Saturday, November 23, 2024
9.4 C
Vancouver

ਅਣਗਿਣਤ ਜਾਨਾਂ ਦੇ ਕਾਤਲ ਬਣ ਰਹੇ ਹਨ ਮਿਲਾਵਟਖੋਰ

 

ਲਿਖਤ : ਸੰਜੀਵ ਸਿੰਘ ਸੈਣੀ

ਸੰਪਰਕ : 78889 – 66168

ਜਿਸ ਕੋਲ ਸਮਝ ਹੁੰਦੀ ਹੈ, ਉਸ ਨੂੰ ਆਪਣੇ ਚੰਗੇ-ਮਾੜੇ ਦਾ ਪਤਾ ਹੁੰਦਾ ਹੈ। ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਸੀਮਤ ਸਾਧਨ ਸਨ, ਲੋਕਾਂ ਵਿੱਚ ਆਪਸੀ ਪਿਆਰ ਸੀ। ਮਿਲਾਵਟ ਬਿਲਕੁਲ ਹੀ ਨਹੀਂ ਸੀ। ਕਹਿਣ ਦਾ ਭਾਵ ਹੈ ਕਿ ਹਵਾ, ਪਾਣੀ, ਕੋਈ ਵੀ ਖਾਣ ਵਾਲੀ ਚੀਜ਼ ਸ਼ੁੱਧ ਮਿਲ ਜਾਂਦੀ ਸੀ। ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਮਿਲਾਵਟ ਕੀ ਹੁੰਦੀ ਹੈ? ਜੋ ਪਰਿਵਾਰ ਉਸ ਸਮੇਂ ਦੁੱਧ ਵੇਚਦੇ ਸਨ, ਉਹ ਸਾਫ਼ ਸੁਥਰਾ ਸ਼ੁੱਧ ਦੁੱਧ ਵੇਚਦੇ ਸਨ। ਜੇ ਕੋਈ ਦੁੱਧ ਵਿੱਚ ਪਾਣੀ ਵੀ ਪਾਉਣਾ ਚਾਹੁੰਦਾ ਸੀ, ਉਹ ਵੀ ਘਰ ਦਾ ਸ਼ੁੱਧ ਪਾਣੀ ਪਾ ਕੇ ਹੀ ਦੁੱਧ ਵੇਚਦੇ ਸਨ। ਪਰ ਅੱਜ ਦੇ ਸਮੇਂ ਵਿੱਚ ਮਿਲਾਵਟ ਦਾ ਬਹੁਤ ਜ਼ਿਆਦਾ ਦਬਦਬਾ ਹੈ। ਜੋ ਕੰਮ ਕਰਨ ਲਈ ਪਰਮਾਤਮਾ ਨੇ ਇਨਸਾਨ ਨੂੰ ਧਰਤੀ ‘ਤੇ ਭੇਜਿਆ ਸੀ, ਅੱਜ ਦਾ ਇਨਸਾਨ ਆਪਣੇ ਨਿੱਜੀ ਸਵਾਰਥਾਂ ਖਾਤਿਰ ਉਸ ਤੋਂ ਉਲਟ ਕਰ ਰਿਹਾ ਹੈ। ਮਿਲਾਵਟ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਗੋਰਖ ਧੰਦੇ ਨੇ ਪਤਾ ਨਹੀਂ ਕਿੰਨੇ ਹੀ ਇਨਸਾਨਾਂ ਦੀ ਜਾਨ ਲੈ ਲਈ ਹੈ। ਕੋਈ ਵੀ ਖਾਣ-ਪੀਣ ਦੀ ਚੀਜ਼ ਲੈ ਲਵੋ, ਅੱਜ ਦੇ ਸਮੇਂ ਉਹ ਸ਼ੁੱਧ ਨਹੀਂ ਹੈ। ਚਾਹੇ ਉਹ ਦੁੱਧ ਲੈ ਲਓ, ਦੇਸੀ ਘਿਉ ਲੈ ਲਵੋ, ਮਿਠਾਈਆਂ ਲੈ ਲਵੋ ਜਾਂ ਦਵਾਈਆਂ ਲੈ ਲਵੋ, ਹਰ ਚੀਜ਼ ਮਿਲਾਵਟ ਨਾਲ ਬਾਜ਼ਾਰ ਵਿੱਚ ਵਿਕ ਰਹੀ ਹੈ। ਨਾਮੀ ਕੰਪਨੀਆਂ ਦੇ ਮਾਰਕਾ ਲਗਾ ਕੇ ਕਈ ਵਾਰ ਬੰਦ ਡੱਬਿਆਂ ਵਿੱਚ ਮਿਲਾਵਟ ਬਹੁਤ ਜ਼ਿਆਦਾ ਦੇਖੀ ਜਾ ਸਕਦੀ ਹੈ। ਕਹਿਣ ਦਾ ਭਾਵ ਹੈ ਕਿ ਅੱਜ ਦਾ ਇਨਸਾਨ ਨਿਰਾ ਜ਼ਹਿਰ ਖਾ ਰਿਹਾ ਹੈ।

