ ਚਾਹੀਦਾ ਹੈ। ਦਲੀਪ ਸਿੰਘ ਦਾ ਸਪੱਸ਼ਟ ਮਤ ਸੀ ਕਿ ਪੁੱਤਰ ਜ਼ਮੀਨਾਂ ਹਾਸਲ ਕਰਨਗੇ ਅਤੇ ਧੀਆਂ ਆਰਥਿਕ ਸੁਤੰਤਰਤਾ ਪ੍ਰਾਪਤ ਕਰਨ ਲਈ ਚੰਗੀ ਤਰ੍ਹਾਂ ਸਥਾਪਿਤ ਖਿਡਾਰੀ ਬਣਨਗੀਆਂ।

1970 ਦੀਆਂ ਏਸ਼ੀਅਨ ਖੇਡਾਂ ਵਿੱਚ ਕਮਲਜੀਤ ਦੀ ਸੁਨਹਿਰੀ ਜਿੱਤ ਤੋਂ ਬਾਅਦ, ਦਲੀਪ ਸਿੰਘ ਦੀ ਬੇਟੀ ਗੁਰਮੀਤ ਕੌਰ 16 ਸਾਲ ਦੀ ਉਮਰ ਵਿੱਚ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਅਗਲੀ ਲੜਕੀ ਬਣੀ। ਉਸ ਨੇ 1986 ਦੀਆਂ ਸਿਓਲ ਏਸ਼ੀਅਨ ਖੇਡਾਂ ਵਿੱਚ ਡਿਸਕਸ ਥਰੋਅ ਅਤੇ ਸ਼ਾਟ ਪੁੱਟ ਵਿੱਚ ਭਾਗ ਲਿਆ ਅਤੇ ਬਾਅਦ ਵਿੱਚ ਜੈਵਲਿਨ ਥਰੋਅ ਵਿੱਚ 1998 ਦੀਆਂ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

ਗੁਰਮੀਤ ਕੌਰ ਦਲੀਪ ਸਿੰਘ ਦੀ ਦੇਖ-ਰੇਖ ਵਿੱਚ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਕੁੜੀ ਸੀ। ਉਸ ਨੇ 2000 ਸਿਡਨੀ ਓਲੰਪਿਕਸ ਵਿੱਚ ਜੈਵਲਿਨ ਥਰੋਅ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਗੁਰਮੀਤ ਕੌਰ ਜੋ ਹੁਣ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਵਿੱਚ ਅਧਿਕਾਰੀ ਹੈ, ਨੇ ਕਿਹਾ, ‘‘ਸਾਡੇ ਪਿਤਾ ਦੀ ਬਦੌਲਤ ਹੀ ਪਰਿਵਾਰ ਦੀਆਂ ਸਾਰੀਆਂ ਕੁੜੀਆਂ ਖੇਡਾਂ ਵਿੱਚ ਹਨ। ਉਹ ਹਮੇਸ਼ਾ ਚਾਹੁੰਦੇ ਸਨ ਕਿ ਅਸੀਂ ਆਤਮ-ਨਿਰਭਰ ਬਣੀਏ।

‘‘ਉਹ ਖੇਡਾਂ ਨੂੰ ਰੋਜ਼ੀ-ਰੋਟੀ ਕਮਾਉਣ ਅਤੇ ਫਿੱਟ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਮੰਨਦੇ ਸਨ।’’ ਗੁਰਮੀਤ ਤੋਂ ਬਾਅਦ ਦਲੀਪ ਸਿੰਘ ਦੀ ਪੋਤੀ ਹਰਵੰਤ ਕੌਰ ਨੇ 2004 ਏਥਨਜ਼ ਅਤੇ 2008 ਬੀਜਿੰਗ ਓਲੰਪਿਕ ਵਿੱਚ ਹਿੱਸਾ ਲਿਆ। ਰਾਜਵਿੰਦਰ ਕੌਰ, ਜਿਸ ਨੇ ਦਲੀਪ ਸਿੰਘ ਦੀ ਅਗਵਾਈ ਵਿੱਚ ਆਪਣਾ ਐਥਲੈਟਿਕਸ ਕਰੀਅਰ ਸ਼ੁਰੂ ਕੀਤਾ ਸੀ। ਉਹ ਉਨ੍ਹਾਂ ਦੀ ਸਿਖਲਾਈ ਵਿੱਚ ਤੀਜੀ ਓਲੰਪੀਅਨ ਬਣੀ। ਉਸ ਨੇ 2004 ਦੀਆਂ ਏਥਨਜ਼ ਓਲੰਪਿਕਸ ਵਿੱਚ ਹਰਵੰਤ ਨਾਲ 4ਣ400 ਮੀਟਰ ਰਿਲੇਅ ਮੁਕਾਬਲੇ ਵਿੱਚ ਹਿੱਸਾ ਲਿਆ ਸੀ।

