Sunday, November 24, 2024
6.5 C
Vancouver

ਬੇਅਦਬੀ ਖ਼ਿਲਾਫ਼ ਸਿੱਖਾਂ ਵੱਲੋਂ ਮੈਲਬਰਨ ‘ਚ ਰੋਸ ਮਾਰਚ

 

ਮੈਲਬਰਨ : ਆਸਟਰੇਲੀਆ ਦੇ ਸ਼ਹਿਰ ਪਰਥ ‘ਚ ਬੀਤੇ ਦਿਨੀਂ ਗੁਟਕਾ ਸਾਹਿਬ ਦੀ ਕੀਤੀ ਗਈ ਬੇਅਦਬੀ ਖ਼ਿਲਾਫ਼ ਸਿੱਖ ਭਾਈਚਾਰੇ ਨੇ ਅੱਜ ਮੈਲਬਰਨ ਵਿੱਚ ਮੁੱਖ ਚੌਕ ਤੋਂ ਸਟੇਟ ਲਾਇਬਰੇਰੀ ਤੱਕ ਰੋਸ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਗ੍ਰਿਫ਼ਤਾਰ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਸੁਪਰੀਮ ਸਿੱਖ ਕੌਂਸਲ ਆਫ ਆਸਟਰੇਲੀਆ ਦੇ ਕਾਰਕੁਨ ਤੇ ਵਕੀਲ ਹਰਕੀਰਤ ਸਿੰਘ ਅਜਨੋਹਾ ਨੇ ਕਿਹਾ ਕਿ ਮੁਲਜ਼ਮ ‘ਤੇ ਇਸ ਦੋਸ਼ ‘ਚ ਲਾਈ ਗਈ ਧਾਰਾ ਦੀ ਮਦ ਕਮਜ਼ੋਰ ਹੈ, ਜਦਕਿ ਮੁਲਜ਼ਮ ‘ਤੇ ਆਇਦ ਇਸੇ ਕਾਨੂੰਨ ਦੀ ਇੱਕ ਹੋਰ ਮਦ ਅਜਿਹੇ ਜੁਰਮ ਲਈ ਵੱਧ ਸਜ਼ਾ ਦਿੱਤੇ ਜਾਣ ਦੀ ਹਾਮੀ ਭਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮੁਲਕ ‘ਚ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਲਿਆਉਣ ਦੀ ਮੰਗ ਵੀ ਕੀਤੀ। ਸ਼ਹਿਰ ਦੇ ਮੁੱਖ ਚੌਕ ਤੋਂ ਚੱਲੇ ਇਸ ਮਾਰਚ ਦੌਰਾਨ ਸ਼ਹਿਰ ਦੇ ਮੁੱਖ ਖੇਤਰ ‘ਚ ਆਵਾਜਾਈ ਪ੍ਰਭਾਵਿਤ ਰਹੀ ਅਤੇ ਵੱਡੀ ਗਿਣਤੀ ‘ਚ ਪਹੁੰਚੇ ਸਿੱਖ ਭਾਈਚਾਰੇ ਨੇ ਸ਼ਾਂਤਮਈ ਰੋਸ ਮਾਰਚ ਕੀਤਾ। ਇਸ ਤੋਂ ਇਲਾਵਾ ਅੱਜ ਮੁਲਕ ਦੇ ਹੋਰਾਂ ਸ਼ਹਿਰਾਂ ‘ਚ ਵੀ ਸਿੱਖਾਂ ਨੇ ਇਸ ਘਟਨਾ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਜ਼ਿਕਰਯੋਗ ਹੈ ਕਿ ਪਰਥ ਦੇ ਗੁਰੂਘਰ ਦੇ ਬਾਹਰ ਕੁਝ ਹਫਤੇ ਪਹਿਲਾਂ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟੇ ਗਏ ਸਨ ਅਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੁਲੀਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।