Tuesday, May 14, 2024
12 C
Vancouver

ਵਿਗਿਆਨਕ ਚੇਤਨਾ

ਲਿਖਤ : ਸੁਮੀਤ ਸਿੰਘ
ਸੰਪਰਕ: 76960-30173
ਇੱਕ ਦਿਨ ਐਤਵਾਰ ਨੂੰ ਮੈਂ ਆਪਣੇ ਘਰ ਦੇ ਬਾਹਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਗਲੀ ਵਿੱਚ ਘਰਾਂ ਦੇ ਬੂਹੇ ਖੜਕਾਉਂਦੇ ਕੁਝ ਅਣਪਛਾਤੇ ਅਤੇ ਪਾਖੰਡੀ ਕਿਸਮ ਦੇ ਸਾਧ ਹੱਥ ਵਿੱਚ ਰਸੀਦ ਬੁੱਕ ਫੜੀ ਮੇਰੇ ਵੱਲ ਆਏ ਅਤੇ ਕਹਿਣ ਲੱਗੇ, ”ਸਰਦਾਰ ਜੀ, ਅਸੀਂ ਸ਼ਹਿਰ ਦੇ ਬਾਹਰਵਾਰ ਇੱਕ ਵੱਡਾ ਧਾਰਮਿਕ ਸਥਾਨ ਉਸਾਰਨ ਜਾ ਰਹੇ ਹਾਂ ਜਿੱਥੇ ਹਰ ਮਹੀਨੇ ਵਿਸ਼ਾਲ ਧਾਰਮਿਕ ਸਮਾਗਮ ਹੋਇਆ ਕਰਨਗੇ ਅਤੇ ਅਤੁੱਟ ਲੰਗਰ ਵੀ ਵਰਤਿਆ ਕਰੇਗਾ। ਇਸ ਲਈ ਤੁਸੀਂ ਵੀ ਦੋ ਸੌ ਇਕਵੰਜਾ ਰੁਪਏ ਦੀ ਭੇਟਾ ਕਰਵਾਓ। ਇਹ ਦਾਨ ਪੁੰਨ ਕੀਤਾ ਤੁਹਾਡੇ ਅਗਲੇ ਜਨਮ ਵਿੱਚ ਕੰਮ ਆਵੇਗਾ।” ਇੱਕ ਨੇ ਮੇਰਾ ਨਾਮ ਪੁੱਛਦਿਆਂ ਪੈੱਨ ਕੱਢ ਲਿਆ ਅਤੇ ਪਰਚੀ ਕੱਟਣ ਲੱਗਾ।ਮੈਂ ਉਨ੍ਹਾਂ ਨੂੰ ਬੜੇ ਦਲੀਲ ਪੂਰਵਕ ਢੰਗ ਨਾਲ ਜਵਾਬ ਦਿੰਦਿਆਂ ਕਿਹਾ, ”ਭਾਈ ਸਾਹਿਬ, ਸਾਡੇ ਮੁਲਕ ਦੇ ਕਰੋੜਾਂ ਗ਼ਰੀਬ ਲੋਕਾਂ ਨੂੰ ਫੌਰੀ ਤੌਰ ‘ਤੇ ਸਿੱਖਿਆ, ਸਿਹਤ, ਮਕਾਨ, ਰੁਜ਼ਗਾਰ, ਬਿਜਲੀ ਅਤੇ ਸਾਫ਼ ਪਾਣੀ ਦੀਆਂ ਬੁਨਿਆਦੀ ਸਹੂਲਤਾਂ ਦੀ ਬੇਹੱਦ ਲੋੜ ਹੈ। ਸਿਰਫ਼ ਧਾਰਮਿਕ ਸਥਾਨਾਂ ਦੀ ਉਸਾਰੀ ਜਾਂ ਧਾਰਮਿਕ ਸਮਾਗਮ ਕਰ ਕੇ ਇਹ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਵੈਸੇ ਵੀ ਸਾਡੇ ਦੇਸ਼ ਵਿੱਚ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਨਾਲੋਂ ਧਾਰਮਿਕ ਸਥਾਨਾਂ ਦੀ ਗਿਣਤੀ ਪਹਿਲਾਂ ਹੀ ਕਿਤੇ ਬਹੁਤ ਜ਼ਿਆਦਾ ਹੈ ਅਤੇ ਕਰੋੜਾਂ ਲੋਕ ਬਿਨਾਂ ਛੱਤ ਦੇ ਦਿਨ ਕੱਟ ਰਹੇ ਹਨ, ਪਰ ਉੱਤੋਂ ਤੁਹਾਡੇ ਵਰਗੇ ਕੁਝ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਧਾਰਮਿਕ ਸਥਾਨ ਉਸਾਰੀ ਜਾ ਰਹੇ ਨੇ।” ਉਨ੍ਹਾਂ ਇੱਕ ਦੂਜੇ ਵੱਲ ਇੰਜ ਵੇਖਿਆ ਜਿਵੇਂ ਕਿ ਉਨ੍ਹਾਂ ਦੀ ਕੋਈ ਚੋਰੀ ਫੜੀ ਗਈ ਹੋਵੇ। ਇਸ ਤੋਂ ਪਹਿਲਾਂ ਕਿ ਉਹ ਮੇਰੀਆਂ ਦਲੀਲਾਂ ਦਾ ਕੋਈ ਜਵਾਬ ਦਿੰਦੇ, ਮੈਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ”ਵੇਖੋ ਭਾਈ ਸਾਹਿਬ, ਜੇਕਰ ਤੁਸੀਂ ਕੋਈ ਚੈਰੀਟੇਬਲ ਹਸਪਤਾਲ, ਸਕੂਲ, ਬਿਰਧ ਆਸ਼ਰਮ ਖੋਲ੍ਹਣੇ ਜਾਂ ਗ਼ਰੀਬ ਮਰੀਜ਼ਾਂ ਅਤੇ ਵਿਦਿਆਰਥੀਆਂ ਦੀ ਮਦਦ ਕਰਨੀ ਏ ਤਾਂ ਬੇਸ਼ੱਕ ਮੇਰੀ ਪੰਜ ਸੌ ਦੀ ਪਰਚੀ ਕੱਟ ਦਿਓ, ਪਰ ਕਿਸੇ ਧਾਰਮਿਕ ਸਥਾਨ ਦੀ ਉਸਾਰੀ ਲਈ ਮੇਰੇ ਵੱਲੋਂ ਤੁਹਾਨੂੰ ਕੋਰੀ ਨਾਂਹ ਹੈ।” ਇੰਨਾ ਸੁਣਦਿਆਂ ਹੀ ਉਹ ਪਾਖੰਡੀ ਸਾਧ ਬਿਨਾਂ ਕੁਝ ਕਹੇ ਗਲੀ ‘ਚੋਂ ਤੁਰਦੇ ਬਣੇ।