ਸਰਦਾਰੀ ਦਾ ਖੂਨ ਹੈ ਅੰਦਰ,
ਇਹ ਖੌਲ ਹੀ ਜਾਂਦਾ ਹੈ।
ਗਲਤ ਨੂੰ ਦੇਖ ਕੇ ਮਨ ਚੰਦਰਾ,
ਕੁੱਝ ਬੋਲ ਹੀ ਜਾਂਦਾ ਹੈ।
ਸਰਦਾਰੀ ਦਾ…
ਹੱਥੀਂ ਮਿਹਨਤ ਕਰਨਾ ਸਿੱਖੇ,
ਉੱਚੇ ਅਸਾਂ ਨਿਸ਼ਾਨੇ ਮਿੱਥੇ।
ਅੱਗੇ ਹੋ ਕਰੀਏ ਹੱਥ ਦੋ-ਦੋ,
ਜ਼ੁਲਮ ਹੁੰਦਾ ਹੋਵੇ ਜਿੱਥੇ।
ਜਿਹੜਾ ਲੈਂਦਾ ਪੰਗਾ ਇੱਕ ਵਾਰ,
ਬਿਸਤਰ ਹੋ ਗੋਲ਼ ਹੀ ਜਾਂਦਾ ਹੈ।
ਸਰਦਾਰੀ ਦਾ…
ਗਰੀਬ ਨੂੰ ਦੇਖ ਕੇ ਦਿਲ ਪਸੀਜ਼ੇ,
ਭੁੱਖਾ ਕਿਸੇ ਨੂੰ ਰਹਿਣ ਨਾ ਦੀਜੇ।
ਲੰਗਰ ਚਲਦੇ ਬਿਨਾਂ ਰੁਕਾਵਟ,
ਕਦੇ ਖੀਰਾਂ ਤੇ ਕਦੇ ਨੇ ਪੀਜ਼ੇ।
ਬਾਬਾ ਨਾਨਕ ਆ ਕੇ ਮੇਰਾ,
ਤੇਰਾਂ-ਤੇਰਾਂ ਤੋਲ ਹੀ ਜਾਂਦਾ ਹੈ।
ਸਰਦਾਰੀ ਦਾ….
ਦੱਬਦਾ-ਢਹਿੰਦਾ ਉੱਠ ਬਹਿਦਾ ਹਾਂ,
ਤਾਕਤ ‘ਕੱਠੀ ਕਰ ਲੈਂਦਾ ਹਾਂ।
ਮਿਹਰ ਗੁਰਾਂ ਦੀ ਸਦਕਾ ਹੀ,
ਮਰਦਾ-ਮੁੱਕਦਾ ਜੀਅ ਪੈਂਦਾ ਹਾਂ।
ਦੇਵੇ ਸ਼ਹੀਦੀਆਂ ਕੌਮ ਲਈ ਜੋ,
ਲਹੂ ਆਪਣਾ ਡੋਲ ਹੀ ਜਾਂਦਾ ਹੈ।
ਸਰਦਾਰੀ ਦਾ….
ਮਨਜੀਤ ਕੌਰ ਧੀਮਾਨ,
ਸੰ:9464633059