ਲੇਖਕ : ਵਿਜੈ ਕੁਮਾਰ
ਸੰਪਰਕ : 98726 – 27136
ਇਹ ਕੋਈ ਬਹੁਤਾ ਸਮਾਂ ਪਹਿਲਾਂ ਦੀ ਗੱਲ ਨਹੀਂ ਹੈ ਕਿ ਬੱਚਿਆਂ ਅਤੇ ਮਾਪਿਆਂ ਦੇ ਸੰਬੰਧਾਂ ਵਿੱਚ ਇੱਕ ਮਰਯਾਦਾ ਹੁੰਦੀ ਸੀ। ਜਵਾਨ ਬੱਚੇ ਚਾਹੇ ਉਹ ਪੁੱਤਰ ਹੁੰਦੇ ਸਨ ਜਾਂ ਧੀਆਂ, ਆਪਣੇ ਮਾਪਿਆਂ, ਚਾਚੇ ਚਾਚੀਆਂ, ਤਾਏ ਤਾਈਆਂ, ਹੋਰ ਘਰ ਦੇ ਬੜੇ ਬਜ਼ੁਰਗਾਂ, ਇੱਥੋਂ ਤਕ ਕਿ ਬੜੇ ਭੈਣ ਭਰਾਵਾਂ ਸਾਹਮਣੇ ਗੱਲ ਕਰਦਿਆਂ ਝਿਜਕਦੇ ਸਨ। ਉਨ੍ਹਾਂ ਦੇ ਬਰਾਬਰ ਨਾ ਬੈਠਦੇ ਸਨ ਤੇ ਨਾ ਹੀ ਉਨ੍ਹਾਂ ਦੇ ਬਰਾਬਰ ਬੈਠਕੇ ਖਾਂਦੇ ਸਨ। ਜਵਾਨ ਬੱਚਿਆਂ ਦੇ ਮਨਾਂ ਵਿੱਚ ਆਪਣੇ ਬੜਿਆਂ ਬਜ਼ੁਰਗਾਂ ਪ੍ਰਤੀ ਅਦਬ ਅਤੇ ਸਤਿਕਾਰ ਹੁੰਦਾ ਸੀ। ਬੜੇ ਬਜ਼ੁਰਗ ਵੀ ਆਪਣੇ ਸਿਆਣੇ ਅਤੇ ਬੜੇ ਹੋਣ ਦਾ ਅਰਥ ਸਮਝਦੇ ਸਨ। ਉਹ ਆਪਣੇ ਜਵਾਨ ਬੱਚਿਆਂ ਨਾਲ ਇੱਕ ਸੀਮਾ ਬਣਾ ਕੇ ਰੱਖਦੇ ਸਨ। ਉਹ ਸ਼ਰਾਬ, ਸਿਗਰੇਟ ਅਤੇ ਹੋਰ ਅਜਿਹੀਆਂ ਚੀਜ਼ਾਂ ਦੀ ਵਰਤੋਂ ਆਪਣੇ ਜਵਾਨ ਬੱਚਿਆਂ ਸਾਹਮਣੇ ਕਰਨ ਨੂੰ ਬਹੁਤ ਬੁਰਾ ਸਮਝਦੇ ਸਨ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਜਵਾਨ ਬੱਚਿਆਂ ਉੱਤੇ ਉਨ੍ਹਾਂ ਦੀ ਨਸ਼ਾ ਕਰਨ ਦੀ ਮਾੜੀ ਆਦਤ ਦਾ ਬੁਰਾ ਅਸਰ ਪਵੇ ਅਤੇ ਉਹ ਵੀ ਨਸ਼ਾ ਨਾ ਕਰਨ ਲੱਗ ਪੈਣ। ਜਵਾਨ ਬੱਚੇ ਪਹਿਰਾਵਾ ਵੀ ਇਹ ਸੋਚਕੇ ਪਾਉਂਦੇ ਸਨ ਕਿ ਉਨ੍ਹਾਂ ਦੇ ਬਜ਼ੁਰਗਾਂ ਨੂੰ ਭੈੜਾ ਨਾ ਲੱਗੇ। ਇਹੋ ਕਾਰਨ ਸੀ ਕਿ ਸਮਾਜ ਵਿੱਚ ਮਾਣ ਮਰਯਾਦਾ ਵਾਲਾ ਮਾਹੌਲ ਸੀ। ਸਮਾਜਿਕ ਪੱਧਰ ਵਿੱਚ ਇੱਕ ਅਦਬ ਅਤੇ ਉਚੇਚ ਸੀ।
