Wednesday, May 15, 2024
11.6 C
Vancouver

ਪਰਵਾਸ ਕਿਵੇਂ ਸ਼ੁਰੂ ਹੋਇਆ

ਲਿਖਤ : ਜਤਿੰਦਰ ਪੰਮੀ

ਸੰਪਰਕ  97818-00213

ਪਰਵਾਸ ਮਨੁੱਖੀ ਜੀਵਨ ਚੱਕਰ ਦਾ ਹਿੱਸਾ ਮੰਨਿਆ ਜਾਂਦਾ ਹੈ ਤੇ ਇਹ ਜੀਵਨ ਚੱਕਰ ਪੁਰਾਤਨ ਕਾਲ ਤੋਂ ਹੀ ਚਲਿਆ ਆ ਰਿਹਾ ਹੈ। ਇਤਿਹਾਸ ‘ਤੇ ਝਾਤ ਮਾਰੀਏ ਤਾਂ ਸਦੀਆਂ ਤੋਂ ਹੀ ਕੁਝ ਲੋਕ ਬਿਹਤਰ ਜ਼ਿੰਦਗੀ ਜਿਊਣ ਲਈ ਸਹੂਲਤਾਂ ਦੀ ਤਲਾਸ਼ ‘ਚ ਪਰਵਾਸ ਕਰਦੇ ਰਹੇ ਹਨ ਅਤੇ ਕੁਝ ਹਾਕਮ ਲੋਕ ਆਪਣੀ ਸੱਤਾ ਦਾ ਘੇਰਾ ਵਧਾਉਣ ਲਈ ਏਧਰ-ਓਧਰ ਅਤੇ ਵਿਦੇਸ਼ੀ ਧਰਤੀਆਂ ‘ਤੇ ਜਾਂਦੇ ਰਹੇ ਹਨ। ਇਹ ਵਿਦੇਸ਼ੀ ਹਮਲਾਵਰ, ਜਿਹੜੇ ਜੰਗਾਂ-ਯੁੱਧਾਂ ਰਾਹੀਂ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਗ਼ੁਲਾਮ ਬਣਾ ਲੈਂਦੇ ਸਨ ਅਤੇ ਕਈ ਤਾਂ ਗ਼ੁਲਾਮਾਂ ਨੂੰ ਬੰਧੂਆ ਬਣਾ ਕੇ ਆਪਣੇ ਦੇਸ਼ਾਂ ‘ਚ ਵੀ ਲੈ ਜਾਂਦੇ ਰਹੇ ਸਨ। ਕੁਝ ਲੋਕ ਆਪਣੀਆਂ ਜਾਨਾਂ ਬਚਾਉਣ ਜਾਂ ਜੀਵਨ ਦੇ ਹੋਰ ਵਸੀਲੇ ਤੇ ਸਥਾਨ ਲੱਭਣ ਲਈ ਦੂਸਰੀਆਂ ਥਾਵਾਂ ‘ਤੇ ਚਲੇ ਜਾਂਦੇ ਸਨ। ਗ਼ੁਲਾਮੀ ਹੰਢਾਉਣ ਵਾਲੇ ਬਹੁਤੇ ਦੇਸ਼ਾਂ ਦੇ ਲੋਕਾਂ ਨੇ ਬਿਹਤਰ ਜੀਵਨ ਦੀ ਤਲਾਸ਼ ਵਿਚ ਵੀ ਵਿਕਸਿਤ ਦੇਸ਼ਾਂ ਵੱਲ ਨੂੰ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਥੋਂ ਹੀ ਪਰਵਾਸ ਦੀ ਸ਼ੁਰੂਆਤ ਹੋਈ। ਪਰਵਾਸ ਕਰਨ ਦਾ ਇਹ ਸਿਲਸਿਲਾ ਮੌਜੂਦਾ ਸਮੇਂ ਵੀ ਜਾਰੀ ਹੈ। ਪਰਵਾਸ ਨਾ ਸਿਰਫ਼ ਮਨੁੱਖ ਹੀ ਕਰਦੇ ਹਨ ਬਲਕਿ ਪਰਿੰਦੇ ਵੀ ਪਰਵਾਸ ਕਰਦੇ ਹਨ, ਜਿਸ ਦਾ ਸਬੂਤ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀਆਂ ਕੁਝ ਝੀਲਾਂ (ਵੈੱਟ ਲੈਂਡਜ਼)’ਤੇ ਆਉਣ ਵਾਲੇ ਪਰਵਾਸੀ ਪੰਛੀਆਂ ਤੋਂ ਮਿਲਦਾ ਹੈ। ਇਹ ਪੰਛੀ ਸਰਦੀਆਂ ਦੇ ਦਿਨਾਂ ‘ਚ ਸਾਇਬੇਰੀਆ ਅਤੇ ਦੱਖਣੀ ਅਫਰੀਕੀ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦੀ ਦੂਰੀ ਤਹਿ ਕਰ ਕੇ ਪੰਜਾਬ ਦੀ ਧਰਤੀ ‘ਤੇ ਆਉਦੇ ਹਨ।