ਹਰਵੰਤ ਜੋ ਹੁਣ ਪਟਿਆਲਾ ਦੀ ਐੱਸਪੀ ਹੈ ਨੇ ਕਿਹਾ, “ਜਦੋਂ ਮੇਰੇ ਦਾਦਾ ਜੀ ਨੇ ਆਪਣੀਆਂ ਬੇਟੀਆਂ ਨੂੰ ਖੇਡਾਂ ਖੇਡਣ ਲਈ ਲਾਇਆ ਸੀ ਤਾਂ ਸਾਡੇ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਸ ਬਾਰੇ ਕਿਸੇ ਨੇ ਕੁਝ ਸੁਣਿਆ ਵੀ ਨਹੀਂ ਸੀ। ‘‘ਜਦੋਂ ਉਨ੍ਹਾਂ ਦੀਆਂ ਪੋਤੀਆਂ ਸਮੇਤ ਹੋਰ ਕੁੜੀਆਂ ਉਨ੍ਹਾਂ ਤੋਂ ਸਿਖਲਾਈ ਲੈਣ ਲੱਗੀਆਂ ਤਾਂ ਪਿੰਡ ਵਾਲਿਆਂ ਨੇ ਨਾਰਾਜ਼ਗੀ ਪ੍ਰਗਟਾਈ ਅਤੇ ਮੇਰੇ ਦਾਦਾ ਜੀ ਨੂੰ ਕਿਹਾ ਕਿ ਉਹ ਪਿੰਡ ਦੀਆਂ ਕੁੜੀਆਂ ਨੂੰ ਖੇਡਾਂ ਵਿਚ ਸ਼ਾਮਲ ਕਰਨਾ ਬੰਦ ਕਰ ਦੇਣ।

‘‘ਪਰ ਉਨ੍ਹਾਂ ਨੂੰ ਪਤਾ ਸੀ ਕਿ ਪਿੰਡ ਵਿਚ ਕੁੜੀਆਂ ਦਾ ਕੋਈ ਭਵਿੱਖ ਨਹੀਂ ਹੈ, ਇਸ ਲਈ ਉਹ ਡਟੇ ਰਹੇ। ਅੱਜ, ਉਨ੍ਹਾਂ ਦੀਆਂ ਦੋ ਧੀਆਂ ਅਤੇ ਚਾਰ ਪੋਤੀਆਂ ਖੇਡਾਂ ਕਾਰਨ ਆਤਮ-ਨਿਰਭਰ ਹਨ।

‘‘ਇਸ ਦੇ ਨਾਲ ਹੀ ਸਾਡੇ ਇਲਾਕੇ ਦੀਆਂ ਲਗਭਗ 10 ਤੋਂ 15 ਸਿਿਖਆਰਥਣਾਂ ਨੂੰ ਖੇਡ ਕੋਟੇ ਤਹਿਤ ਨੌਕਰੀਆਂ ਮਿਲੀਆਂ ਹਨ।’’

ਹਰਵੰਤ ਨੂੰ ਵੀ ਖੇਡ ਕੋਟੇ ਤਹਿਤ ਨੌਕਰੀ ਮਿਲੀ ਸੀ।

ਉਸ ਨੇ ਕਿਹਾ, ‘‘ਸ਼ੁਰੂਆਤ ਵਿੱਚ ਸਾਨੂੰ ਸਲਵਾਰ ਕਮੀਜ਼ ਪਹਿਨ ਕੇ ਸਿਖਲਾਈ ਲੈਣੀ ਪੈਂਦੀ ਸੀ, ਬਾਅਦ ਵਿੱਚ ਟਰੈਕ ਸੂਟ ਪਹਿਨਣ ਨੂੰ ਮਿਿਲਆ। ਸ਼ਾਰਟਸ ਪਹਿਨਣ ਦਾ ਤਾਂ ਸਵਾਲ ਹੀ ਨਹੀਂ ਸੀ।

‘‘ਸਿਰਫ਼ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਹੀ ਅਸੀਂ ਐਥਲੈਟਿਕਸ ਵਾਲਾ ਪਹਿਰਾਵਾ ਪਾਉਂਦੀਆਂ ਸੀ।’’

