ਔਟਵਾ : ਕੈਨੇਡਾ ਦੀ ਆਰਥਿਕਤਾ ਨੇ 2024 ਦੀ ਦੂਸਰੀ ਤਿਮਾਹੀ ਵਿੱਚ 2.1% ਵਾਧਾ ਦਰਜ ਕੀਤਾ ਹੈ, ਜਿਸ ਨੂੰ ਵਿੱਤੀ ਮਾਹਿਰਾਂ ਨੇ ਚੰਗੀ ਖ਼ਬਰ ਦੱਸਿਆ ਹੈ। ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਕੀਤੇ ਆੰਕੜਿਆਂ ਮੁਤਾਬਕ, ਇਹ ਵਾਧਾ ਮੁੱਖ ਤੌਰ ‘ਤੇ ਉਪਭੋਗਤਾ ਖਰਚਿਆਂ ‘ਚ ਵਾਧੇ ਅਤੇ ਆਰਥਿਕ ਕਾਰਗੁਜ਼ਾਰੀ ਵਿੱਚ ਬਿਹਤਰੀ ਦਾ ਨਤੀਜਾ ਹੈ। ਇਸ ਵਾਧੇ ਨਾਲ, ਕੈਨੇਡਾ ਦੀ ਆਰਥਿਕ ਸਥਿਤੀ ਵਿੱਚ ਸਥਿਰਤਾ ਦਾ ਸੰਕੇਤ ਦਿੱਤਾ ਗਿਆ ਹੈ।
ਆਰਥਿਕ ਮਾਹਿਰਾਂ ਮੁਤਾਬਕ, ਦੂਸਰੀ ਤਿਮਾਹੀ ਵਿੱਚ ਹੋਏ 2.1% ਵਾਧੇ ਦਾ ਮੁੱਖ ਸੂਤਰ ਘਰੇਲੂ ਉਪਭੋਗਤਾ ਖਰਚਿਆਂ ਵਿੱਚ ਹੋਇਆ ਵਾਧਾ ਹੈ। ਲੋਕਾਂ ਨੇ ਵੱਡੇ ਪੱਧਰ ‘ਤੇ ਗ੍ਰੋਸਰੀਜ਼, ਟਰਾਂਸਪੋਰਟ ਅਤੇ ਮਨੋਰੰਜਨ ਸੇਵਾਵਾਂ ‘ਤੇ ਵੱਧ ਖਰਚ ਕੀਤਾ। ਘਰੇਲੂ ਮੰਗ ਵਿੱਚ ਇਹ ਵਾਧਾ ਆਰਥਿਕੀ ਤੌਰ ‘ਤੇ ਕੈਨੇਡਾ ਦੀ ਸੰਭਾਲ ਨੂੰ ਦਰਸਾਉਂਦਾ ਹੈ, ਖ਼ਾਸ ਕਰਕੇ ਉਸ ਸਮੇਂ ਜਦੋਂ ਵਿਸ਼ਵ ਪੱਧਰ ‘ਤੇ ਮੰਦੀ ਦੇ ਸੰਕੇਤ ਮਿਲ ਰਹੇ ਹਨ।
ਦੂਸਰੀ ਤਿਮਾਹੀ ਵਿਚ ਕਾਮਿਆਂ ਦੀ ਤਨਖ਼ਾਹ ਵਿਚ 1.6% ਵਾਧਾ ਦਰਜ ਹੋਇਆ, ਅਤੇ ਤੇਲ, ਗੈਸ ਅਤੇ ਖਾਣ ਸੈਕਟਰ ਵਿਚ ਵੇਜ ਵਾਧਾ ਜ਼ਿਆਦਾ ਮਜ਼ਬੂਤ ਰਿਹਾ।
ਹੈਲਥ ਕੇਅਰ, ਸੋਸ਼ਲ ਅਸਿਸਟੈਂਸ, ਸਿੱਖਿਆ, ਵਿੱਤ ਅਤੇ ਇੰਸ਼ੋਰੈਂਸ ਵਿਚ ਤਨਖ਼ਾਹਾਂ ਵਿਚ ਵਾਧਾ ਦੇਖਿਆ ਗਿਆ। ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ‘ਤੇ ਵਧਣ ਅਤੇ ਸਰਕਾਰ ਦੇ ਸਾਰੇ ਪੱਧਰਾਂ ਵਿੱਚ ਕੰਮ ਕਰਨ ਦੇ ਘੰਟਿਆਂ ਵਿੱਚ ਵਾਧੇ ਦੇ ਨਾਲ, ਸਰਕਾਰੀ ਖ਼ਰਚ ਨੇ ਵੀ ਤਿਮਾਹੀ ਵਾਧੇ ਵਿਚ ਮੁੱਖ ਭੂਮਿਕਾ ਨਿਭਾਈ। ਹਾਊਸਿੰਗ ਨਿਵੇਸ਼ ਵਿੱਚ 1.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਕਿ 2023 ਦੀ ਪਹਿਲੀ ਤਿਮਾਹੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਨਵੀਂ ਉਸਾਰੀ ਅਤੇ ਰੈਨੋਵੇਸ਼ਨ ਵਿੱਚ ਘੱਟ ਨਿਵੇਸ਼ ਹੋਇਆ।
ਦੂਸੇ ਪਾਸੇ ਨਿਰਯਾਤ ‘ਤੇ ਵੀ ਹੌਲੀ ਹੌਲੀ ਸੁਧਾਰ ਦੇਖਣ ਨੂੰ ਮਿਲਿਆ ਹੈ, ਜਦੋਂ ਕਿ ਕੈਨੇਡੀਅਨ ਨਿਵੇਸ਼ਕ ਅਤੇ ਉੱਦਮੀ ਹੋਰ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰ ਰਹੇ ਹਨ। ਇਸ ਨਾਲ ਆਰਥਿਕ ਖੇਤਰਾਂ ਵਿੱਚ ਨਵੀਆਂ ਨੌਕਰੀਆਂ ਪੈਦਾ ਹੋ ਰਹੀਆਂ ਹਨ। ਹਾਲਾਂਕਿ ਕੁਝ ਖੇਤਰਾਂ ਜਿਵੇਂ ਕਿ ਰਿਹਾਇਸ਼ੀ ਮਾਰਕੀਟ ਅਤੇ ਵਪਾਰ ‘ਤੇ ਮੰਦਹਾਲੀ ਦਾ ਪ੍ਰਭਾਵ ਜਾਰੀ ਹੈ, ਪਰ ਸਮੁੱਚੀ ਆਰਥਿਕਤਾ ਵਾਸਤੇ ਇਹ ਵਾਧਾ ਇੱਕ ਚੰਗਾ ਸੰਕੇਤ ਹੈ।
ਬੈਂਕ ਆਫ਼ ਕੈਨੇਡਾ ਵੱਲੋਂ ਕੀਤੀਆਂ ਵਿਆਜ ਦਰਾਂ ਵਿੱਚ ਕਟੌਤੀਆਂ ਨੇ ਵੀ ਵਧੀਆ ਆਰਥਿਕ ਹਾਲਾਤਾਂ ਪੈਦਾ ਕਰਨ ਵਿੱਚ ਯੋਗਦਾਨ ਪਾਇਆ ਹੈ। ਘੱਟ ਵਿਆਜ ਦਰਾਂ ਦੇ ਕਾਰਨ ਘਰ ਖਰੀਦਦਾਰਾਂ ਅਤੇ ਕਾਰੋਬਾਰਾਂ ਨੂੰ ਵਿੱਤੀ ਰਾਹਤ ਮਿਲੀ ਹੈ, ਜਿਸ ਨਾਲ ਉਨ੍ਹਾਂ ਨੇ ਵੱਧ ਖਰਚੇ ਕੀਤੇ ਹਨ। ਇਸ ਕਦਮ ਨਾਲ ਕਾਰੋਬਾਰੀ ਸਰਗਰਮੀਆਂ ਵਿੱਚ ਤੇਜ਼ੀ ਆਈ ਹੈ ਅਤੇ ਕੁੱਲ ਆਰਥਿਕ ਮੰਗ ਵਿੱਚ ਵਾਧਾ ਹੋਇਆ ਹੈ।