ਭਾਰਤ ‘ਚੋਂ ਵਿਦੇਸ਼ਾਂ ਵੱਲ ਪਰਵਾਸ ਦਾ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਸਾਡਾ ਦੇਸ਼ ਬਰਤਾਨਵੀ ਹਾਕਮਾਂ ਦਾ ਗ਼ੁਲਾਮ ਸੀ। ਉਸ ਵੇਲੇ ਗ਼ੁਲਾਮ ਪ੍ਰਥਾ ਚੱਲਦੀ ਸੀ ਅਤੇ ਬਰਤਾਨਵੀ ਹਕੂਮਤ ਆਪਣੇ ਅਧੀਨ ਗ਼ੁਲਾਮ ਦੇਸ਼ਾਂ ਦੇ ਲੋਕਾਂ ਨੂੰ ਜਬਰੀ ਆਪਣੇ ਕੰਮਾਂ ਲਈ ਲੈ ਜਾਂਦੇ ਸਨ। 1833 ‘ਚ ਬਰਤਾਨਵੀ ਹਕੂਮਤ ਨੇ ਗ਼ੁਲਾਮ ਪ੍ਰਥਾ ਬੰਦ ਕਰ ਦਿੱਤੀ ਪਰ ਗ਼ੁਲਾਮਾਂ ਨੂੰ ਲਿਜਾਣ ਲਈ ਨਵਾਂ ਢੰਗ ਲੱਭ ਲਿਆ ਅਤੇ ਭਾਰਤੀਆਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਆਪਣੀ ਲੋੜ ਮੁਤਾਬਕ ਬਰਤਾਨੀਆ ਜਾਂ ਆਪਣੇ ਅਧੀਨ ਹੋਰ ਮੁਲਕਾਂ ‘ਚ ਭੇਜਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਵੇਲਿਆਂ ਦੇ ਕੁਝ ਅਮੀਰ ਲੋਕ ਆਪਣੇ ਬੱਚਿਆਂ ਨੂੰ ਵਲਾਇਤ ਪੜ੍ਹਨ ਲਈ ਵੀ ਭੇਜਿਆ ਕਰਦੇ ਸਨ। ਉਨ੍ਹਾਂ ਵਿੱਚੋਂ ਕੁਝ ਲੋਕ ਇੰਗਲੈਂਡ ਤੋਂ ਇਲਾਵਾ ਹੋਰਨਾਂ ਦੇਸ਼ਾਂ ‘ਚ ਜਾਣੇ ਸ਼ੁਰੂ ਹੋਏ।ਹੌਲ਼ੀ-ਹੌਲ਼ੀ ਲੋਕ ਵੱਖ-ਵੱਖ ਢੰਗਾਂ ਰਾਹੀਂ ਵਿਦੇਸ਼ਾਂ ਨੂੰ ਪਰਵਾਸ ਕਰਨ ਲੱਗੇ, ਜਿਨ੍ਹਾਂ ‘ਚ ਇਸ ਵੇਲੇ ਵਿਦੇਸ਼ ਜਾਣ ਦਾ ਕਾਨੂੰਨੀ ਢੰਗ ਸਟੱਡੀ ਵੀਜ਼ਾ, ਵਰਕ ਪਰਮਿਟ, ਪੀਆਰ, ਬਿਜ਼ਨੈੱਸ ਵੀਜ਼ਾ ਆਦਿ ਬਣ ਚੁੱਕੇ ਹਨ ਜਦੋਂ ਕਿ ਗ਼ੈਰਕਾਨੂੰਨੀ ਢੰਗ ਨਾਲ ਵੀ ਲੋਕ ਯੂਰਪੀ ਦੇਸ਼ਾਂ ਤੇ ਅਮਰੀਕਾ ‘ਚ ਪਰਵਾਸ ਕਰ ਰਹੇ ਹਨ। ਹਰ ਸਾਲ ਭਾਰਤ ਤੇ ਵਿਸ਼ੇਸ਼ ਕਰਕੇ ਪੰਜਾਬ ‘ਚੋਂ ਲੱਖਾਂ ਨੌਜਵਾਨ ਵਿਦੇਸ਼ਾਂ ‘ਚ ਜਾ ਰਹੇ ਹਨ। ਪੰਜਾਬ ਦਾ ਕੋਈ ਪਿੰਡ ਜਾਂ ਸ਼ਹਿਰ ਅਜਿਹਾ ਨਹੀਂ ਹੈ, ਜਿੱਥੋਂ ਲੋਕ ਪਰਵਾਸ ਕਰ ਕੇ ਵਿਦੇਸ਼ ਨਾ ਗਏ ਹੋਣ। ਪਰਵਾਸੀ ਭਾਰਤੀ ਦਿਵਸ ਇਸ ਲਈ ਵੀ ਅਹਿਮ ਹੈ ਕਿਉਕਿ ਇਹ ਨਾ ਸਿਰਫ਼ ਐੱਨ.ਆਰ.ਆਈਜ਼ ਨੂੰ ਉਨ੍ਹਾਂ ਦੇ ਮੂਲ ਨਾਲ ਜੋੜਦਾ ਹੈ ਬਲਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵੀ ਮਾਨਤਾ ਦਿੰਦਾ ਹੈ। ਇਹ ਦਿਨ ਦੂਜੇ ਦੇਸ਼ਾਂ ਵਿੱਚ ਕੰਮ ਕਰ ਰਹੇ ਭਾਰਤੀ ਪਰਵਾਸੀਆਂ ਦੁਆਰਾ ਅਨੁਭਵ ਕੀਤੀਆਂ ਚੁਣੌਤੀਆਂ ਨੂੰ ਵੀ ਮਾਨਤਾ ਦਿੰਦਾ ਹੈ।