ਗੁਰਮੀਤ ਦੱਸਦੇ ਹਨ, ‘‘ਇਹ 1986-87 ਦੀ ਗੱਲ ਹੈ ਜਦੋਂ ਅਤਿਵਾਦੀ ਸਾਡੇ ਘਰ ਵਿੱਚ ਘੁਸ ਆਏ ਅਤੇ ਸਾਡੇ ਪਿਤਾ ਜੀ ਨੂੰ ਲੜਕੀਆਂ ਨੂੰ ਸਿਖਲਾਈ ਦੇਣੀ ਬੰਦ ਕਰਨ ਦੀ ਧਮਕੀ ਦਿੱਤੀ।

‘‘ਅਸੀਂ ਸਾਰੇ ਡਰ ਗਏ ਅਤੇ ਸਾਨੂੰ ਲੱਗਿਆ ਕਿ ਸਾਡੇ ਵਿੱਚੋਂ ਕੁਝ ਲੋਕ ਮਾਰੇ ਜਾ ਸਕਦੇ ਹੈ, ਪਰ ਸਾਡੇ ਪਿਤਾ ਜੀ ਡਟੇ ਰਹੇ। ਉਨ੍ਹਾਂ ਨੇ ਅਸਥਾਈ ਤੌਰ ‘ਤੇ ਸਿਖਲਾਈ ਨੂੰ ਸਾਡੇ ਢਾਈ ਏਕੜ ਵਾਲੇ ਘਰ ਵਿੱਚ ਤਬਦੀਲ ਕਰ ਦਿੱਤਾ।

‘‘1990 ਦੇ ਦਹਾਕੇ ਦੇ ਅੱਧ ਤੱਕ ਰਾਜ ਵਿੱਚ ਅਸ਼ਾਂਤੀ ਦੇ ਬਾਵਜੂਦ, ਸਾਨੂੰ ਅੱਗੇ ਹੋਰ ਕਿਸੇ ਖਤਰੇ ਦਾ ਸਾਹਮਣਾ ਨਹੀਂ ਕਰਨਾ ਪਿਆ।’’

ਦਲੀਪ ਸਿੰਘ ਦੀ ਵਿਰਾਸਤ ਵਿੱਚ ਇੱਕ ਹੋਰ ਪ੍ਰਾਪਤੀ ਉਦੋਂ ਦੇਖਣ ਨੂੰ ਮਿਲੀ ਜਦੋਂ ਹਰਵੰਤ, ਉਨ੍ਹਾਂ ਦੇ ਭਰਾ ਕੁਲਦੇਵ ਸਿੰਘ ਅਤੇ ਭੈਣ ਪਤਵੰਤ ਕੌਰ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲਿਆ।

ਇਨ੍ਹਾਂ ਨੇ ਇਨ੍ਹਾਂ ਖੇਡਾਂ ਵਿੱਚ ਇੱਕ ਵਾਰ ਇਕੱਠੇ ਤਿੰਨ ਭੈਣ-ਭਰਾਵਾਂ ਵੱਲੋਂ ਹਿੱਸਾ ਲੈਣ ਦਾ ਰਿਕਾਰਡ ਕਾਇਮ ਕੀਤਾ।

ਹਰਵੰਤ ਨੇ ਦੱਸਿਆ, ‘‘ਸਾਡੇ ਮਰਹੂਮ ਦਾਦਾ ਜੀ ਸਾਰੀਆਂ ਲੜਕੀਆਂ ਨਾਲ ਪੁੱਤਰਾਂ ਵਾਂਗ ਵਿਹਾਰ ਕਰਦੇ ਸਨ, ਅਤੇ ਸਾਨੂੰ ਕਦੇ ਵੀ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਕਰਕੇ, ਸਾਡੇ ਪਰਿਵਾਰ ਦੀਆਂ ਕੁੜੀਆਂ ਖੇਡਾਂ ਵਿੱਚ ਕਾਮਯਾਬ ਹੋਈਆਂ ਹਨ।’’

ਜ਼ਿਲ੍ਹਾ ਤਰਨ ਤਾਰਨ ਦੀ ਇੱਕ ਹੋਰ ਐਥਲੀਟ ਪਿੰਡ ਚੀਮਾ ਖੁਰਦ ਦੀ ਮਨਦੀਪ ਕੌਰ ਨੇ 2008 ਬੀਜਿੰਗ ਓਲੰਪਿਕਸ ਵਿੱਚ 4ਣ400 ਮੀਟਰ ਰਿਲੇਅ ਟੀਮ ਵਜੋਂ ਹਿੱਸਾ ਲਿਆ।

