ਮਿੱਤਰ ਸੀ ਮੇਰੇ ਬੜੇ ਪਿਆਰੇ।
ਇੱਕੋ ਜਿਹੇ ਨਹੀਂ ਸੀ ਸਾਰੇ।
ਬਹੁਤੇ ਰੱਖਦੇ ਖਾਰ ਦਿਲਾਂ ਵਿੱਚ।
ਕੁਝ ਰੱਖਦੇ ਸੀ ਪਿਆਰ ਦਿਲਾਂ ਵਿੱਚ।
ਔਖੇ ਵੇਲੇ ਆਏ ਨੇੜੇ।
ਕੀਤੇ ਕਈਆਂ ਝਗੜੇ ਝੇੜੇ।
ਰਹੋ ਪਿਆਰ ਨਾਲ ਕਹਿੰਦਾ ਰਹਿ ਗਿਆ।
ਕੌੜ੍ਹੇ ਬੋਲ ਸੀ ਸਹਿੰਦਾ ਰਹਿ ਗਿਆ।
ਵੱਟਿਆ ਜਦ ਉਹਨਾਂ ਤੋਂ ਪਾਸਾ।
ਹੱਸਦੇ ਸੀ ਉਹ ਚੰਦਰਾ ਹਾਸਾ।
ਸਮਝਿਆ ਨਾ ਮੈਂ ਇੰਝ ਕਿਉਂ ਕਰਦੇ।
ਘੂਰੀ ਵੱਟਿਆਂ ਵੀ ਨਾ ਡਰਦੇ।
ਵੇਲਾ ਸੀ ਵਿੱਛੜਨ ਦਾ ਆਇਆ।
ਮਾਪਿਆਂ*ਨੇ ਸੀ ਕਹਿਰ ਕਮਾਇਆ।
ਛੱਡ ਕੇ ਪਿੰਡ ਸੀ ਤੁਰਨ ਮੈਂ ਲੱਗਾ।
ਚੰਗੇ ਮਾੜਿਆਂ ਵਲ੍ਹ ਲਿਆ ਅੱਗਾ।
ਲੜਦੇ ਝਗੜਦੇ ਰਹੇ ਦੋਸਤਾ।
ਬੋਲ ਬੁਰੇ ਵੀ ਕਹੇ ਦੋਸਤਾ।
ਮਾਫ਼ ਕਰੀਂ ਤੂੰ ਭੁੱਲਿਆਂ ਤਾਂਈ।
ਬੀਤੇ ਨੂੰ ਨਾ ਦਿਲ ਤੇ ਲਾਂਈ।
ਸਮਝ ਗਏ ਕੀ ਹੁੰਦੀ ਯਾਰੀ।
ਕਹਿੰਦੇ ਕੀਹਨੂੰ ਮਿੱਤਰਚਾਰੀ।
ਗਲ੍ਹ ਨੂੰ ਲੱਗ ਲੱਗ ਸਾਰੇ ਰੋਏ।
ਜਿਊਂਦੇ ਵੀਰਾ ਅੱਜ ਹਾਂ ਮੋਏ।
ਅੱਜ ਵੀ ਦਿਲ ਵਿੱਚ ਪਿਆਰ ਤੇਰੇ ਲਈ।
ਹੰਝੂਆਂ ਦੇ ਆਹ!ਹਾਰ ਤੇਰੇ ਲਈ।
‘ਬੁਜਰਕ’ਅੱਜ ਵੀ ਕੁੱਝ ਮਿਲ ਜਾਂਦੇ।
ਪਾ ਪਾ ਜੱਫ਼ੀਆਂ ਪਿਆਰ ਜਿਤਾਂਦੇ।
ਲਿਖਤ : ਹਰਮੇਲ ਸਿੰਘ ਬੁਜਰਕੀਆ
ਮੌਬਾ ਨੰ : 94175-97204