ਲਿਖਣ ਭਾਵੇਂ ਨਾ ਜਾਣਾ ਮੇਨੂੰ ਵੀ ਸਨਮਾਨ ਦੇਵੋ ਜੀ
ਗਜਲ ਗੀਤੋਂ ਹਾਂ ਕਾਣਾ ਮੇਨੂੰ ਵੀ ਸਨਮਾਨ ਦੇਵੋ ਜੀ
ਜੇ ਮੇਰੇ ਤਗਮਿਆਂ ਤੇ ਕਰ ਰਿਹਾ ਇਤਰਾਜ਼ ਹੈ ਕੋਈ
ਕਿਸੇ ਨੂੰ ਮੈਂ ਕੀ ਜਾਣਾ ਮੈੰਨੂੰ ਵੀ ਸਨਮਾਨ ਦੇਵੋ ਜੀ
ਛੱਡੋ ਨੋਟਾਂ ਨੂੰ, ਖੀਸੇ ਭਰ ਦਊੰ ਨਾ’ ਡਾਲਰਾਂ ਮੈੰ ਤੇ
ਜੀ ਵਰਤਾਓ ਕੁਈ ਭਾਣਾ ਮੈੰਨੂੰ ਵੀ ਸਨਮਾਨ ਦੇਵੋ ਜੀ
ਬਣਨ ਡਾਲਰ ਦੇ ਅਠਵੰਜਾ, ਹੈ ਦੱਸੋ ਹੋਰ ਕੀ ਲੈਣਾ
ਤੁਹਾਡਾ ਕੀ ਹੈ ਜਾਣਾ ਮੈੰਨੂੰ ਵੀ ਸਨਮਾਨ ਦੇਵੋ ਜੀ
ਤੁਸੀੰ ਮੇਰੇ ਤੇ ਇੱਕ ਅਹਿਸਾਨ ਕਰ ਕੇ ਦੇ ਦਿਓ ਮੈਨੂੰ
ਕੋਈ ਤਮਗਾ ਪੁਰਾਣਾ, ਮੈਨੂੰ ਵੀ ਸਨਮਾਨ ਦੇਵੇ ਜੀ
ਕਿਤੇ ਮੇਰੀ ਇਹ ਫੇਰੀ ਹੀ ਨਾ ਸੁੱਕੀ ਲੰਘ ਜਾਵੇ ਹੁਣ
ਮੈਂ ਗਲ਼ ਤਮਗਾ ਹੈ ਪਾਣਾ ਮੈੰਨੂੰ ਵੀ ਸਨਮਾਨ ਦੇਵੋ ਜੀ
ਜਾਂ ਫਿਰ ਚਾਂਦੀ ਦਾ ਕੁਝ ਬਣਵਾ ਕੇ ਢਾਵਾਂ ਪਾ ਦਿਓ ਯਾਰੋ
ਮੈਂ ਖ਼ੁਦ ਪੈਸਾ ਹੈ ਲਾਣਾ, ਮੈਨੂੰ ਵੀ ਸਨਮਾਨ ਦੇਵੋ ਜੀ
ਜੇ ਚਾਂਦੀ ਲੱਗਦੀ ਮਹਿੰਗੀ ਤਾਂ ਫਿਰ ਇੱਕ ਸ਼ਾਲ ਹੀ ਲੱਭੋ
ਕੋਈ ਪਾਟਾ ਪੁਰਾਣਾ, ਮੈਨੂੰ ਵੀ ਸਨਮਾਨ ਦੇਵੋ ਜੀ
ਸ਼ਰਾਬਾਂ ਮੀਟ ਸਾਰਾ ਖ਼ਰਚ ਮੇਰੀ ਜੇਬ ਚੋਂ ਹੋਊ
ਤੁਸੀਂ ਬਸ ਪੈੱਗ ਹੈ ਲਾਣਾ ਮੈੰਨੂੰ ਵੀ ਸਨਮਾਨ ਦੇਵੋ ਜੀ
ਖ਼ਬਰ ਅਖਬਾਰ ਵਿੱਚ ਮੇਰੀ ਤੁਸੀਂ ਛਪਵਾ ਦਿਉ ਇਕ ਵਾਰ
ਗਵਾ ਕੇ ਇੱਕ ਹੀ ਗਾਣਾ ਮੈੰਨੂੰ ਵੀ ਸਨਮਾਨ ਦੇਵੋ ਜੀ
ਗੁਆਚਾ, ਵਜ਼ਨ ਬਹਿਰਾਂ ਵਿਚ, ਭਾਵੇਂ ਦੇਵ ਹੈ ਫਿਰਦਾ
ਲੈ ਦੇ ਕੇ ਸਭ ਹੋ ਜਾਣਾ, ਮੈੰਨੂੰ ਵੀ ਸਨਮਾਨ ਦੇਵੋ ਜੀ
ਲਿਖਤ : ਬਲਦੇਵ ਸੀਹਰਾ