ਪੰਜਾਬ ਦੀਆਂ ਲੜਕੀਆਂ ਆਪਣਾ ਸਥਾਨ ਬਣਾ ਰਹੀਆਂ ਹਨ

ਪੰਜਾਬ ਦੀਆਂ ਲੜਕੀਆਂ ਨੇ ਓਲੰਪਿਕਸ ਵਿੱਚ ਆਪਣੀ ਮੌਜੂਦਗੀ ਦਰਜ ਕਰਾਉਣ ਲਈ ਲੰਬਾ ਸਫ਼ਰ ਤੈਅ ਕੀਤਾ ਹੈ।

ਨਵੀਂ ਸਦੀ ਵਿੱਚ ਕਦਮ ਰੱਖਦੇ ਹੀ ਘੱਟ ਤੋਂ ਘੱਟ ਕੁਝ ਖੇਤਰਾਂ ਵਿੱਚ ਹੀ ਸਹੀ ਖੇਡਾਂ ਵਿੱਚ ਲੜਕੀਆਂ ਪ੍ਰਤੀ ਲੋਕਾਂ ਦੀ ਮਾਨਸਿਕਤਾ ਵਿੱਚ ਸਕਾਰਾਤਮਕ ਤਬਦੀਲੀਆਂ ਆਈਆਂ ਹਨ।

2000 ਸਿਡਨੀ ਓਲੰਪਿਕਸ ਤੋਂ ਲੈ ਕੇ ਹੁਣ ਤੱਕ ਓਲੰਪਿਕਸ ਵਿੱਚ ਪੰਜਾਬ ਦੀਆਂ ਲੜਕੀਆਂ ਦੀ ਨਿਯਮਤ ਮੌਜੂਦਗੀ ਰਹੀ ਹੈ।

2012 ਦੀਆਂ ਲੰਡਨ ਓਲੰਪਿਕਸ ਅਤੇ 2024 ਦੀਆਂ ਪੈਰਿਸ ਓਲੰਪਿਕਸ ਨੂੰ ਛੱਡ ਕੇ, 21ਵੀਂ ਸਦੀ ਵਿੱਚ ਹਰ ਚਾਰ ਸਾਲ ਬਾਅਦ ਹੋਣ ਵਾਲੀਆਂ ਇਨ੍ਹਾਂ ਸਾਰੀਆਂ ਖੇਡਾਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਐਥਲੈਟਿਕਸ ਵਿੱਚ ਪ੍ਰਤੀਨਿਧਤਾ ਕੀਤੀ ਹੈ।

ਲੰਡਨ ਅਤੇ ਪੈਰਿਸ ਖੇਡਾਂ ਵਿੱਚ ਪੰਜਾਬ ਦੀ ਮਹਿਲਾ ਟੀਮ ਦੀ ਬੈਟਨ ਨਿਸ਼ਾਨੇਬਾਜ਼ਾਂ ਦੇ ਹੱਥਾਂ ਵਿੱਚ ਸੀ।

2000 ਸਿਡਨੀ ਓਲੰਪਿਕਸ ਵਿੱਚ ਸੂਬੇ ਦੀਆਂ ਦੋ ਮਹਿਲਾ ਐਥਲੀਟਾਂ ਗੁਰਮੀਤ ਕੌਰ (ਜੈਵਲਿਨ ਥਰੋਅ) ਅਤੇ ਨੀਲਮ ਜੇ. ਸਿੰਘ (ਡਿਸਕਸ ਥਰੋਅ) ਸ਼ਾਮਲ ਸਨ।

ਡਿਸਕਸ ਥਰੋਅਰ ਨੀਲਮ ਦਾ ਜਨਮ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਫਰਮਾਣਾ ਵਿੱਚ ਹੋਇਆ ਸੀ। ਬਾਅਦ ਵਿੱਚ ਉਹ ਆਪਣੀ ਪੜ੍ਹਾਈ ਲਈ ਪਟਿਆਲਾ ਚਲੀ ਗਈ।

ਫਿਰ ਕਪੂਰਥਲਾ ਵਿੱਚ ਰੇਲਵੇ ਕੋਚ ਫੈਕਟਰੀ ਵਿੱਚ ਨੌਕਰੀ ਪ੍ਰਾਪਤ ਕੀਤੀ ਅਤੇ ਪੰਜਾਬ ਦੇ ਜਸਵੰਤ ਸਿੰਘ ਨਾਲ ਵਿਆਹ ਕਰਵਾ ਲਿਆ ਜੋ ਉਸ ਦਾ ਕੋਚ ਸੀ।