ਜਵਾਨ ਬੱਚਿਆਂ ਨੂੰ ਮਾਣ ਮਰਯਾਦਾ ਦਾ ਗਿਆਨ ਸੀ। ਉਹ ਆਪਣੇ ਬਜ਼ੁਰਗਾਂ ਸਾਹਮਣੇ ਉੱਚੀ ਆਵਾਜ਼ ਵਿੱਚ ਗੱਲ ਕਰਨ ਨੂੰ ਗੁਸਤਾਖੀ ਮੰਨਦੇ ਸਨ। ਅਵੱਲ ਤਾਂ ਜਵਾਨ ਬੱਚੇ ਆਪਣੇ ਮਾਪਿਆਂ ਤੋਂ ਡਰਦੇ ਨਸ਼ਾ ਕਰਦੇ ਹੀ ਨਹੀਂ ਸਨ, ਜਿਹੜੇ ਕਰਦੇ ਵੀ ਸਨ, ਉਹ ਇਸ ਢੰਗ ਨਾਲ ਕਰਦੇ ਸਨ ਕਿ ਉਨ੍ਹਾਂ ਦੇ ਬਜ਼ੁਰਗਾਂ ਨੂੰ ਪਤਾ ਨਾ ਚੱਲੇ, ਇਸੇ ਲਈ ਬਹੁਤ ਘੱਟ ਜਵਾਨ ਬੱਚੇ ਨਸ਼ਾ ਕਰਦੇ ਸਨ।
ਪਰ ਜ਼ਮਾਨੇ ਦੇ ਬਦਲਾਅ ਅਤੇ ਪੱਛਮੀ ਸਭਿਅਤਾ ਦੇ ਪ੍ਰਭਾਵ ਕਾਰਨ ਮਾਪਿਆਂ ਅਤੇ ਜਵਾਨ ਬੱਚਿਆਂ ਦੇ ਸੰਬੰਧਾਂ ਵਿੱਚ ਮਰਯਾਦਾ ਜਾਂ ਸੀਮਾ ਅਲੋਪ ਹੁੰਦੀ ਨਜ਼ਰ ਆ ਰਹੀ ਹੈ। ਅਜੋਕੇ ਸਮੇਂ ਵਿੱਚ ਬੱਚਿਆਂ ਨਾਲ ਦੋਸਤਾਨਾ ਸੰਬੰਧ ਰੱਖਣ ਨੂੰ ਸਟੇਟਸ ਸਿੰਬਲ ਮੰਨਿਆ ਜਾਣ ਲੱਗ ਪਿਆ ਹੈ। ਜਵਾਨ ਬੱਚੇ ਤੇ ਉਨ੍ਹਾਂ ਦੇ ਮਾਪੇ ਇਕੱਠੇ ਬੈਠਕੇ ਸ਼ਰਾਬ ਪੀਂਦੇ ਵੇਖੇ ਜਾ ਸਕਦੇ ਹਨ। ਜਵਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਤੌਰ ਤਰੀਕਾ ਬਦਲਦਾ ਜਾ ਰਿਹਾ ਹੈ। ਜ਼ਬਾਨ ਮੁੰਡਿਆਂ ਦਾ ਆਪਣੇ ਬਾਪ ਨਾਲ ਅਤੇ ਜਵਾਨ ਕੁੜੀਆਂ ਦਾ ਆਪਣੀ ਮਾਂ ਨਾਲ ‘ਯਾਰ ਯਾਰ’ ਕਰਕੇ ਗੱਲ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਜਵਾਨ ਬੱਚਿਆਂ ਦਾ ਆਪਣੇ ਮਾਪਿਆਂ ਸਾਹਮਣੇ ਪਾਇਆ ਜਾਣ ਵਾਲਾ ਪਹਿਰਾਵਾ, ਉਨ੍ਹਾਂ ਦਾ ਇੱਕ ਦੂਜੇ ਨਾਲ ਕੀਤਾ ਜਾਣ ਵਾਲਾ ਭੱਦਾ ਮਜ਼ਾਕ ਅਤੇ ਜਵਾਨ ਬੱਚਿਆਂ ਦਾ ਆਪਣੇ ਮਪਿਆਂ ਨਾਲ ਆਪਣੇ ਪਿਆਰ ਸੰਬੰਧਾਂ ਬਾਰੇ ਚਰਚਾ ਕਰਨੀ ਜਵਾਨ ਬੱਚਿਆਂ ਅਤੇ ਮਾਪਿਆਂ ਦੇ ਸੰਬੰਧਾਂ ਦੀ ਮਰਯਾਦਾ ਨੂੰ ਢਾਹ ਲਗਾ ਰਹੇ ਹਨ। ਕਈ ਵਾਰ ਤਾਂ ਆਪਣੇ ਆਪ ਨੂੰ ਬਹੁਤ ਮਾਡਰਨ ਸਮਝਣ ਵਾਲੇ ਮਾਪੇ ਆਪਣੇ ਛੋਟੇ ਬੱਚਿਆਂ ਨੂੰ ਸ਼ਰਾਬ ਦਾ ਘੁੱਟ ਲਗਵਾਕੇ ਬਹੁਤ ਖੁਸ਼ ਹੁੰਦੇ ਹਨ। ਮਾਪਿਆਂ ਦਾ ਆਪਣੇ ਬੱਚਿਆਂ ਨਾਲ ਮਰਯਾਦਾ ਤੋਂ ਲਾਂਭੇ ਹੋ ਕੇ ਵਿਚਰਨਾ ਸਮਾਜ ਵਿੱਚ ਇੱਕ ਸਮੱਸਿਆ ਬਣਦਾ ਜਾ ਰਿਹਾ ਹੈ। ਮਾਡਰਨ ਹੋਣ ਅਤੇ ਜ਼ਮਾਨੇ ਦੇ ਨਾਲ ਚੱਲਣ ਦੇ ਨਾਂ ‘ਤੇ ਜਵਾਨ ਬੱਚਿਆਂ ਨੂੰ ਦਿੱਤੀ ਜਾ ਰਹੀ ਖੁੱਲ੍ਹ ਬੱਚਿਆਂ ਦੇ ਮਾਪਿਆਂ ਲਈ ਗੰਭੀਰ ਸਮੱਸਿਆਵਾਂ ਖੜ੍ਹੀ ਕਰ ਰਹੀ ਹੈ।
ਮੇਰਾ ਇੱਕ ਪੜ੍ਹਿਆ ਲਿਖਿਆ ਜਾਣੂ ਵਿਅਕਤੀ ਆਪਣੇ ਮਿੱਤਰਾਂ ਦੋਸਤਾਂ ਸਾਹਮਣੇ ਇਹ ਕਹਿ ਕੇ ਬੜਾ ਖੁਸ਼ ਹੁੰਦਾ ਸੀ ਕਿ ਉਹ ਸ਼ਾਮ ਨੂੰ ਪੈੱਗ ਲਗਾਉਣ ਲੱਗਿਆਂ ਆਪਣੇ ਪੁੱਤਰ ਨੂੰ ਸ਼ਰਾਬ ਦਾ ਸਵਾਦ ਦਿਖਾ ਦਿੰਦਾ ਹੈ। ਇਸ ਵਰਤਾਰੇ ਬਾਰੇ ਉਹ ਆਖਦਾ – ਆਪਾਂ ਤਾਂ ਹੁਣ ਤੋਂ ਹੀ ਦੋਸਤਾਂ ਵਾਂਗ ਰਹਿੰਦੇ ਹਾਂ। ਉਸ ਦੋਸਤ ਨੂੰ ਆਪਣੀ ਗਲਤੀ ਦਾ ਇਹਸਾਸ ਹੁਣ ਹੋਣ ਲੱਗਾ ਹੈ, ਜਦੋਂ ਉਸਦਾ ਪੁੱਤਰ ਨਸ਼ੇੜੀ ਹੋ ਗਿਆ ਹੈ। ਅੱਜ ਕੱਲ੍ਹ ਦੇ ਯੁਗ ਵਿੱਚ ਉਨ੍ਹਾਂ ਲੋਕਾਂ ਨੂੰ ਪੁਰਾਣੇ ਵਿਚਾਰਾਂ ਵਾਲੇ, ਪਛੜੇ ਹੋਏ ਅਤੇ ਜ਼ਮਾਨੇ ਅਨੁਸਾਰ ਆਪਣੇ ਆਪ ਨੂੰ ਨਾ ਢਾਲਣ ਵਾਲੇ ਕਿਹਾ ਜਾਂਦਾ ਹੈ, ਜਿਹੜੇ ਲੋਕ ਆਪਣੇ ਬੱਚਿਆਂ ਨੂੰ ਬਹੁਤੀ ਖੁੱਲ੍ਹ ਨਹੀਂ ਦਿੰਦੇ, ਜਿਹੜੇ ਖੁਦ ਆਪਣੇ ਬੱਚਿਆਂ ਨਾਲ ਮਰਯਾਦਾ ਵਿੱਚ ਰਹਿਕੇ ਵਿਚਰਦੇ ਹਨ ਤੇ ਬੱਚਿਆਂ ਨੂੰ ਵੀ ਮਰਯਾਦਾ ਵਿੱਚ ਰੱਖਣ ਦਾ ਯਤਨ ਕਰਦੇ ਹਨ। ਜ਼ਮਾਨੇ ਅਨੁਸਾਰ ਚੱਲਣਾ ਕੋਈ ਮਾੜੀ ਗੱਲ ਨਹੀਂ। ਬੱਚਿਆਂ ਉੱਤੇ ਜ਼ਿਆਦਾ ਦਬਾਅ ਪਾਉਣਾ ਮਾੜੀ ਗੱਲ ਹੈ ਪਰ ਬੱਚਿਆਂ ਨੂੰ ਐਨੀ ਜ਼ਿਆਦਾ ਖੁੱਲ੍ਹ ਦੇ ਦੇਣੀ ਕਿ ਉਨ੍ਹਾਂ ਨੂੰ ਬੋਲਣਾ ਭੁੱਲ ਜਾਵੇ, ਉਨ੍ਹਾਂ ਨੂੰ ਮਾਪਿਆਂ ਦੇ ਆਦਰ ਸਤਿਕਾਰ ਦੀ ਅਹਿਮੀਅਤ ਦਾ ਪਤਾ ਨਾ ਰਹੇ, ਇਹੋ ਜਿਹੀ ਖੁੱਲ੍ਹ ਦੀ ਸਾਡੇ ਦੇਸ਼ ਦਾ ਸੱਭਿਆਚਾਰ ਇਜਾਜ਼ਤ ਨਹੀਂ ਦਿੰਦਾ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਮਾਡਰਨ ਹੋਣ ਦੇ ਨਾਂ ‘ਤੇ ਮਾਣ ਮਰਯਾਦਾ ਤੋਂ ਦੂਰ ਲੈ ਜਾਂਦੇ ਹਨ, ਉਨ੍ਹਾਂ ਨੂੰ ਇੱਕ ਨਾ ਇੱਕ ਦਿਨ ਪਛਤਾਉਣਾ ਜ਼ਰੂਰ ਪੈਂਦਾ ਹੈ।