ਬਰਤਾਨਵੀ ਹਕੂਮਤ ਦੌਰਾਨ ਗ਼ੁਲਾਮਾਂ ਵਾਲੀਆਂ ਤਰਸਯੋਗ ਹਾਲਤਾਂ ‘ਚੋਂ ਨਿਕਲ ਕਈ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਰੁਖ਼ ਕੀਤਾ। ਬਹੁਤੇ ਨੌਜਵਾਨ ਅਮਰੀਕਾ ਤੇ ਕੈਨੇਡਾ ਦੀ ਧਰਤੀ ‘ਤੇ ਪਰਵਾਸ ਕਰ ਕੇ ਚਲੇ ਗਏ। ਉਨ੍ਹਾਂ ‘ਚੋਂ ਕਈਆਂ ਨੇ ਉਥੋਂ ਦਾ ਰਹਿਣ-ਸਹਿਣ ਤੇ ਵਧੀਆ ਜੀਵਨ ਵੇਖ ਕੇ ਭਾਰਤੀ ਲੋਕਾਂ ਦੇ ਮਾੜੀਆਂ ਹਾਲਤਾਂ ਵਾਲੇ ਜੀਵਨ ਨਾਲ ਤੁਲਨਾ ਕੀਤੀ ਅਤੇ ਉਨ੍ਹਾਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਜਾਗਿਆ ਤਾਂ ਉਨ੍ਹਾਂ ਨੇ ਦੇਸ਼ ਨੂੰ ਬਰਤਾਨਵੀ ਹਕੂਮਤ ਦੀ ਗ਼ੁਲਾਮੀ ਦੀਆ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਅੰਗਰੇਜ਼ ਹਾਕਮਾਂ ਵਿਰੁੱਧ ਸੰਘਰਸ਼ ਆਰੰਭਿਆ, ਜਿਸ ਨੂੰ ਗ਼ਦਰ ਲਹਿਰ ਦਾ ਨਾਂ ਦਿੱਤਾ ਗਿਆ। ਇਸ ਤਰ੍ਹਾਂ 20ਵੀਂ ਸਦੀ ਦੇ ਸ਼ੁਰੂਆਤ ‘ਚ ਫਰਵਰੀ 1913 ‘ਚ ਗ਼ਦਰ ਪਾਰਟੀ ਦਾ ਗਠਨ ਕੀਤਾ ਗਿਆ ਅਤੇ ਇਸ ਨਾਲ ਜੁੜਨ ਵਾਲੇ ਦੇਸ਼ ਭਗਤਾਂ ਨੂੰ ਗ਼ਦਰੀ ਬਾਬਿਆਂ ਦਾ ਨਾਂ ਦਿੱਤਾ ਗਿਆ। ਇਨ੍ਹਾਂ ਗ਼ਦਰੀ ਬਾਬਿਆਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ ਅੰਗਰੇਜ਼ ਹਾਕਮਾਂ ਨਾਲ ਸਿੱਧੀ ਟੱਕਰ ਲੈਣ ਲਈ ਗ਼ਦਰ ਦੀ ਸ਼ੁਰੂਆਤ ਕਰਨ ਦੇ ਉਦੇਸ਼ ਨਾਲ ਦੇਸ਼ ਵੱਲ ਵਹੀਰਾਂ ਘੱਤ ਲਈਆਂ। ਉਨ੍ਹਾਂ ਨੇ ਦੇਸ਼ ਖ਼ਾਤਰ ਕੁਰਬਾਨੀਆਂ ਕੀਤੀਆਂ। ਗ਼ਦਰ ਲਹਿਰ ਦੌਰਾਨ ਕੁਰਬਾਨੀਆਂ ਦੇਣ ਵਾਲਿਆਂ ‘ਚ ਮੁੱਖ ਤੌਰ ‘ਤੇ ਬਾਬਾ ਸੋਹਨ ਸਿੰਘ ਭਕਨਾ, ਕੇਸਰ ਸਿੰਘ, ਬਾਬਾ ਜਵਾਲਾ ਸਿੰਘ, ਕਰਤਾਰ ਸਿੰਘ ਸਰਾਭਾ, ਪੰਡਿਤ ਕਾਂਸ਼ੀ ਰਾਮ, ਮੁਨਸ਼ੀ ਰਾਮ, ਲਾਲਾ ਠੱਕਰ ਦਾਸ, ਲਾਲਾ ਹਰਦਿਆਲ, ਊਧਮ ਸਿੰਘ, ਭਾਈ ਪਰਮਾਨੰਦ, ਤਾਰਕ ਨਾਥ ਦਾਸ, ਵਿਸ਼ਣੂ ਗਨੇਸ਼ ਪਿੰਗਲੇ, ਭਗਵਾਨ ਸਿੰਘ ਗਿਆਨੀ, ਸੰਤੋਖ ਸਿੰਘ, ਬਲਵੰਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਸਨ। ਉਨ੍ਹਾਂ ਤੋਂ ਇਲਾਵਾ ਕਾਮਾਗਾਟਾਮਾਰੂ ਘਟਨਾ ਦੇ ਸ਼ਹੀਦ, ਜਿਨ੍ਹਾਂ ਦੀ ਅਗਵਾਈ ਬਾਬਾ ਗੁਰਦਿੱਤ ਸਿੰਘ ਕਾਮਾਗਾਟਮਾਰੂ (ਸਰਹਾਲੀ ਕਲਾਂ, ਜ਼ਿਲ੍ਹਾ ਤਰਨਤਾਰਨ) ਵੱਲੋਂ ਕੀਤੀ ਗਈ ਸੀ, ਵੀ ਸ਼ਾਮਲ ਸਨ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ, ਜਿਨ੍ਹਾਂ ਨੇ ਜਲਾਵਤਨੀ ਕਾਰਨ ਵਿਦੇਸ਼ਾਂ ‘ਚ ਰਹਿ ਕੇ ਆਜ਼ਾਦੀ ਦੀ ਲੜਾਈ ‘ਚ ਯੋਗਦਾਨ ਪਾਇਆ ਸੀ।

