Tuesday, May 14, 2024
16.1 C
Vancouver

ਕਦੇ ਜਾਦੂ ਦਾ ਪਿਟਾਰਾ ਸੀ ਟੈਲੀਵਿਜ਼ਨ

ਲਿਖਤ : ਰਣਜੀਤ ਕੌਰ ਰਤਨ
ਜਦੋਂ ਉਹ ਛੁੱਟੀ ਆਏ ਤਾਂ ਉਨ੍ਹਾਂ ਨੇ ਸਾਡੀ ਜ਼ਿੱਦ ‘ਤੇ ਟੈਲੀਵਿਜ਼ਨ ਖ਼ਰੀਦ ਲਿਆਂਦਾ। ਜਿੰਦਾਂ ਦਾ ਟੈਲੀਵਿਜ਼ਨ ਦੇ ਅੰਦਰ ਜਾਣ ਵਾਲਾ ਝੂਠ ਸਾਨੂੰ ਉਦੋਂ ਪਤਾ ਲੱਗਾ ਜਦੋਂ ਤਾਇਆ ਜੀ ਨੇ ਟੈਲੀਵਿਜ਼ਨ ਖ਼ਰੀਦ ਲਿਆਂਦਾ। ਅਸੀਂ ਬੜੇ ਖ਼ੁਸ਼ ਸਾਂ ਕਿ ਹੁਣ ਅਸੀਂ ਵੀ ਟੈਲੀਵਿਜ਼ਨ ਵਿਚ ਜਾਇਆ ਕਰਾਂਗੇ।
ਇਕ ਦਿਨ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ। ਚਾਹ-ਪਾਣੀ ਪੀਣ ਤੋਂ ਬਾਅਦ ਗੱਲਾਂ-ਬਾਤਾਂ ਕਰਨ ਬੈਠ ਗਏ ਤਾਂ ਇਸੇ ਦੌਰਾਨ ਉਨ੍ਹਾਂ ਦੀ ਛੋਟੀ ਜਿਹੀ ਪੋਤਰੀ ਸਾਡੇ ਕੋਲ ਆ ਗਈ। ਉਸ ਨੇ ਆਉਂਦੇ ਹੀ ਮੇਰਾ ਫੋਨ ਫੜ ਲਿਆ। ਮੈਂ ਉਸ ਵੱਲ ਧਿਆਨ ਨਾਲ ਵੇਖ ਰਹੀ ਸੀ ਕਿ ਉਹ ਕੀ ਕਰ ਰਹੀ ਹੈ? ਮੈਂ ਹੈਰਾਨ ਸੀ ਕਿ ਉਸ ਨੇ ਯੂ-ਟਿਊਬ ਖੋਲ੍ਹੀ ਤੇ ਤੋਤਲੀ ਜਿਹੀ ਆਵਾਜ਼ ਵਿਚ ਬੋਲ ਕੇ ਕਵਿਤਾਵਾਂ ਲਗਾ ਲਈਆਂ। ਮੈਂ ਅਚੰਭੇ ਵਿਚ ਸੀ ਕਿ ਜਦ ਮੈਨੂੰ ਇਹਦੀ ਗੱਲ ਸਮਝ ਨਹੀਂ ਆਈ ਤਾਂ ਫਿਰ ਯੂ-ਟਿਊਬ ਨੇ ਕਿਵੇਂ ਸਮਝ ਲਈ?
ਜੋ ਵੀ ਹੋਵੇ, ਉਸ ਨੂੰ ਦੇਖ ਕੇ ਮੈਂ ਆਪਣੇ ਬਚਪਨ ਦੇ ਵੇਲੇ ਯਾਦ ਕਰ ਰਹੀ ਸੀ ਕਿ ਅਸੀਂ ਆਪਣੇ ਬਚਪਨ ਵਿਚ ਭੋਲੇ ਵੀ ਹੁੰਦੇ ਸਾਂ ਤੇ ਥੋੜ੍ਹੇ ਜਿਹੇ ਬੁੱਧੂ ਵੀ।
ਗੱਲ ਇੰਜ ਹੈ ਕਿ ਜਦ ਸਾਡੇ ਪਿੰਡ ਦੇ ਸਰਪੰਚ ਨੇ ਟੈਲੀਵਿਜ਼ਨ ਖ਼ਰੀਦਿਆ ਤਾਂ ਉਹ ਸਾਡੇ ਪਿੰਡ ਵਿਚ ਆਉਣ ਵਾਲਾ ਪਹਿਲਾ ਟੈਲੀਵਿਜ਼ਨ ਸੀ। ਸਰਪੰਚ ਦੀ ਵੱਡੀ ਕੁੜੀ ਜਿੰਦਾਂ ਮੇਰੇ ਤਾਇਆ ਜੀ ਦੀ ਕੁੜੀ ਨਾਲ ਪੜ੍ਹਦੀ ਸੀ। ਉਹ ਸਾਡੇ ਘਰ ਆਈ ਤਾਂ ਉਸ ਨੇ ਹਰੇ ਰੰਗ ਦਾ ਬੜਾ ਸੋਹਣਾ ਸੂਟ ਪਾਇਆ ਹੋਇਆ ਸੀ।
ਅਸੀਂ ਉਸ ਕੋਲੋਂ ਬੜੀ ਉਤਸੁਕਤਾ ਨਾਲ ਟੈਲੀਵਿਜ਼ਨ ਬਾਰੇ ਪੁੱਛ ਰਹੇ ਸਾਂ ਤਾਂ ਉਸ ਨੇ ਦੱਸਿਆ ਕਿ ਟੈਲੀਵਿਜ਼ਨ ‘ਚ ਗੀਤ ਵੀ ਆਉਂਦੇ ਨੇ ਤੇ ਨਾਲ ਗਾਉਣ ਵਾਲੇ ਵੀ ਦਿਖਦੇ ਨੇ। ਇਸ ਦੇ ਨਾਲ ਹੀ ਉਸ ਨੇ ਟੈਲੀਵਿਜ਼ਨ ‘ਚ ਆਉਣ ਵਾਲੇ ਹੋਰ ਪ੍ਰੋਗਰਾਮਾਂ ਬਾਰੇ ਦੱਸਿਆ ਜੋ ਸਾਨੂੰ ਬਹੁਤ ਹੀ ਰੌਚਕ ਲੱਗੇ ਤੇ ਜਦ ਉਸ ਨੇ ਸਭ ਤੋਂ ਅਨੋਖੀ ਗੱਲ ਦੱਸੀ ਤਾਂ ਸਾਨੂੰ ਤਾਂ ਟੈਲੀਵਿਜ਼ਨ ਜਾਦੂ ਦਾ ਪਿਟਾਰਾ ਹੀ ਲੱਗਾ। ਜਿੰਦਾਂ ਆਖਣ ਲੱਗੀ ਕਿ ਟੈਲੀਵਿਜ਼ਨ ਨੂੰ ਇਕ ਦਰਵਾਜ਼ਾ ਲੱਗਾ ਹੁੰਦਾ ਹੈ। ਉਸ ਨੂੰ ਖੋਲ੍ਹ ਕੇ ਉਸ ਅੰਦਰ ਜਾ ਸਕੀਦਾ। ਆਖਣ ਲੱਗੀ ਕਿ ਕੱਲ੍ਹ ਜਦੋਂ ਮੈਂ ਟੈਲੀਵਿਜ਼ਨ ਦੇਖ ਰਹੀ ਸੀ ਤਾਂ ਉਸ ਵਿਚ ਜਾ ਰਹੀਆਂ ਕਾਲਜ ਦੀਆਂ ਕੁੜੀਆਂ ਨੇ ਮੈਨੂੰ ਵੀ ਟੈਲੀਵਿਜ਼ਨ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਵਾੜ ਲਿਆ। ਉਨ੍ਹਾਂ ਨੇ ਮੈਨੂੰ ਸਾਈਕਲ ‘ਤੇ ਘੁਮਾਇਆ ਤੇ ਬਹੁਤ ਕੁਝ ਖਾਣ ਨੂੰ ਵੀ ਦਿੱਤਾ। ਇਹ ਹਰਾ ਸੂਟ ਵੀ ਉਨ੍ਹਾਂ ਨੇ ਹੀ ਦਿੱਤਾ ਹੈ। ਅਸੀਂ ਹੈਰਾਨ ਹੋਏ ਉਹਦੇ ਸੂਟ ਨੂੰ ਹੱਥ ਲਾ-ਲਾ ਕੇ ਦੇਖੀਏ। ਸਾਨੂੰ ਇੰਜ ਲੱਗੇ ਜਿਵੇਂ ਇਹੋ ਜਿਹਾ ਸੂਟ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ। ਫਿਰ ਤਾਂ ਸਾਡਾ ਵੀ ਦਿਲ ਕਰੇ ਕਿ ਛੇਤੀ-ਛੇਤੀ ਸਾਡੇ ਘਰ ਵੀ ਟੈਲੀਵਿਜ਼ਨ ਆ ਜਾਵੇ। ਬਿਨਾਂ ਟੈਲੀਵਿਜ਼ਨ ਦੇਖੇ ਹੀ ਅਸੀਂ ਘਰਦਿਆਂ ਕੋਲ ਬਥੇਰੀਆਂ ਸਿਫ਼ਤਾਂ ਕਰੀਏ ਕਿ ਟੈਲੀਵਿਜ਼ਨ ‘ਚ ਆਹ ਹੁੰਦਾ ਏ, ਔਹ ਹੁੰਦਾ ਏ ਪਰ ਘਰ ਵਾਲੇ ਸਾਡੇ ਝਾਂਸੇ ‘ਚ ਨਾ ਆਏ।
ਜਿੰਦਾਂ ਦਾ ਘਰ ਦੂਰ ਹੋਣ ਕਾਰਨ ਅਸੀਂ ਉਸ ਦੇ ਘਰ ਵੀ ਨਹੀਂ ਜਾ ਸਕਦੇ ਸਾਂ। ਇਕ ਦਿਨ ਅਸੀਂ ਘਰਦਿਆਂ ਕੋਲੋਂ ਇਜਾਜ਼ਤ ਲੈ ਕੇ ਜਿੰਦਾਂ ਦੇ ਘਰ ਪਹੁੰਚੇ ਤਾਂ ਉਸ ਦੀ ਮੰਮੀ ਨੇ ਸਾਨੂੰ ਰੂਹਅਫਜ਼ਾ ਪਿਆਇਆ। ਸੱਚੀਂ ਦੱਸਾਂ ਤਾਂ ਰੂਹਅਫਜ਼ਾ ਵੀ ਅਸੀਂ ਪਹਿਲੀ ਵਾਰ ਪੀਤਾ ਸੀ। ਅਸੀਂ ਜਿੰਦਾਂ ਦੀ ਮੰਮੀ ਨੂੰ ਪੁੱਛਿਆ ਕਿ ਕੀ ਇਹ ਵੀ ਟੈਲੀਵਿਜ਼ਨ ਵਾਲਿਆਂ ਨੇ ਦਿੱਤਾ ਹੈ ਤਾਂ ਉਹ ਸਾਡੀ ਗੱਲ ਸੁਣ ਕੇ ਹੱਸ ਪਈ ਤੇ ਜਿੰਦਾਂ ਚੁੱਪ ਜਿਹੀ ਹੋ ਗਈ।
ਜਦੋਂ ਅਸੀਂ ਟੈਲੀਵਿਜ਼ਨ ਦੇਖਿਆ ਤਾਂ ਸਾਨੂੰ ਸੱਚੀਂ ਹੀ ਉਹ ਜਾਦੂ ਦਾ ਪਿਟਾਰਾ ਲੱਗਾ। ਜਦੋਂ ਅਸੀਂ ਜਿੰਦਾਂ ਨੂੰ ਕਿਹਾ ਕਿ ਸਾਨੂੰ ਵੀ ਟੈਲੀਵਿਜ਼ਨ ਵਿਚ ਲੈ ਜਾ ਤਾਂ ਉਹ ਆਖਣ ਲੱਗੀ ਕਿ ਹਰ ਰੋਜ਼ ਨਹੀਂ ਜਾ ਸਕਦੇ। ਕਿਸੇ-ਕਿਸੇ ਵਾਰ ਹੀ ਉਹ ਕੁੜੀਆਂ ਆਉਂਦੀਆਂ ਨੇ ਜੋ ਟੈਲੀਵਿਜ਼ਨ ਦਾ ਦਰਵਾਜ਼ਾ ਖੋਲ੍ਹਦੀਆਂ ਨੇ। ਨਾਲੇ ਉਹ ਸਿਰਫ਼ ਮੇਰੀਆਂ ਸਹੇਲੀਆਂ ਨੇ, ਤੁਹਾਨੂੰ ਨਹੀਂ ਲੈ ਕੇ ਜਾਣਾ ਉਨ੍ਹਾਂ। ਬੇਸ਼ੱਕ ਅਸੀਂ ਟੈਲੀਵਿਜ਼ਨ ਦੇ ਅੰਦਰ ਨਾ ਜਾ ਸਕੇ ਪਰ ਬਾਹਰੋਂ ਵੇਖ ਕੇ ਵੀ ਸਾਡੀ ਖ਼ੁਸ਼ੀ ਦਾ ਕੋਈ ਥਾਹ ਨਹੀਂ ਸੀ। ਅਸੀਂ ਤਾਂ ਘਰ ਆ ਕੇ ਕਈ ਦਿਨ ਟੈਲੀਵਿਜ਼ਨ ਦੀਆਂ ਹੀ ਗੱਲਾਂ ਕਰਦੇ ਰਹੇ। ਤਾਇਆ ਜੀ ਬੀਐੱਸਐੱਫ ਵਿਚ ਨੌਕਰੀ ਕਰਦੇ ਸਨ।
