ਸਰੀ : ਕੈਨੇਡਾ ਵਿੱਚ ਨਸ਼ਾ ਤਸਕਰੀ ਦੇ ਦੋ ਵੱਡੇ ਮਾਮਲਿਆਂ ਵਿੱਚ ਤਿੰਨ ਪੰਜਾਬੀਆਂ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ, ਬਰਨਬੀ ਅਤੇ ਸਰੀ ਸ਼ਹਿਰਾਂ ਵਿੱਚ ਕੀਤੇ ਗਏ ਛਾਪਿਆਂ ਦੌਰਾਨ ਨਸ਼ੇ ਬਰਾਮਦ ਕੀਤੇ ਗਏ ਹਨ।
ਇਸ ਓਪਰੇਸ਼ਨ ਦੌਰਾਨ 22 ਸਾਲ ਦੇ ਸਮਰਦੀਪ ਧਾਮੀ ਅਤੇ 40 ਸਾਲ ਦੇ ਰੈਂਡੀ ਚੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀ.ਸੀ. ਦੇ ਕੰਬਾਈਂਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ (ਛਢਸ਼ਓੂ) ਨੇ ਅਗਸਤ 2023 ਵਿੱਚ ਕੀਤੇ ਗਏ ਛਾਪਿਆਂ ਵਿੱਚ ਮੈਥਮਫੈਟਾਮਿਨ, ਫੈਂਟਾਨਿਲ, ਕੋਕੀਨ ਅਤੇ ਕੈਟਾਮੀਨ ਸਮੇਤ ਕੁੱਲ 12.7 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ। ਇਸ ਦੌਰਾਨ 79 ਹਜ਼ਾਰ ਡਾਲਰ ਨਕਦ ਵੀ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ, ਇਕ ਵੱਖਰੀ ਕਾਰਵਾਈ ਦੌਰਾਨ ਇੱਕ ਗੱਡੀ ਵਿੱਚੋਂ 9 ਕਿਲੋ ਕੋਕੀਨ ਵੀ ਬਰਾਮਦ ਕੀਤੀ ਗਈ।
ਸਮਰਦੀਪ ਧਾਮੀ ਅਤੇ ਰੈਂਡੀ ਚੂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਨੂੰ ਕੈਨੇਡੀਅਨ ਪਬਲਿਕ ਪ੍ਰੌਸੀਕਿਊਸ਼ਨ ਸਰਵਿਸ ਨੇ ਪ੍ਰਵਾਨਗੀ ਦਿੱਤੀ ਹੈ। ਸਮਰਦੀਪ ਧਾਮੀ ‘ਤੇ ਨਸ਼ੀਲੇ ਪਦਾਰਥ ਤਸਕਰੀ ਦੇ ਮਕਸਦ ਨਾਲ ਰੱਖਣ ਦੇ ਦੋਸ਼ ਲਗਾਏ ਗਏ ਹਨ। ਦੋਹਾਂ ਨੂੰ ਗ੍ਰਿਫ਼ਤਾਰੀ ਮਗਰੋਂ ਸ਼ਰਤਾਂ ‘ਤੇ ਆਧਾਰਿਤ ਜ਼ਮਾਨਤ ਮਿਲ ਗਈ ਹੈ।
ਸਾਰਜੈਂਟ ਬਰੈਂਡਾ ਵਿਨਪੈਨੀ ਨੇ ਦੱਸਿਆ ਕਿ ਵੱਖ-ਵੱਖ ਏਜੰਸੀਆਂ ਦੀ ਸਾਂਝੀ ਕਾਰਵਾਈ ਕਾਰਨ ਨਸ਼ਾ ਤਸਕਰਾਂ ਨੂੰ ਜਵਾਬਦੇਹ ਬਣਾਇਆ ਜਾ ਸਕਿਆ ਅਤੇ ਅਪ੍ਰਾਥੀ ਪਦਾਰਥਾਂ ਨੂੰ ਕਮਿਊਨਿਟੀ ਤੋਂ ਦੂਰ ਕਰਨ ਵਿੱਚ ਸਫਲਤਾ ਮਿਲੀ।
ਇਸ ਦੇ ਨਾਲ, ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ 23 ਸਾਲ ਦੇ ਕਰਨਪ੍ਰੀਤ ਸਿੰਘ ਅਤੇ 20 ਸਾਲ ਦੇ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਤੋਂ ਕਥਿਤ ਤੌਰ ‘ਤੇ 4 ਲੱਖ ਡਾਲਰ ਮੁੱਲ ਦੀ ਫੈਂਟਾਨਿਲ ਬਰਾਮਦ ਹੋਈ ਹੈ, ਜਿਸ ਨੂੰ ਕੈਨੋਰਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੇਚਣ ਦੀ ਯੋਜਨਾ ਬਣਾਈ ਗਈ ਸੀ।
ਇਹ ਦੋਵੇਂ ਮਾਮਲੇ ਕੈਨੇਡਾ ਵਿੱਚ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦਾ ਹਿੱਸਾ ਹਨ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਥਾਨਕ ਕਮਿਊਨਿਟੀ ਨੂੰ ਸੁਰੱਖਿਅਤ ਕਰਨ ਦੀ ਯੋਜਨਾ ਨਾਲ ਜੁੜੀਆਂ ਹੋਈਆਂ ਹਨ।