Sunday, November 24, 2024
7.1 C
Vancouver

ਕਦੇ ਕਦੇ ਲੇਖਕ

ਕਦੇ ਕਦੇ ਲੇਖਕ ਦੇ ਹਾਣ ਦੇ।
ਕਦੇ ਬਜ਼ੁਰਗ ਜਵਾਨ ਜਿਹੇ।
ਸੰਦੇਸ਼ ਭੇਜ ਦੇਂਦੇਂ ਜਦ ਕਹਿ।
ਧੀਏ, ਭੈਣੇ ਜਿਉਂਦੀ ਰਹਿ।
ਕੋਈ ਪਿਆਰਾ ਜਿਹਾ ਲਿਖਦਾ।
ਸਾਹਮਣੇ ਲਿਖਿਆ ਜਦ ਵਿਖਦਾ।
ਕਿ ਭੱਠੀ ਵਾਲੀ ਤਾਈ ਪੜ੍ਹਿਆ
ਲੱਗਾ ਹੀਰੇ ਮੋਤੀ ਜੜਿਆ।
ਤੈਥੋਂ ਕੁੜ੍ਹੇ ਬਲਿਹਾਰੇ ਜਾਵਾਂ।
ਤੈਨੂੰ ਘੁੱਟ ਗਲਵੱਕੜੀ ਪਾਵਾਂ।
ਨਾਲ਼ੇ ਨਾਨਕ ਨਾਮ ਧਿਆਵਾਂ।
ਤੇਰੇ ਨਾਮ ਤੇ ਨਿੰਮਾਂ ਲਾਵਾਂ।
ਪੰਜਾਬ ਦੀਏ ਲਾਡਲੀਏ ਕੁੜੀਏ।
ਨੀ ਨਾਨਕ ਨਾਮ ਨਾਲ਼ ਜੁੜੀਏ।
ਏਨਾਂ ਮਾਣ ਬਖ਼ਸ਼ਦੇ ਜਦ ਸਭ।
ਲੇਖਕ ਗੱਲ ਭਰ ਜਾਂਦਾ ਗੱਚ।
ਨੈਣੋਂ ਵਹਿਣ ਖੁਸ਼ੀ ਦੇ ਹੰਝੂ।
ਸੋਚੇ ਕੀ ਇਹ ਹੋਊ ਸੱਚ।
ਹੱਥ ਜੋੜ ਨਿੰਮਾ ਨਿੰਮਾ ਹੱਸਾਂ।
ਚਾਰੇ ਪਾਸੇ ੴ ਸਾਹਿਬ ਤੱਕਾਂ।
ਅੰਦਰੋਂ ਝੁਕ ਕੁਦਰਤ ਨੂੰ ਧਿਆਇਆ।
ਤੂੰ ਹੀ ਕਾਦਰ ਪਿਆਰ ਦਿਵਾਇਆ।
ਜਿਸ ਸਰਬ ਲਈ ਕਾਨ੍ਹਾਂ ਘੜ੍ਹਿਆ।
ਆਪੇ ਓਸ ਦੇ ਹੱਥ ਫੜਾਇਆ।
ਫਿਰ ਨਿਮਾਣੀ ਬਖ਼ਸ਼ ਕੇ ਹਰਫ਼ਾਂ।
ਤੂੰ ਆਪ ਲਿਖਣ ਦਾ ਜਿੰਮਾ ਲਾਇਆ।
ਸਿਜਦੇ ਲਈ ਲਿਖਤੀ ਸਿਰ ਕੋਲ਼ੋ।
ਕਲਮ ਨੂੰ ਮੱਥਾ ਆਪ ਟਿਕਾਇਆ।
ਕਰ ਬੇਨਤੀ ਓਸ ਨੂੰ ਚੁੱਕਿਆ।
ਪਿਆਰ ਨਾਲ਼ ਘੁੱਟ ਹਿੱਕੜੀ ਲਾਇਆ।
ਧੰਨ ਗੁਰੂ ਨਾਨਕ ਤੇਰੀ ਮਹਿਮਾ।
ਤੈਨੂੰ ਜਿਸ ਕਿਸੇ ਵੀ ਧਿਆਇਆ।
ਉਹਨੂੰ ਤੇਰਿਆਂ ਗਲ਼ ਨਾਲ ਲਾਇਆ।
ਸਤਿ ਕਰਤਾਰ ਸਰਬ ਇਹ ਜਾਣੇ।
ਉਹ ਹੀ ਹੁੰਦਾ ਜੋ ਤੂੰ ਚਾਹਿਆ।
ਲਿਖਤ : ਸਰਬਜੀਤ ਕੌਰ ਪੀ ਸੀ