Tuesday, May 14, 2024
17.5 C
Vancouver

ਮੈਂ ਪੰਜਾਬ ਹਾਂ

ਥਾਂ-ਥਾਂ ਤੋਂ ਮੇਰਾ ਜਿਸਮ
ਮੇਰਾ ਅਕਸ ਹੈ ਟੁੱਟਿਆ
ਮੁੱਦਤਾਂ ਤੋਂ ਮੈਨੂੰ ਕਈ
ਅਬਦਾਲੀਆਂ ਲੁੱਟਿਆ
ਸਿੰਧ ਤੋਂ ਯਮਨਾ ਤੱਕ
ਮੇਰੀ ਜ਼ਮੀਨ ਮੇਰਾ ਹੱਕ
ਮੇਰੀ ਪਛਾਣ ਮੇਰਾ ਵਜੂਦ
ਖੋਹ ਲਿਆ ਮੈਥੋਂ ਸਭ

ਮੈਂ ਅਪਣੇ ਹੀ ਹੰਝੂਆਂ ਦਾ
ਇੱਕ ਡੂੰਘਾ ਸੈਲਾਬ ਹਾਂ
ਬੁੱਲ੍ਹੇ ਦੀ ਗੂੜ੍ਹੀ ਨੀਂਦ ਦਾ
ਇੱਕ ਟੁੱਟਿਆ ਖ਼ਾਬ ਹਾਂ
ਮੈਂ ਪੰਜਾਬ ਹਾਂ
ਮੈਂ ਪੰਜਾਬ ਹਾਂ

ਸੰਤਾਲੀ ਦੇ ਜ਼ਖ਼ਮਾਂ ਦੇ
ਬਣ ਗਏ ਕਈ ਨਾਸੂਰ
ਸਾਂਝਾਂ ਦੇ ਚੁੱਲ੍ਹੇ-ਚੌਂਕੇ
ਹੋ ਗਏ ਚਕਨਾ ਚੂਰ
ਰਾਂਝੇ ਹੀ ਹੀਰ ਲੁੱਟੀ
ਰਾਵੀ ਵਿਚਾਲੋ ਟੁੱਟੀ
ਅਜ਼ਲਾਂ ਤੋਂ ਚਲੀ ਰੀਤ
ਇੱਕ ਪਲ ਅੰਦਰ ਟੁੱਟੀ

ਮੈਂ ਗੁੰਗੇ ਹੋਏ ਸੁਰਾਂ ਦੀ
ਗੁੰਮ-ਸੁੰਮ ਰਬਾਬ ਹਾਂ
ਬੁੱਲ੍ਹੇ ਦੀ ਗੂੜ੍ਹੀ ਨੀਂਦ ਦਾ
ਇੱਕ ਟੁੱਟਿਆ ਖ਼ਾਬ ਹਾਂ
ਮੈਂ ਪੰਜਾਬ ਹਾਂ
ਮੈਂ ਪੰਜਾਬ ਹਾਂ

ਮੁੜ ਕੇ ਮੈਨੂੰ ਆਪਣਾ
ਉਹੀ ਰੰਗ ਨਾ ਮਿਲਿਆ
ਪਹਿਲਾਂ ਜਿਹਾ ਫਿਰ ਮੈਨੂੰ
ਉਹ ਝੰਗ ਨਾ ਮਿਲਿਆ
ਨਾ ਹੁਣ ਚੰਬਾ ਮੇਰੇ ਕੋਲ
ਨਾ ਸਪੀਤੀ ਨਾ ਲਾਹੌਲ
ਵੰਡੀ ਗਈ ਮੇਰੀ ਬੋਲੀ
ਵੰਡੇ ਗਏ ਮੇਰੇ ਬੋਲ

ਮੈਂ ਉੱਖੜੇ ਪੰਨਿਆਂ ਦੀ
ਇੱਕ ਉਲਝੀ ਕਿਤਾਬ ਹਾਂ
ਬੁੱਲ੍ਹੇ ਦੀ ਗੂੜ੍ਹੀ ਨੀਂਦ ਦਾ
ਇੱਕ ਟੁੱਟਿਆ ਖ਼ਾਬ ਹਾਂ
ਮੈਂ ਪੰਜਾਬ ਹਾਂ
ਮੈਂ ਪੰਜਾਬ ਹਾਂ
ਲਿਖਤ : ਸ਼ਮੀ ਜਲੰਧਰੀ