Saturday, November 23, 2024
8.7 C
Vancouver

ਗਰੀਬੀ

 

 

ਸੜਕ ਤੇ ਬੈਠਾ ਹੋਵੇ ਹੱਥ ਤੇਰੇ ਕਾਸਾ ਹੋਵੇ।

ਲੱਗੇ ਨਾਂ ਦਿਹਾੜੀ ਘਰ ਮੁੱਕ ਗਿਆ ਆਟਾ ਹੋਵੇ।

ਹੱਥ ਵਿੱਚ ਤੰਗੀ ਹੋਵੇ, ਜੇਬ ਚ ਨਾਂ ਪੰਜੀ ਹੋਵੇ।

ਰੁਲ ਜਾਣ ਵਿੱਚੇ ਤੇਰੇ ਬੱਚਿਆਂ ਦੇ ਚਾਅ।

ਫੇਰ ਪਤਾ ਲੱਗੂ,ਕੀ ਗਰੀਬੀ ਦੀ ਸਜ਼ਾ !

ਓਏ ਰੱਬਾ।_2

ਸਾਧਨ ਨਾਂ ਮਿਲ਼ੇ ਘਰਵਾਲੀ ਜੇ ਬੀਮਾਰ ਹੋ ਜਏ

ਇਕੱਲਾ ਕਹਿਰਾ ਪੁੱਤ ਤੇਰਾ ਨਸ਼ੇ ਦਾ ਸ਼ਿਕਾਰ ਹੋ ਜਏ।

ਥੱਕ ਕੇ ਆਏ ਨੂੰ ਘਰ ਰੋਟੀ ਨਾਂ ਨਸ਼ੀਬ ਹੋਵੇ।

ਦਿਨ ਰਾਤ ਤਾਅਨੇ ਤੈਨੂੰ ਕੱਸਦਾ ਰਕੀਬ ਹੋਵੇ।

ਹੋਵੇ ਨਾਂ ਮੁਆਫ਼  ਤੇਰੀ ਕਿਤੇ ਵੀ ਖ਼ਤਾ।

ਫੇਰ ਪਤਾ ਲੱਗੂ ਕੀ ਗਰੀਬੀ ਦੀ ਸਜ਼ਾ!

ਓਏ ਰੱਬਾ।-2

ਤਪਦਿਆਂ ਪਾਣੀਆਂ ਚ ਝੋਨਾਂ ਕਿਤੇ ਲਾਉਂਦਾ ਹੋਵੇ।

ਵੱਟ ਉੱਤੇ ਬੈਠਾ ਕੋਈ ਹੁਕਮ ਚਲਾਂਉਦਾ ਹੋਵੇ।

ਰਹਿਣ ਵਾਲ਼ੀ ਕੁੱਲੀ ਤੇਰੀ ਹਵਾ ਨੇਂ ਉਡਾਈ ਹੋਵੇ।

ਛੱਡ ਦੇਣ ਸਹੁਰੇ ਧੀ ਨੂੰ ਮਸਾਂ ਜੋ ਵਿਆਈ ਹੋਵੇ।

ਸ਼ਾਹੂਕਾਰ ਲਵੇ ਕੋਈ ਘਰ ਲਿਖਵਾ।

ਫੇਰ ਪਤਾ ਲੱਗੂ ਕੀ ਗਰੀਬੀ ਦੀ ਸਜ਼ਾ

ਓਏ ਰੱਬਾ_2 ।

ਫੇਰ ਪਤਾ ਲੱਗੂ ਕੀ ਗਰੀਬੀ ਦੀ ਸਜ਼ਾ!

ਓਏ ਰੱਬਾ।-2

ਸਾਰਾ ਪਿੰਡ ਇੱਕ ਪਾਸੇ ਐਨਾਂ ਤੂੰ ਸਤਾਇਆ ਹੋਵੇ।

ਜੱਜ ਮੂਹਰੇ ਝੂਠੇ ਕਿਸੇ ਕੇਸ ਚ ਫਸਾਇਆ ਹੋਵੇ।

ਮਿਲੇ ਤੈਨੂੰ ਸਜ਼ਾ ਤੇਰਾ ਭੋਰਾ ਨਾਂ ਕਸੂਰ ਹੋਵੇ।

“ਕਾਮੀਂ ਵਾਲ਼ੇ ਖ਼ਾਨ”ਵਾਂਗੂੰ ਐਨਾਂ ਮਜਬੂਰ ਹੋਵੇਂ।

ਮੌਤ ਬਿਨਾਂ  ਨਾਂਹੀ ਕੋਈ ਮਿਲ਼ੇ ਤੈਨੂੰ ਰਾਹ।

ਫੇਰ ਪਤਾ ਲੱਗੂ ਕੀ ਗਰੀਬੀ ਦੀ ਸਜ਼ਾ!ਓਏ ਰੱਬਾ।

ਫੇਰ ਪਤਾ ਲੱਗੂ ਕੀ ਗਰੀਬੀ ਦੀ ਸਜ਼ਾ!ਓਏ ਰੱਬਾ।

ਸ਼ੁਕਰ ਦੀਨ ਕਾਮੀਂ ਖੁਰਦ

9592384393