ਉਸ ਨੂੰ 1996 ਵਿੱਚ ਪੰਜਾਬ ਦੇ ਸਰਵਉੱਚ ਖੇਡ ਸਨਮਾਨ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਸ ਨੇ ਪੰਜਾਬ ਵਿੱਚ ਰਹਿੰਦਿਆਂ ਖੇਡਾਂ ਵਿੱਚ ਆਪਣੀ ਉੱਤਮਤਾ ਹਾਸਲ ਕੀਤੀ।

2004 ਏਥਨਜ਼ ਓਲੰਪਿਕਸ ਵਿੱਚ ਡਿਸਕਸ ਥਰੋਅਰ ਨੀਲਮ ਅਤੇ ਹਰਵੰਤ ਕੌਰ ਤੋਂ ਇਲਾਵਾ, ਭਾਰਤੀ 4ਣ400 ਮੀਟਰ ਰਿਲੇਅ ਟੀਮ ਵਿੱਚ ਪੰਜਾਬ ਦੀਆਂ ਦੋ ਲੜਕੀਆਂ ਰਾਜਵਿੰਦਰ ਕੌਰ ਅਤੇ ਮਨਜੀਤ ਕੌਰ ਵੀ ਸ਼ਾਮਲ ਸਨ।

2004 ਤੋਂ, ਲਗਭਗ ਇੱਕ ਦਹਾਕੇ ਤੱਕ ਪੰਜਾਬ ਦੀਆਂ ਲੜਕੀਆਂ ਨੇ ਭਾਰਤੀ 4ਣ400 ਮੀਟਰ ਰਿਲੇਅ ਦੌੜ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ।

ਜਲੰਧਰ ਨਿਵਾਸੀ ਮਨਜੀਤ ਕੌਰ ਜੋ ਕਿ ਪੰਜਾਬ ਪੁਲਿਸ ਵਿੱਚ ਪੁਲਿਸ ਸੁਪਰੀਟੈਂਡੈਂਟ (ਐੱਸਪੀ) ਵੀ ਹੈ, ਉਹ ਇਸ ਦੀ ਮੁੱਖ ਕਰਤਾਧਰਤਾ ਬਣ ਗਈ।

ਉਸ ਸਮੇਂ ਦੌਰਾਨ ਉਸ ਨੇ 400 ਮੀਟਰ ਦਾ ਰਾਸ਼ਟਰੀ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ।

2008 ਬੀਜਿੰਗ ਓਲੰਪਿਕਸ ਹਰਵੰਤ ਕੌਰ ਅਤੇ ਮਨਜੀਤ ਕੌਰ ਦੀ ਦੂਜੀ ਓਲੰਪਿਕਸ ਪਾਰੀ ਸੀ। ਮਨਜੀਤ ਦੇ ਨਾਲ, ਮਨਦੀਪ ਕੌਰ ਵੀ 4ਣ400 ਮੀਟਰ ਰਿਲੇਅ ਟੀਮ ਦਾ ਹਿੱਸਾ ਸੀ।

ਇਹ ਪਹਿਲੀ ਵਾਰ ਸੀ ਜਦੋਂ ਸੂਬੇ ਦੀ ਇੱਕ ਮਹਿਲਾ ਨਿਸ਼ਾਨੇਬਾਜ਼ ਅਵਨੀਤ ਸਿੱਧੂ (ਰਾਈਫਲ ਸ਼ੂਟਿੰਗ) ਨੇ ਓਲੰਪਿਕਸ ਵਿੱਚ ਹਿੱਸਾ ਲਿਆ।

2012 ਲੰਡਨ ਓਲੰਪਿਕਸ ਵਿੱਚ ਪਟਿਆਲਾ ਤੋਂ ਪਿਸਟਲ ਸ਼ੂਟਰ ਹੀਨਾ ਸਿੱਧੂ ਭਾਰਤੀ ਓਲੰਪਿਕਸ ਦਲ ਵਿੱਚ ਪੰਜਾਬ ਦੀ ਇਕਲੌਤੀ ਖਿਡਾਰਨ ਸੀ।

ਰੀਓ ਵਿੱਚ ਹੋਈਆਂ ਖੇਡਾਂ ਦੇ ਅਗਲੇ ਐਡੀਸ਼ਨ ਵਿੱਚ ਅੰਮ੍ਰਿਤਸਰ ਦੇ ਰਸੂਲਪੁਰ ਕਲਾਂ ਪਿੰਡ ਦੀ ਵਾਕਰ (ਪੈਦਲ ਚਾਲ) ਖਿਡਾਰਨ ਖੁਸ਼ਬੀਰ ਕੌਰ, ਪਟਿਆਲਾ ਦੀ ਸ਼ਾਟਪੁੱਟ ਖਿਡਾਰਨ ਮਨਪ੍ਰੀਤ ਕੌਰ ਅਤੇ ਨਿਸ਼ਾਨੇਬਾਜ਼ ਹੀਨਾ ਸਿੱਧੂ ਭਾਰਤੀ ਓਲੰਪਿਕ ਦਲ ਦਾ ਹਿੱਸਾ ਸਨ।