ਜਦੋਂ ਉਹ ਛੁੱਟੀ ਆਏ ਤਾਂ ਉਨ੍ਹਾਂ ਨੇ ਸਾਡੀ ਜ਼ਿੱਦ ‘ਤੇ ਟੈਲੀਵਿਜ਼ਨ ਖ਼ਰੀਦ ਲਿਆਂਦਾ। ਜਿੰਦਾਂ ਦਾ ਟੈਲੀਵਿਜ਼ਨ ਦੇ ਅੰਦਰ ਜਾਣ ਵਾਲਾ ਝੂਠ ਸਾਨੂੰ ਉਦੋਂ ਪਤਾ ਲੱਗਾ ਜਦੋਂ ਤਾਇਆ ਜੀ ਨੇ ਟੈਲੀਵਿਜ਼ਨ ਖ਼ਰੀਦ ਲਿਆਂਦਾ।
ਅਸੀਂ ਬੜੇ ਖ਼ੁਸ਼ ਸਾਂ ਕਿ ਹੁਣ ਅਸੀਂ ਵੀ ਟੈਲੀਵਿਜ਼ਨ ਵਿਚ ਜਾਇਆ ਕਰਾਂਗੇ। ਨਾਲੇ ਵੰਨ-ਸੁਵੰਨੀਆਂ ਥਾਵਾਂ ‘ਤੇ ਘੁੰਮਿਆ ਕਰਾਂਗੇ, ਖਾਇਆ-ਪੀਆ ਕਰਾਂਗੇ ਤੇ ਸੂਟ ਵੀ ਮਿਲਣਗੇ। ਜਦੋਂ ਅਸੀਂ ਤਾਇਆ ਜੀ ਨੂੰ ਇਸ ਬਾਰੇ ਦੱਸਿਆ ਤਾਂ ਉਹ ਸਾਡੀ ਗੱਲ ਸੁਣ ਕੇ ਹੱਸ-ਹੱਸ ਲੋਟ ਪੋਟ ਹੋ ਗਏ। ਫਿਰ ਉਨ੍ਹਾਂ ਦੱਸਿਆ ਕਿ ਜਿੰਦਾਂ ਨੇ ਤੁਹਾਨੂੰ ਝੂਠ ਬੋਲਿਆ ਸੀ।
ਇੰਜ ਕੁਝ ਨਹੀਂ ਹੁੰਦਾ। ਇਹ ਸਾਰੇ ਪ੍ਰੋਗਰਾਮ ਤਾਂ ਕਿਤੇ ਹੋਰ ਬਣਾਏ ਜਾਂਦੇ ਨੇ ਅਤੇ ਟੈਲੀਵਿਜ਼ਨ ਉੱਤੇ ਦਿਖਾਏ ਜਾਂਦੇ ਹਨ। ਇਹ ਗੱਲ ਸੁਣ ਕੇ ਸਾਨੂੰ ਜਿੰਦਾਂ ਉੱਤੇ ਬਹੁਤ ਗੁੱਸਾ ਆਇਆ ਕਿ ਉਸ ਨੇ ਸਾਨੂੰ ਕਿੱਦਾਂ ਮੂਰਖ ਬਣਾਇਆ ਅਤੇ ਨਾਲੇ ਸ਼ਰਮ ਵੀ ਆਈ ਕਿ ਉਸ ਦੇ ਘਰਦੇ ਸਾਨੂੰ ਮੂਰਖ ਸਮਝਦੇ ਹੋਣੇ ਜੋ ਅਸੀਂ ਉਸ ਦੀਆਂ ਗੱਲਾਂ ਵਿਚ ਆ ਗਏ। ਪਰ ਜਿਵੇਂ ਬਚਪਨ ਅਣਭੋਲ ਹੁੰਦਾ ਹੈ, ਅਸੀਂ ਕੁਝ ਦਿਨਾਂ ਵਿਚ ਹੀ ਜਿੰਦਾਂ ਦੇ ਬੋਲੇ ਝੂਠ ਨੂੰ ਭੁੱਲ-ਭੁਲਾ ਗਏ ਪਰ ਟੈਲੀਵਿਜ਼ਨ ਸਾਡੇ ਲਈ ਬੜਾ ਚਿਰ ਜਾਦੂ ਦਾ ਪਿਟਾਰਾ ਹੀ ਰਿਹਾ। ਸੱਚੀ ਗੱਲ ਦੱਸਾਂ ਤਾਂ ਸਾਡੇ ਘਰ ਟੈਲੀਵਿਜ਼ਨ ਉੱਤੇ ਆਉਂਦੇ ਪ੍ਰੋਗਰਾਮ ਚਿੱਤਰਹਾਰ ਨੂੰ ਦੇਖਣ ਦੀ ਮਨਾਹੀ ਹੁੰਦੀ ਸੀ, ਪਤਾ ਨਹੀਂ ਕਿਉਂ?