ਮਾਂ-ਬੋਲੀ ਦੀ ਪ੍ਰਫੁੱਲਤਾ ‘ਚ ਯੋਗਦਾਨ

ਪਰਵਾਸੀ ਪੰਜਾਬੀਆਂ ਦਾ ਆਪਣੇ ਪਿੰਡਾਂ ਦੇ ਵਿਕਾਸ ਤੇ ਖੇਡਾਂ ‘ਚ ਯੋਗਦਾਨ ਪਾਉਣ ਤੋਂ ਇਲਾਵਾ ਮਾਤ ਭਾਸ਼ਾ ਪੰਜਾਬੀ ਦੀ ਪ੍ਰਫੁੱਲਤਾ ਲਈ ਵੀ ਅਹਿਮ ਯੋਗਦਾਨ ਰਿਹਾ ਹੈ। ਇਨ੍ਹਾਂ ‘ਚ ਵਿਦੇਸ਼ਾਂ ਅੰਦਰ ਰਹਿ ਕੇ ਪੰਜਾਬੀ ‘ਚ ਰਚੇ ਗਏ ਸਾਹਿਤ ਤੋਂ ਇਲਾਵਾ ਵੱਖ-ਵੱਖ ਸਾਹਿਤਕ ਸੰਸਥਾਵਾਂ ਵੱਲੋਂ ਕਰਵਾਈਆਂ ਜਾਂਦੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਤੇ ਕੌਮਾਂਤਰੀ ਪੱਧਰ ਦੇ ਸੈਮੀਨਾਰ ਤੇ ਸਾਹਿਤਕ ਸੰਮੇਲਨ ਵੀ ਸ਼ਾਮਲ ਹਨ। ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ‘ਚ ਕੈਨੇਡਾ ਵਸਦੇ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ ਹਾਲਾਂਕਿ ਆਸਟ੍ਰੇਲੀਆ ਤੇ ਇੰਗਲੈਂਡ ‘ਚ ਵੀ ਸਾਹਿਤਕ ਸੰਮੇਲਨ ਹੁੰਦੇ ਰਹਿੰਦੇ ਹਨ। ਇਨ੍ਹਾਂ ‘ਚ ਮੁੱਖ ਤੌਰ ‘ਤੇ ਅਜਾਇਬ ਸਿੰਘ ਚੱਠਾ, ਗਿਆਨ ਸਿੰਘ ਕੰਗ, ਸੁੱਖੀ ਬਾਠ ਸ਼ਾਮਲ ਹਨ। ਪੰਜਾਬੀ ਸੱਥ ਲਾਂਬੜਾ ਦੀਆਂ ਵੱਖ-ਵੱਖ ਦੇਸ਼ਾਂ ਵਿਚਲੀਆਂ ਇਕਾਈਆਂ ਵੀ ਮਾਤ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਭਰਪੂਰ ਯੋਗਦਾਨ ਪਾ ਰਹੀਆਂ ਹਨ।ਕੈਨੇਡਾ ਦੇ ਸ਼ਹਿਰ ਸਰੀ ਵਾਸੀ ਐੱਨਆਰਆਈ ਤੇ ਸਮਾਜ ਸੇਵੀ ਸੁੱਖੀ ਬਾਠ ਵੱਲੋਂ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਆਰੰਭੇ ਗਏ ਕਾਰਜ ਕਾਫ਼ਲੇ ਦਾ ਰੂਪ ਧਾਰਨ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਬਣਾਈ ਗਈ ਸੰਸਥਾ ਸੁੱਖੀ ਬਾਠ ਫਾਉਂਡੇਸ਼ਨ ਦੀ ਰਹਿਨੁਮਾਈ ‘ਚ ਸਾਹਿਤਕ ਸਰਗਰਮੀਆਂ ਲਈ 2016 ‘ਚ ਪੰਜਾਬ ਭਵਨ ਸਰੀ ਦਾ ਨਿਰਮਾਣ ਕਰਵਾਇਆ ਗਿਆ ਸੀ, ਜਿੱਥੇ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਲਈ ਨਾ ਸਿਰਫ਼ ਮੁਫ਼ਤ ਜਗ੍ਹਾ ਮੁਹੱਈਆ ਕਰਵਾਈ ਜਾਂਦੀ ਹੈ ਬਲਕਿ ਸਮਾਗਮ ‘ਚ ਸ਼ਾਮਲ ਹੋਣ ਵਾਲੇ ਸਾਹਿਤਕਾਰਾਂ ਤੇ ਸਾਹਿਤਕ ਪ੍ਰੇਮੀਆਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਪੰਜਾਬ ਭਵਨ ਵੱਲੋਂ ਹੀ ਕੀਤਾ ਜਾਂਦਾ ਹੈ।