2020 ਟੋਕੀਓ ਓਲੰਪਿਕਸ ਵਿੱਚ ਭਾਰਤੀ ਦਲ ਵਿੱਚ ਪੰਜਾਬ ਦੀਆਂ ਚਾਰ ਲੜਕੀਆਂ ਸਨ।

ਇਨ੍ਹਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ, ਅੰਮ੍ਰਿਤਸਰ ਦੇ ਪਿੰਡ ਮਿਆਦੀ ਕਲਾਂ ਦੀ ਹਾਕੀ ਖਿਡਾਰਨ ਗੁਰਜੀਤ ਕੌਰ, ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਜੋ ਪੰਜਾਬ ਪੁਲੀਸ ਵਿੱਚ ਨੌਕਰੀ ਕਰਦੀ ਹੈ, ਸ਼ਾਮਲ ਸਨ।

ਪੰਜਾਬ ਤੋਂ ਓਲੰਪਿਕਸ ਵਿੱਚ ਭਾਗ ਲੈਣ ਵਾਲੀ ਚੌਥੀ ਖਿਡਾਰਨ ਪੰਜਾਬ ਦੀ ਪਹਿਲੀ ਮੁੱਕੇਬਾਜ਼ ਸਿਮਰਨਜੀਤ ਕੌਰ ਸੀ।

ਸਿਮਰਨਜੀਤ ਲੁਧਿਆਣਾ ਨੇੜੇ ਪਿੰਡ ਚਕਰ ਦੀ ਰਹਿਣ ਵਾਲੀ ਹੈ। ਉਸ ਨੇ ਚਕਰ ਪਿੰਡ ਨੂੰ ਪ੍ਰਸਿੱਧੀ ਪ੍ਰਦਾਨ ਕੀਤੀ ਹੈ, ਜੋ ਕਦੇ ਕਤਲ, ਗੈਂਗ ਵਾਰ ਅਤੇ ਨਸ਼ਿਆਂ ਸਬੰਧੀ ਲੜਾਈਆਂ ਲਈ ਬਦਨਾਮ ਸੀ।

ਐੱਨਆਰਆਈ ਭਰਾਵਾਂ ਦੁਆਰਾ ਚਲਾਈ ਜਾ ਰਹੀ ਬਾਕਸਿੰਗ ਅਕੈਡਮੀ ‘ਸ਼ੇਰ-ਏ-ਪੰਜਾਬ’ ਨੇ ਪਿੰਡ ਦੇ ਅਕਸ ਨੂੰ ਬਦਲ ਦਿੱਤਾ ਅਤੇ ਸਿਮਰਨਜੀਤ ਨੇ ਆਪਣੀ ਖੇਡ ਵਿਰਾਸਤ ਨੂੰ ਹੋਰ ਅੱਗੇ ਵਧਾਇਆ।

ਨਿਸ਼ਾਨੇਬਾਜ਼ੀ: ਕਦੇ ਮਰਦਾਂ ਦਾ ਗੜ੍ਹ ਰਹੇ ਪੰਜਾਬ ਵਿੱਚ ਹੁਣ ਲੜਕੀਆਂ ਦੀ ਚੜ੍ਹਾਈ

ਪੰਜਾਬੀਆਂ ਦੀ ਬੰਦੂਕਾਂ ਪ੍ਰਤੀ ਖਿੱਚ ਸ਼ਿਕਾਰ ਕਰਨ ਨਾਲ ਜੁੜਿਆ ਹੋਇਆ ਹੈ, ਜੋ ਇੱਥੋਂ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਗਿਆ।

ਇਹ ਸ਼ਾਹੀ ਪਰਿਵਾਰ ਤੋਂ ਲੈ ਕੇ ਆਮ ਲੋਕਾਂ ਵਿੱਚ ਫੈਲ ਗਿਆ ਹੈ।

ਹਾਲਾਂਕਿ, ਇਹ ਮਰਦ-ਪ੍ਰਧਾਨ ਹੀ ਰਿਹਾ ਕਿਉਂਕਿ ਲੜਕੀਆਂ ਕਦੇ ਵੀ ਸ਼ਿਕਾਰ ਸਮੂਹਾਂ ਦਾ ਹਿੱਸਾ ਨਹੀਂ ਸਨ।

ਸ਼ਿਕਾਰ ’ਤੇ ਪਾਬੰਦੀ ਦੇ ਨਾਲ, ਬੰਦੂਕ ਦਾ ਸੱਭਿਆਚਾਰ ਸ਼ਾਟਗਨ ਸ਼ੂਟਿੰਗ ਖੇਡ ਵਿੱਚ ਬਦਲ ਗਿਆ ਜੋ ਸ਼ੁਰੂ ਵਿੱਚ ਸਿਰਫ਼ ਪੁਰਸ਼ਾਂ ਦਾ ਖੇਤਰ ਰਿਹਾ ਹੈ।

ਬਠਿੰਡਾ ਦੀ ਅਵਨੀਤ ਸਿੱਧੂ ਨੇ ਇਸ ਪ੍ਰਥਾ ਨੂੰ ਤੋੜ ਦਿੱਤਾ ਅਤੇ ਉਹ 2008 ਬੀਜਿੰਗ ਖੇਡਾਂ ਵਿੱਚ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣੀ।

ਉਦੋਂ ਤੋਂ ਹੀ ਪੰਜਾਬ ਦੀਆਂ ਮਹਿਲਾ ਨਿਸ਼ਾਨੇਬਾਜ਼ ਭਾਰਤੀ ਦਲ ’ਚ ਮੌਜੂਦ ਹਨ।

ਅਗਲੀਆਂ ਦੋ ਓਲੰਪਿਕਸ ਖੇਡਾਂ ਵਿੱਚ ਪਿਸਟਲ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ 2020 ਟੋਕੀਓ ਓਲੰਪਿਕਸ ਵਿੱਚ ਅੰਜੁਮ ਮੌਦਗਿਲ ਨੇ ਕੀਤੀ ਸੀ।

ਪੰਜਾਬ ਪੁਲਿਸ ਦੀ ਐੱਸਪੀ ਅਤੇ ਓਲੰਪੀਅਨ ਅਵਨੀਤ ਕੌਰ ਸਿੱਧੂ ਨੇ ਕਿਹਾ, ‘‘ਹਾਲਾਂਕਿ ਮੈਨੂੰ ਸਹੀ ਅੰਕੜੇ ਕਦੇ ਪਤਾ ਨਹੀਂ ਸਨ, ਪਰ ਇਹ ਹੈਰਾਨੀ ਦੀ ਗੱਲ ਹੈ ਕਿ ਪੈਰਿਸ ਓਲੰਪਿਕਸ ਸਮੇਤ, ਪੰਜਾਬ ਆਪਣੇ ਮਜ਼ਬੂਤ ਖੇਡ ਸੱਭਿਆਚਾਰ ਨਾਲ ਹੁਣ ਤੱਕ ਸਿਰਫ਼ 21 ਮਹਿਲਾ ਓਲੰਪੀਅਨ ਹੀ ਪੈਦਾ ਕਰ ਸਕਿਆ ਹੈ।

‘‘ਇੱਕ ਖੇਤੀ ਪ੍ਰਧਾਨ ਰਾਜ ਹੋਣ ਦੇ ਨਾਤੇ, ਮਰਦ ਅਤੇ ਔਰਤਾਂ ਦੋਵੇਂ ਹੀ ਖੇਤਾਂ ਵਿੱਚ ਕੰਮ ਕਰਦੇ ਹਨ, ਜਿਸ ਨਾਲ ਸਾਨੂੰ ਸਹਿਣਸ਼ੀਲਤਾ ਅਤੇ ਤਾਕਤ ਵਾਲੀਆਂ ਖੇਡਾਂ ਲਈ ਯੋਗ ਜੀਨ ਮਿਲਦੇ ਹਨ। ਪਰ ਲੜਕੀਆਂ ਵਿੱਚ ਕਾਫ਼ੀ ਹੱਦ ਤੱਕ ਅਣਵਰਤੀ ਪ੍ਰਤਿਭਾ ਪਈ ਹੈ।’’

ਅਵਨੀਤ ਨੂੰ ਖੇਡ ਕੋਟੇ ਤਹਿਤ ਭਰਤੀ ਕੀਤਾ ਗਿਆ ਸੀ, ਉਸ ਨੇ ਅੱਗੇ ਕਿਹਾ, ‘‘ਜੇਕਰ ਅਸੀਂ ਲੜਕੀਆਂ ’ਤੇ ਧਿਆਨ ਕੇਂਦਰਿਤ ਕਰਦੇ ਹਾਂ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ, ਤਾਂ ਅਸੀਂ ਵੱਖ-ਵੱਖ ਖੇਡਾਂ ਵਿੱਚ ਪੰਜਾਬ ਤੋਂ ਮਹਿਲਾ ਓਲੰਪੀਅਨਾਂ ਦੀ ਗਿਣਤੀ ਵਧਾ ਸਕਦੇ ਹਾਂ।’’

