Sunday, November 24, 2024
6.5 C
Vancouver

ਵਿਰਸਾ ਪੰਜਾਬ ਦਾ

ਸਾਂਝਾ ਸੀ ਟੱਬਰ , ਕੱਠੇ ਭਾਈ ਭੈਣ ਸੀ।
ਸੁੱਖੀ ਸਾਂਦੀ ਸਾਰਾ , ਵੱਸਦਾ ਮਹੈਂਣ ਸੀ।
ਨਜ਼ਰਾਂ ਨੇ ਖਾਧਾ , ਫੁੱਲ ਹੈ ਗੁਲਾਬ ਦਾ।
ਕਿੱਥੇ ਗੁੰਮ ਗਿਆ ,ਵਿਰਸਾ ਪੰਜਾਬ ਦਾ।
ਦਿਲਾਂ ਵਿੱਚ ਗੂੜ੍ਹਾ , ਹੁੰਦਾ ਸੀ ਪਿਆਰ ਜੀ।
ਵੱਡਿਆਂ ਦਾ ਸਦਾ , ਹੁੰਦਾ ਸਤਿਕਾਰ ਜੀ ।
ਦਬਕਾ ਬੜਾ ਸੀ , ਬਾਪੂ ਲਾਟ ਸਾਹਬ ਦਾ।
ਕਿੱਥੇ ਗੁੰਮ ਗਿਆ , ਵਿਰਸਾ ਪੰਜਾਬ ਦਾ।
ਬੇਬੇ ਤਾਈ ਚਾਚੀ,ਕੱਠੀਆਂ ਹੀ ਰਹਿਣ ਜੀ।
ਵੱਡੀ ਛੋਟੀ ਤਾਈਂ , ਆਖਦੀਆਂ ਭੈਣ ਜੀ ।
ਕਿਸੇ ਨੂੰ ਪਤਾ ਨਾ , ਹੁੰਦਾ ਸੀ ਜਵਾਬ ਦਾ।
ਕਿੱਥੇ ਗੁੰਮ ਗਿਆ , ਵਿਰਸਾ ਪੰਜਾਬ ਦਾ।
ਚਾਟੀ ਚ ਮਧਾਣੀ , ਸੁਬ੍ਹ ਪਾਉਣ ਉੱਠਕੇ।
ਰਸ ਭਿੰਨੀ ਬਾਣੀ , ਮੁੱਖੋ ਗਾਉਣ ਉੱਠਕੇ।
ਸੁਣੀਦਾ ਸੰਗੀਤ , ਵੱਜਦਾ ਰਬਾਬ ਦਾ ।
ਕਿੱਥੇ ਗੁੰਮ ਗਿਆ, ਵਿਰਸਾ ਪੰਜਾਬ ਦਾ।
ਬਲਦਾਂ ਦੇ ਗਲੀਂ , ਘੁੰਗਰੂ ਛਣਕਦੇ ।
ਹਾਲੀਆਂ ਦੇ ਬੋਲ , ਹਵਾ ਚ ਟਣਕਦੇ।
ਉੱਚਾ ਸੁੱਚਾ ਸੁਰ , ਗੂੰਜਦਾ ਜਨਾਬ ਦਾ।
ਕਿੱਥੇ ਗੁੰਮ ਗਿਆ, ਵਿਰਸਾ ਪੰਜਾਬ ਦਾ।
ਸ਼ਾਦੀ ਵਿੱਚ ਨਾਰਾਂ,ਗਾਉਣ ਗੀਤ ਘੋੜੀਆਂ।
ਵੰਡਣ ਖੁਸ਼ੀ ਚ , ਵੀਰਾਂ ਦੀਆਂ ਲੋਹੜੀਆਂ।
ਗਿੱਧਾ ਭੰਗੜਾ ਸੀ , ਪੈਂਦਾ ਬੇਹਿਸਾਬ ਦਾ ।
ਕਿੱਥੇ ਗੁੰਮ ਗਿਆ , ਵਿਰਸਾ ਪੰਜਾਬ ਦਾ ।
ਸ਼ਾਲਾ ਕਿਤੇ ਫਿਰ , ਦਿਨ ਆਉਣ ਮੁੜਕੇ।
ਸਾਰਾ ਪਰਿਵਾਰ , ਫਿਰ ਬੈਠੇ ਜੁੜਕੇ ।
” ਸੁੱਖ ” ਹੋਜ਼ੇ ਮੇਲਾ ,ਰਾਵੀ ਤੇ ਚਨਾਬ ਦਾ।
ਕਿੱਥੇ ਗੁੰਮ ਗਿਆ , ਵਿਰਸਾ ਪੰਜਾਬ ਦਾ ।
ਲ਼ਿਖਤ : ਸੁਖਚੈਨ ਸਿੰਘ ਚੰਦ ਨਵਾਂ
ਸੰਪਰਕ : 9914973876