ਸੁੱਖੀ ਬਾਠ ਦੇ ਯਤਨਾਂ ਨੂੰ ਕੌਮਾਂਤਰੀ ਪੱਧਰ ‘ਤੇ ਹਾਂ-ਪੱਖੀ ਹੁੰਗਾਰਾ ਮਿਲਣ ਤੋਂ ਉਤਸ਼ਾਹਤ ਹੋ ਕੇ ਉਨ੍ਹਾਂ ਨੇ 2021 ‘ਚ ਜਲੰਧਰ ਵਿਖੇ ਵੀ ਪੰਜਾਬ ਭਵਨ ਕਾਇਮ ਕਰ ਦਿੱਤਾ। ਉਹ ਵੀ ਹੁਣ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਪੰਜਾਬ ਭਵਨ ਵੱਲੋਂ ਸਾਹਿਤਕਾਰਾਂ ਨੂੰ ਵੀ ਉਤਸ਼ਾਹਤ ਕੀਤਾ ਜਾਂਦਾ ਹੈ ਅਤੇ ਬਹੁਤ ਸਾਰਿਆਂ ਦੀਆਂ ਪੁਸਤਕਾਂ ਮੁਫ਼ਤ ਛਪਵਾ ਕੇ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਹਰ ਸਾਲ ਪੰਜਾਬ ਭਵਨ ਸਰੀ ‘ਚ ਕੌਮਾਂਤਰੀ ਪੱਧਰ ਦੀ ਕਾਨਫਰੰਸ ਕਰਵਾਈ ਜਾਂਦੀ ਹੈ, ਜਿਸ ‘ਚ ਨਾ ਸਿਰਫ਼ ਪੰਜਾਬ ਬਲਕਿ ਵਿਦੇਸ਼ਾਂ ‘ਚ ਰਹਿੰਦੇ ਸਾਹਿਤਕਾਰ ਵੀ ਸ਼ਮੂਲੀਅਤ ਕਰਦੇ ਹਨ। 67 ਸਾਲਾ ਐੱਨਆਰਆਈ ਸੁੱਖੀ ਬਾਠ ਦੱਸਦੇ ਹਨ ਕਿ ਪੰਜਾਬ ਭਵਨ ਸਰੀ ‘ਚ 9 ਭਾਸ਼ਾਵਾਂ ‘ਚ ਪ੍ਰੋਗਰਾਮ ਹੁੰਦੇ ਹਨ ਅਤੇ ਹਰ ਮਹੀਨੇ 20-25 ਸਮਾਗਮ ਹੋ ਜਾਂਦੇ ਹਨ।

ਗ਼ੈਰ-ਕਾਨੂੰਨੀ ਪਰਵਾਸ ਦੇ ਜਾਨਲੇਵਾ ਸਿੱਟੇ

ਚੰਗੇ ਜੀਵਨ ਦੀ ਤਲਾਸ਼ ਲਈ ਅੱਜ ਹਰ ਕੋਈ ਬਿਹਤਰ ਬਦਲ ਲੱਭ ਰਿਹਾ ਹੈ। ਇਹੀ ਕਾਰਨ ਹੈ ਕਿ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ‘ਚ ਆਪਣੇ ਸੁਪਨਿਆਂ ਦੀ ਮੰਜ਼ਿਲ ਦਿਸ ਰਹੀ ਹੈ, ਜਿਸ ਕਾਰਨ ਉਹ ਕਿਸੇ ਵੀ ਢੰਗ-ਤਰੀਕੇ ਵਿਦੇਸ਼ ਜਾਣਾ ਚਾਹੁੰਦੇ ਹਨ। ਇਸ ਲਾਲਸਾ ਵੱਸ ਉਹ ਕਈ ਵਾਰ ਫ਼ਰਜ਼ੀ ਟਰੈਵਲ ਏਜੰਟਾਂ ਦੇ ਢਹੇ ਚੜ੍ਹ ਜਾਂਦੇ ਹਨ। ਇਨ੍ਹਾਂ ਠੱਗ ਟਰੈਵਲ ਏਜੰਟਾਂ ਦਾ ਸ਼ਿਕਾਰ ਹੋ ਕੇ ਕਈ ਆਪਣੇ ਮਾਪਿਆਂ ਦੀ ਉਮਰ ਭਰ ਦੀ ਮਿਹਨਤ-ਮਜ਼ਦੂਰੀ ਕਰ ਕੇ ਕਮਾਈ ਗਈ ਪੂੰਜੀ ਗੁਆ ਲੈਂਦੇ ਹਨ ਤੇ ਫਿਰ ਰਕਮਾਂ ਵਾਪਸ ਲੈਣ ਲਈ ਥਾਣੇ-ਕਚਹਿਰੀਆਂ ਦੇ ਚੱਕਰ ਕੱਟਦੇ ਰਹਿੰਦੇ ਹਨ। ਕਈ ਜਿਹੜੇ ਮੋਟੀਆਂ ਰਕਮਾਂ ਖ਼ਰਚ ਕਰ ਕੇ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਚਲੇ ਵੀ ਜਾਂਦੇ ਹਨ, ਉਹ ਉੱਥੇ ਜਾ ਕੇ ਅਤਿ-ਤਰਸਯੋਗ ਹਾਲਤਾਂ ‘ਚ ਰਹਿਣ ਲਈ ਮਜਬੂਰ ਹੋ ਜਾਂਦੇ ਹਨ ਜੋ ਕਿ ਨਾ ਤਾਂ ਵਾਪਸ ਪਰਤ ਸਕਦੇ ਹਨ ਤੇ ਨਾ ਹੀ ਉਥੇ ਉਨ੍ਹਾਂ ਨੂੰ ਜੀਵਨ ਬਸਰ ਕਰਨ ਲਈ ਕੋਈ ਰੁਜ਼ਗਾਰ ਹੀ ਮਿਲਦਾ ਹੈ।ਵਿਦੇਸ਼ਾਂ ‘ਚ ਬੈਠੇ ਉਹ ਆਪਣੀ ਮਾੜੀ ਹਾਲਤ ‘ਤੇ ਕੁੜ੍ਹਦੇ ਰਹਿੰਦੇ ਹਨ ਅਤੇ ਪਿੱਛੇ ਮਾਪੇ ਆਪਣੇ ਬੱਚਿਆਂ ਦੀ ਖੈਰ-ਸੁੱਖ ਦੀ ਉਡੀਕ ‘ਚ ਅੱਥਰੂ ਕੇਰਦੇ ਰਹਿੰਦੇ ਹਨ। ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ, ਜਿਨ੍ਹਾਂ ‘ਚ ਕਈ ਨੌਜਵਾਨ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕੀ ਤੇ ਅਫਰੀਕੀ ਦੇਸ਼ਾਂ ‘ਚ ਦਾਖਲ ਹੋਣ ਲਈ ਜੰਗਲਾਂ ‘ਚੋਂ ਲੰਘਦੇ ਹੋਏ ਜਾਨਾਂ ਤਕ ਗੁਆ ਚੁੱਕੇ ਹਨ। 1996 ਦੌਰਾਨ ਯੂਰਪ ‘ਚ ਜਾਣ ਲਈ ਕਿਸ਼ਤੀ ਰਾਹੀਂ ਜਾ ਰਹੇ 565 ਦੇ ਕਰੀਬ ਲੋਕਾਂ ਦੀ ਕਿਸ਼ਤੀ ਮਾਲਟਾ ‘ਚ ਡੁੱਬਣ ਨਾਲ 290 ਲੋਕਾਂ ਦੀ ਜਾਨ ਚਲੀ ਗਈ ਸੀ। ਇਨ੍ਹਾਂ ਮਰਨ ਵਾਲਿਆਂ ‘ਚ ਭਾਰਤੀ, ਪਾਕਿਸਤਾਨੀ, ਸ੍ਰੀਲੰਕਾਈ ਤੇ ਬੰਗਲਾਦੇਸ਼ੀ ਸ਼ਾਮਲ ਸਨ। ਇਸ ਘਟਨਾ ਨੂੰ ਮਾਲਟਾ ਕਿਸ਼ਤੀ ਕਾਂਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਪਿਛਲੇ ਸਾਲ ਦਸੰਬਰ ‘ਚ ਫਰਾਂਸ ‘ਚ ਇਕ ਜਹਾਜ਼, ਜਿਸ ‘ਚ ਸਵਾਰ ਕਈ ਲੋਕਾਂ ਦੀ ਮਨੁੱਖੀ ਤਸਕਰੀ (ਗ਼ੈਰ ਕਾਨੂੰਨੀ ਢੰਗ ਨਾਲ ਪਰਵਾਸ) ਕਰਨ ਦਾ ਸ਼ੱਕ ਪ੍ਰਗਟਾਇਆ ਗਿਆ ਸੀ, ਦੇ ਕੁਝ ਯਾਤਰੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ।

ਪਰਵਾਸੀ ਭਾਰਤੀਆਂ ਦਾ ਦੇਸ਼ ਦੇ ਵਿਕਾਸ ‘ਚ ਯੋਗਦਾਨ

ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜੇ ਲੋਕ ਵਿਦੇਸ਼ਾਂ ‘ਚ ਪੜ੍ਹਾਈ ਜਾਂ ਕੰਮ ਕਰਨ ਤੋਂ ਇਲਾਵਾ ਬਰਤਾਨਵੀ ਹਕੂਮਤ ਵੱਲੋਂ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਫ਼ੌਜ ‘ਚ ਭਰਤੀ ਕਰ ਕੇ ਲਿਜਾਏ ਗਏ ਸਨ, ਉਨ੍ਹਾਂ ‘ਚੋਂ ਬਹੁਤ ਸਾਰੇ ਵਿਦੇਸ਼ਾਂ ‘ਚ ਵਸ ਗਏ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਵਿਦੇਸ਼ਾਂ ‘ਚ ਦਿਨ-ਰਾਤ ਮਿਹਨਤ ਕਰ ਕੇ ਉੱਚੇ ਮੁਕਾਮ ਹਾਸਲ ਕੀਤੇ। ਪਰਵਾਸੀ ਭਾਰਤੀਆਂ ਨੇ ਵਿਦੇਸ਼ਾਂ ਅੰਦਰ ਹਰ ਖੇਤਰ ‘ਚ ਤਰੱਕੀ ਦੀਆਂ ਬੁਲੰਦੀਆਂ ਛੂੰਹੀਆਂ ਅਤੇ ਉੱਥੋਂ ਦੀ ਸਿਆਸਤ ਤੇ ਉਦਯੋਗਾਂ ‘ਚ ਨਾਮਣਾ ਖੱਟਿਆ। ਉਨ੍ਹਾਂ ਨੇ ਵਿਦੇਸ਼ੀ ਧਰਤੀ ‘ਤੇ ਜਾ ਕੇ ਨਾ ਸਿਰਫ਼ ਆਪਣੇ ਪਰਿਵਾਰਾਂ ਦੀ ਤਰੱਕੀ ਕੀਤੀ ਬਲਕਿ ਪਿੰਡ ਦੇ ਮੋਹ ਕਾਰਨ ਆਪੋ-ਆਪਣੇ ਪਿੰਡਾਂ ਦੇ ਵਿਕਾਸ ਲਈ ਵੀ ਕੰਮ ਕੀਤੇ ਹਨ। ਪੰਜਾਬ ਅੰਦਰ ਵਿਕਾਸ ਕਾਰਜਾਂ, ਖੇਡਾਂ ਦੀ ਪ੍ਰਫੁੱਲਤਾ ਤੇ ਸਿਹਤ ਸਹੂਲਤਾਂ ‘ਚ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਪਰਵਾਸੀ ਭਾਰਤੀਆਂ ‘ਚ ਯੂਐੱਸਏ ਤੋਂ ਟੁੱਟ ਬ੍ਰਦਰਜ਼, ਗਾਖਲ ਬ੍ਰਦਰਜ਼ ਤੇ ਕੈਨੇਡਾ ਤੋਂ ਬਾਠ ਭਰਾਵਾਂ ਤੋਂ ਇਲਾਵਾ ਯੂਕੇ ਤੋਂ ਕੈਂਸਰ ਕੇਅਰ ਫਾਊਂਡੇਸ਼ਨ ਦੇ ਕੁਲਦੀਪ ਸਿੰਘ ਧਾਲੀਵਾਲ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐੱਸਪੀ ਸਿੰਘ ਓਬਰਾਏ, ਕੈਨੇਡਾ ਤੋਂ ਪੁਰੇਵਾਲ ਭਰਾ ਅਤੇ ਹੋਰ ਸੈਂਕੜੇ ਐੱਨਆਰਆਈ ਵੀਰ ਆਪਣੇ ਪਿੰਡਾਂ ‘ਚ ਅਤਿ-ਆਧੁਨਿਕ ਸਿਹਤ ਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ।

ਪਰਵਾਸੀ ਭਾਰਤੀ ਦਿਵਸ ਦੀਆਂ ਸ਼ੁਭਕਾਮਨਾਵਾਂ

ਐਨਆਰਆਈ ਦਿਵਸ ਦੇਸ਼ ਦੇ ਹਰ ਗ਼ੈਰ-ਵਸਨੀਕ ਨੂੰ ਆਪਣੇ ਪਿਆਰਿਆਂ ਨਾਲ ਅਨੰਦ ਲੈਣ ਅਤੇ ਖੁਸ਼ਹਾਲ ਹੋਣ ਦੀ ਵਧਾਈ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮੂਲ ਨਾਲ ਜੁੜੇ ਰਹਿਣ ਅਤੇ ਦੇਸ਼ ਲਈ ਕੰਮ ਕਰਨਾ ਜਾਰੀ ਰੱਖਣ ਲਈ ਉਤਸ਼ਾਹਤ ਕਰਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਪਰਵਾਸੀ ਭਾਰਤੀ ਦਿਵਸ ਦੀ ਪੂਰਵ ਸੰਧਿਆ ‘ਤੇ, ਵਿਦੇਸ਼ਾਂ ਵਿੱਚ ਰਹਿੰਦੇ ਸਾਰੇ ਪਿਆਰੇ ਭਾਰਤੀਆਂ ਨੂੰ ਵਧਾਈਆਂ; ਸਾਡਾ ਦੇਸ਼ ਵਿਕਾਸ ਲਈ ਦੁਨੀਆ ਦੀਆਂ ਸਾਰੀਆਂ ਪ੍ਰਾਪਤੀਆਂ ਤੋਂ ਖ਼ੁਸ਼ ਹੈ। ਇਸ ਖ਼ਾਸ ਦਿਨ ‘ਤੇ, ਦੁਨੀਆ ਭਰ ਦੇ ਸਾਰੇ ਪਰਵਾਸੀ ਭਾਰਤੀਆਂ ਨੂੰ ਸ਼ੁਭਕਾਮਨਾਵਾਂ।

1947 ‘ਚ ਅੰਗਰੇਜ਼ਾਂ ਤੋਂ ਭਾਰਤ ਨੂੰ ਮਿਲੀ ਆਜ਼ਾਦੀ ਤੋਂ ਬਾਅਦ ਵੀ ਵਿਦੇਸ਼ਾਂ ਵੱਲ ਪਰਵਾਸ ਜਾਰੀ ਰਿਹਾ ਹੈ। ਮੌਜੂਦਾ ਸਮੇਂ ਵੀ ਵੱਡੀ ਗਿਣਤੀ ਭਾਰਤੀ ਲੋਕ ਹਰ ਸਾਲ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ। ਇਨ੍ਹਾਂ ‘ਚ ਵਧੇਰੇ ਗਿਣਤੀ ਨੌਜਵਾਨਾਂ ਦੀ ਹੈ, ਜਿਹੜੇ ਕਿ ਵਧੇਰੇ ਕਰ ਕੇ ਖਾੜੀ ਤੇ ਪੱਛਮੀ ਦੇਸ਼ਾਂ ਵੱਲ ਰੁਖ਼ ਕਰਦੇ ਹਨ। ਕੇਂਦਰ ਸਰਕਾਰ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2.9 ਕਰੋੜ ਭਾਰਤੀ ਵਿਦੇਸ਼ਾਂ ‘ਚ ਰਹਿ ਰਹੇ ਹਨ, ਜਿਹੜੇ ਐੱਨਆਰਆਈ ਤੇ ਓਸੀਆਈਜ਼ ਹਨ। ਇਨ੍ਹਾਂ ‘ਚ 1.79 ਕਰੋੜ ਭਾਰਤੀ ਫਾਰਸੀ ਖਾੜੀ ਦੇਸ਼ਾਂ ‘ਚ ਹਨ, ਜਿਨ੍ਹਾਂ ‘ਚੋਂ ਇਕੱਲੇ ਯੂਏਈ ‘ਚ 37 ਲੱਖ ਭਾਰਤੀ ਸ਼ਾਮਲ ਸਨ। ਇਹੀ ਨਹੀਂ ਵਿਦੇਸ਼ਾਂ ਵੱਲ ਕੂਚ ਕਰਨ ਦਾ ਲੋਕਾਂ ਦਾ ਰੁਝਾਨ ਬਾਦਸਤੂਰ ਜਾਰੀ ਹੈ ਅਤੇ ਅੰਕੜਿਆਂ ਮੁਤਾਬਕ ਹਰ ਸਾਲ 25 ਲੱਖ ਭਾਰਤੀ ਵਿਦੇਸ਼ਾਂ ‘ਚ ਜਾ ਰਹੇ ਹਨ। ਤਾਜ਼ਾ ਅੰਦਾਜ਼ੇ ਮੁਤਾਬਕ ਵਿਦੇਸ਼ਾਂ ‘ਚ ਵਸੇ ਭਾਰਤੀਆ ਦੀ ਗਿਣਤੀ 3 ਕਰੋੜ ਤੋਂ ਟੱਪ ਗਈ ਹੈ। ਇਨ੍ਹਾਂ ਵਿੱਚੋਂ ਵਧੇਰੇ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਹਨ ਜੋ ਸਟੱਡੀ ਤੇ ਵਰਕ ਵੀਜ਼ੇ ‘ਤੇ ਜਾ ਰਹੇ ਹਨ। ਹਾਲਾਂਕਿ ਕੁਝ ਲੋਕ ਫੈਮਿਲੀ ਤੇ ਬਿਜ਼ਨੈੱਸ ਵੀਜ਼ੇ ਰਾਹੀਂ ਵੀ ਜਾ ਰਹੇ ਹਨ। ਸਟੱਡੀ ਵੀਜ਼ੇ ‘ਤੇ ਜਾਣ ਵਾਲਿਆਂ ‘ਚ ਸਭ ਤੋਂ ਵੱਧ ਗਿਣਤੀ ਪੰਜਾਬ ਦੀ ਹੈ ਜਦੋਂਕਿ ਗੁਜਰਾਤ ਦੂਜੇ ਨੰਬਰ ‘ਤੇ ਹੈ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2022 ‘ਚ 13 ਲੱਖ ਭਾਰਤੀ ਵਿਦੇਸ਼ਾਂ ‘ਚ ਪੜ੍ਹ ਰਹੇ ਸਨ। ਖਾੜੀ ਦੇਸ਼ਾਂ ‘ਚ ਵਰਕ ਵੀਜ਼ੇ ‘ਤੇ ਜਾਣ ਵਾਲਿਆਂ ‘ਚ ਉੱਤਰ ਪ੍ਰਦੇਸ਼, ਬਿਹਾਰ, ਤਾਮਿਲਨਾਡੂ ਤੇ ਕੇਰਲਾ ਦੇ ਲੋਕ ਸ਼ਾਮਲ ਹਨ। ਜਿੱਥੇ ਇਕ ਪਾਸੇ ਭਾਰਤ ‘ਚ ਬ੍ਰੇਨ ਡਰੇਨ ਤੇ ਮਨੀ ਡਰੇਨ ਵਿਦੇਸ਼ਾਂ ਨੂੰ ਹੋ ਰਹੀ ਹੈ, ਉਥੇ ਹੀ ਵਿਦੇਸ਼ਾਂ ‘ਚੋਂ ਭੇਜੀ ਜਾਣ ਵਾਲੀ ਰਾਸ਼ੀ ਵੀ ਕਰੋੜਾਂ ‘ਚ ਹੈ।