2024 ਪੈਰਿਸ ਓਲੰਪਿਕਸ ਵਿੱਚ ਭਾਰਤੀ ਦਲ ਵਿੱਚ ਪੰਜਾਬ ਦੀਆਂ ਖਿਡਾਰਨਾਂ ਦੀ ਨੁਮਾਇੰਦਗੀ ਕੇਵਲ ਨਿਸ਼ਾਨੇਬਾਜ਼ਾਂ ਦੁਆਰਾ ਹੀ ਕੀਤੀ ਜਾਵੇਗੀ।

ਰਾਜ ਦੀਆਂ ਇਨ੍ਹਾਂ ਤਿੰਨ ਨਿਸ਼ਾਨੇਬਾਜ਼ਾਂ ਵਿੱਚ ਸ਼ਾਮਲ ਹੈ-ਅੰਜੁਮ ਮੌਦਗਿਲ (50 ਮੀਟਰ ਰਾਈਫਲ 3 ਪੁਜ਼ੀਸ਼ਨ), ਰਾਜੇਸ਼ਵਰੀ ਕੁਮਾਰੀ (ਟਰੈਪ) ਅਤੇ ਸਿਫਤ ਕੌਰ ਸਮਰਾ (50 ਮੀਟਰ ਰਾਈਫਲ 3 ਪੁਜ਼ੀਸ਼ਨ) ਇਹ ਤਿੰਨੋਂ ਪੈਰਿਸ ਵਿੱਚ ਨਿਸ਼ਾਨਾ ਸਾਧਣਗੀਆਂ।

ਸਿਫਤ ਨੇ ਆਪਣੇ ਸ਼ੂਟਿੰਗ ਕਰੀਅਰ ਲਈ ਐੱਮਬੀਬੀਐੱਸ ਦੀ ਪੜ੍ਹਾਈ ਛੱਡ ਦਿੱਤੀ ਅਤੇ ਪੂਰੀ ਤਰ੍ਹਾਂ ਨਾਲ ਸ਼ੂਟਿੰਗ ’ਤੇ ਧਿਆਨ ਕੇਂਦਰਿਤ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਵਿੱਚ ਦਾਖਲਾ ਲੈ ਲਿਆ।

ਪਟਿਆਲਾ ਸ਼ਾਹੀ ਪਰਿਵਾਰ ਦੀ ਰਾਜੇਸ਼ਵਰੀ ਕੁਮਾਰੀ ਅਤੇ ਪੰਜ ਵਾਰ ਦੇ ਓਲੰਪੀਅਨ ਰਾਜਾ ਰਣਧੀਰ ਸਿੰਘ ਦੀ ਬੇਟੀ ਪੈਰਿਸ ਵਿੱਚ ਆਪਣੀ ਓਲੰਪਿਕਸ ਦੀ ਸ਼ੁਰੂਆਤ ਕਰੇਗੀ, ਜਿਸ ਨਾਲ ਉਨ੍ਹਾਂ ਦੀ ਭਾਰਤ ਦੀ ਪਹਿਲੀ ਪਿਓ-ਧੀ ਓਲੰਪੀਅਨ ਜੋੜੀ ਬਣੇਗੀ।

ਅਵਨੀਤ ਨੇ ਕਿਹਾ, ‘‘ਸਮਾਜਿਕ ਚਿੰਤਾਵਾਂ ਦੇ ਕਾਰਨ, ਕਈ ਮਾਤਾ-ਪਿਤਾ ਖਾਸ ਕਰਕੇ ਪੇਂਡੂ ਖੇਤਰਾਂ ਵਾਲੇ, ਇਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਬੇਟੀਆਂ ਖੇਡਾਂ ਵਿੱਚ ਆਪਣਾ ਕਰੀਅਰ ਬਣਾਉਣ।

‘‘ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਾਂਗ ਹੀ ਪੰਜਾਬ ਸਰਕਾਰ ਨੂੰ ਲੜਕੀਆਂ ਲਈ ਵਿਸ਼ੇਸ਼ ਤੌਰ ’ਤੇ ਖੇਡ ਅਕੈਡਮੀਆਂ ਦੀ ਸਥਾਪਨਾ ਕਰਨੀ ਚਾਹੀਦੀ ਹੈ।

‘‘ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਮਾਪੇ ਆਪਣੀਆਂ ਬੇਟੀਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਨਗੇ।’’