Friday, April 4, 2025
7 C
Vancouver

ਔਰਤਾਂ ਖ਼ਿਲਾਫ਼ ਅਪਰਾਧ ; ਹਰ ਪੱਧਰ ‘ਤੇ ਠੋਸ ਕਦਮ ਚੁੱਕੇ ਜਾਣ ਦੀ ਲੋੜ

 

ਲਿਖਤ : ਜਗਜੀਤ ਸਿੰਘ

ਜ਼ਿਲ੍ਹਾ ਅਦਾਲਤਾਂ ਦੇ ਰਾਸ਼ਟਰੀ ਸੰਮੇਲਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਵੱਲ ਧਿਆਨ ਦਿਵਾ ਕੇ ਬਿਲਕੁਲ ਸਹੀ ਕੀਤਾ। ਇਹ ਅਪਰਾਧ ਇਸ ਲਈ ਵੱਧ ਗੰਭੀਰ ਚਿੰਤਾ ਦਾ ਕਾਰਨ ਹਨ ਕਿਉਂਕਿ ਅਨੇਕ ਕੋਸ਼ਿਸ਼ਾਂ ਤੋਂ ਬਾਅਦ ਵੀ ਇਨ੍ਹਾਂ ‘ਚ ਕਮੀ ਆਉਂਦੀ ਨਹੀਂ ਦਿਖਾਈ ਦੇ ਰਹੀ ਹੈ। ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਦੇ ਹਸਪਤਾਲ ‘ਚ ਟ੍ਰੇਨੀ ਮਹਿਲਾ ਡਾਕਟਰ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਨੇ ਸਾਰੇ ਦੇਸ਼ ਨੂੰ ਗੁੱਸੇ ਨਾਲ ਭਰ ਦਿੱਤਾ ਪਰ ਇਸ ਤੋਂ ਬਾਅਦ ਵੀ ਜਬਰ ਜਨਾਹ ਦੇ ਮਾਮਲੇ ਰੁਕਦੇ ਨਹੀਂ ਦਿਖਾਈ ਦੇ ਰਹੇ।

ਕੋਲਕਾਤਾ ਦੀ ਘਟਨਾ ਸਬੰਧੀ ਹਰ ਪੱਧਰ ‘ਤੇ ਰੋਸ ਤੇ ਗੁੱਸੇ ਤੋਂ ਬਾਅਦ ਵੀ ਦੇਸ਼ ਦੇ ਹਰ ਹਿੱਸੇ ‘ਚ ਜਬਰ ਜਨਾਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਘਟਨਾਵਾਂ ਦੀ ਗਿਣਤੀ ਕਰਨਾ ਵੀ ਮੁਸ਼ਕਲ ਹੈ। ਸਥਿਤੀ ਇਹ ਹੈ ਕਿ ਜਬਰ ਜਨਾਹ ਕਰਨ ਵਾਲੇ ਬੱਚੀਆਂ ਤੱਕ ਨੂੰ ਨਿਸ਼ਾਨਾ ਬਣਾ ਰਹੇ ਹਨ। ਕੋਲਕਾਤਾ ਦੇ ਨਾਲ ਦੇਸ਼ ਦੇ ਹੋਰ ਖੇਤਰਾਂ ‘ਚ ਜਬਰ ਜਨਾਹ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਕਾਨੂੰਨਾਂ ਨੂੰ ਸਖ਼ਤ ਕਰਨ ਤੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਜੋ ਮੰਗ ਕੀਤੀ ਜਾ ਰਹੀ ਹੈ, ਉਸ ਦੀ ਪੂਰਤੀ ਕੀਤੀ ਹੀ ਜਾਣੀ ਚਾਹੀਦੀ ਹੈ, ਪਰ ਇਸ ਦੇ ਨਾਲ ਇਸ ਦੀ ਵੀ ਲੋੜ ਹੈ ਕਿ ਔਰਤਾਂ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਦੇ ਮਾਮਲਿਆਂ ‘ਚ ਤੁਰੰਤ ਇਨਸਾਫ਼ ਹੋਵੇ। ਇਸ ਸੰਦਰਭ ‘ਚ ਪ੍ਰਧਾਨ ਮੰਤਰੀ ਦੇ ਇਸ ਵਿਚਾਰ ਨਾਲ ਅਸਹਿਮਤ ਨਹੀਂ ਹੋਇਆ ਜਾ ਸਕਦਾ ਕਿ ਇਨਸਾਫ਼ ਜਿੰਨੀ ਤੇਜ਼ੀ ਨਾਲ ਮਿਲੇਗਾ, ਔਰਤਾਂ ਨੂੰ ਆਪਣੀ ਸੁਰੱਖਿਆ ਸਬੰਧੀ ਓਨਾ ਹੀ ਵੱਧ ਯਕੀਨ ਹੋਵੇਗਾ। ਏਨਾ ਹੀ ਨਹੀਂ, ਇਸ ਨਾਲ ਔਰਤਾਂ ਖ਼ਿਲਾਫ਼ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਤੱਤਾਂ ਦੇ ਮਨ ‘ਚ ਡਰ ਦਾ ਸੰਚਾਰ ਵੀ ਹੋਵੇਗਾ। ਇਹ ਇਕ ਤੱਥ ਹੈ ਕਿ ਜਦ ਅਪਰਾਧੀਆਂ ਨੂੰ ਜਲਦ ਸਖ਼ਤ ਸਜ਼ਾ ਮਿਲਦੀ ਹੈ, ਤਾਂ ਉਨ੍ਹਾਂ ‘ਚ ਡਰ ਪੈਦਾ ਹੁੰਦਾ ਹੈ। ਔਰਤਾਂ ਨਾਲ ਦਰਿੰਦਗੀ ਕਰਨ ਵਰਗੇ ਅਪਰਾਧਾਂ ‘ਚ ਸ਼ਾਮਲ ਤੱਤਾਂ ਨੂੰ ਜਿੰਨੀ ਜਲਦੀ ਸੰਭਵ ਹੋਵੇ, ਸਖ਼ਤ ਸਜ਼ਾ ਦਿੱਤੀ ਜਾਣੀ ਯਕੀਨੀ ਬਣਾਉਣ ਦੇ ਨਾਲ ਹੀ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਇਸ ਗੰਦੀ ਮਾਨਸਿਕਤਾ ਦਾ ਹੱਲ ਕਿਵੇਂ ਹੋਵੇ, ਜਿਸ ਕਾਰਨ ਔਰਤਾਂ ਨੂੰ ਗ਼ਲਤ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ ਤੇ ਜਿਸ ਕਾਰਨ ਜਬਰ ਜਨਾਹ ਵਰਗੇ ਅਪਰਾਧ ਹੁੰਦੇ ਹਨ।

ਇਸ ਮਾਨਸਿਕਤਾ ਨੂੰ ਦੂਰ ਕਰਨ ਦਾ ਕੰਮ ਸਮਾਜ ਨੂੰ ਕਰਨਾ ਪਵੇਗਾ ਤੇ ਇਸ ਦੀ ਸ਼ੁਰੂਆਤ ਘਰ-ਪਰਿਵਾਰ ਤੋਂ ਕਰਨੀ ਪਵੇਗੀ। ਬੱਚਿਆਂ ਤੇ ਨੌਜਵਾਨਾਂ ਨੂੰ ਇਸ ਦੀ ਘੁੱਟੀ ਪਿਲਾਉਣੀ ਪਵੇਗੀ ਕਿ ਉਹ ਕੁੜੀਆਂ ਤੇ ਔਰਤਾਂ ਦੀ ਇੱਜ਼ਤ ਕਰਨਾ ਸਿੱਖਣ। ਇਹ ਠੀਕ ਹੈ ਕਿ ਕੁੜੀਆਂ ਨੂੰ ਤਰ੍ਹਾਂ-ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ, ਪਰ ਅਜਿਹੀ ਹੀ ਸਿੱਖਿਆ ਮੁੰਡਿਆਂ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ। ਇਸ ‘ਚ ਮਾਤਾ-ਪਿਤਾ, ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ-ਨਾਲ ਅਧਿਆਪਕਾਂ ਦੀ ਭੂਮਿਕਾ ਵੀ ਮਹੱਤਵਪੂਰਨ ਹੋ ਜਾਂਦੀ ਹੈ। ਸਮਾਜ ਨੂੰ ਉਨ੍ਹਾਂ ਤੱਤਾਂ ਪ੍ਰਤੀ ਵੀ ਚੌਕਸੀ ਵਧਾਉਣੀ ਪਵੇਗੀ, ਜੋ ਔਰਤਾਂ ਦੀ ਸੁਰੱਖਿਆ ਤੇ ਸਨਮਾਨ ਲਈ ਸੰਭਾਵਿਤ ਖ਼ਤਰਾ ਬਣਦੇ ਹੋਏ ਦਿਖਾਈ ਦਿੰਦੇ ਹਨ।

ਅਜਿਹੇ ਤੱਤਾਂ ਬਾਰੇ ਪੁਲਿਸ ਨੂੰ ਲਗਾਤਾਰ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ। ਸਮਾਜ ਅਜਿਹਾ ਕਰਨ ਲਈ ਤਿਆਰ ਰਹੇ, ਇਸ ਲਈ ਪੁਲਿਸ ਨੂੰ ਸਹਿਯੋਗ ਕਰਨ ਦੇ ਨਾਲ ਹੀ ਸੰਵੇਦਨਸ਼ੀਲ ਵੀ ਬਣਨਾ ਪਵੇਗਾ। ਸਮਾਜ ਦੇ ਹਿੱਸੇ ‘ਚ ਇਕ ਜ਼ਰੂਰੀ ਕੰਮ ਇਹ ਵੀ ਹੈ ਕਿ ਉਹ ਔਰਤਾਂ ਦੇ ਸਸ਼ਕਤੀਕਰਨ ਸਬੰਧੀ ਹੋਰ ਵੱਧ ਸਰਗਰਮ ਹੋਵੇ। ਹੁਣ ਜਾਗਣ ਦਾ ਵੇਲਾ ਹੈ ਕਿਉਂਕਿ ਔਰਤਾਂ ਪ੍ਰਤੀ   ਹਿੰਸਾ ਬਰਦਾਸ਼ਤ ਤੋਂ ਬਾਹਰ ਹੁੰਦੀ ਜਾ ਰਹੀ ਹੈ। ਅਜਿਹੇ ਵਿਚ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਪੱਧਰ ‘ਤੇ ਠੋਸ ਕਦਮ ਚੁੱਕੇ ਜਾਣ।