ਹਾਲ ਹੀ ਵਿੱਚ ਵਿਸ਼ਵ ਸੰਗਠਨ ਦੀ ਨਸ਼ਰ ਹੋਈ ਰਿਪੋਰਟ ਮੁਤਾਬਕ 60 ਕਰੋੜ ਲੀਟਰ ਤੋਂ ਵੱਧ ਭਾਰਤ ਵਿੱਚ ਦੁੱਧ ਦੀ ਵਿਕਰੀ ਹੁੰਦੀ ਹੈ। ਜਿਸ ਵਿੱਚ 45 ਕਰੋੜ ਲੀਟਰ ਤੋਂ ਜ਼ਿਆਦਾ ਮਿਲਾਵਟੀ ਹੁੰਦਾ ਹੈ। ਸਭ ਤੋਂ ਮਿਲਾਵਟੀ ਦੁੱਧ ਦੇ ਮਾਮਲੇ ਉੱਤਰ ਪ੍ਰਦੇਸ਼ ਵਿੱਚ ਫੜੇ ਗਏ ਹਨ। ਦੁੱਧ ਤੋਂ ਬਣਿਆ ਪਨੀਰ, ਦਹੀਂ, ਖੋਆ, ਬਿਸਕੁਟ ਦੇ ਜਦੋਂ ਸੈਂਪਲ ਭਰੇ ਗਏ ਤਾਂ ਸਾਰੇ ਹੀ ਮਿਲਾਵਟੀ ਦੁੱਧ ਨਾਲ ਬਣੇ ਪਾਏ ਗਏ। ਉੱਧਰ ਵਿਸ਼ਵ ਸੰਗਠਨ ਨੇ ਭਾਰਤ ਸਰਕਾਰ ਨੂੰ ਚਿਤਾਵਣੀ ਵੀ ਦੇ ਦਿੱਤੀ ਹੈ ਕਿ ਜੇ ਮਿਲਾਵਟੀ ਦੁੱਧ ਦਾ ਕਾਰੋਬਾਰ ਨਾ ਰੋਕਿਆ ਗਿਆ ਤਾਂ ਭਾਰਤ ਜਲਦੀ ਹੀ ਨਾ ਮੁਰਾਦ ਬਿਮਾਰੀ ਕੈਂਸਰ ਦਾ ਸ਼ਿਕਾਰ ਹੋ ਜਾਵੇਗਾ। ਹਾਲਾਂਕਿ ਉੱਤਰ ਪ੍ਰਦੇਸ਼ ਵਿੱਚ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਹਰ ਸੂਬੇ ਵਿੱਚ ਮਿਲਾਵਟ ਦਾ ਬੋਲਬਾਲਾ ਹੈ, ਚਾਹੇ ਉਹ ਕੇਰਲ, ਤਮਿਲਨਾਡੂ, ਪੰਜਾਬ, ਹਿਮਾਚਲ ਪ੍ਰਦੇਸ਼ ਹਰਿਆਣਾ ਜਾਂ ਰਾਜਸਥਾਨ ਕਿਉਂ ਨਾ ਹੋਵੇ। ਹਰ ਸੂਬੇ ਵਿੱਚ ਮਿਲਾਵਟ ਸਿਖਰਾਂ ‘ਤੇ ਹੈ। ਦੁਧਾਰੂ ਪਸ਼ੂਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।

ਮਾਹਿਰਾਂ ਮੁਤਾਬਕ ਜੋ ਮਿਲਾਵਟ ਵਾਲਾ ਦੁੱਧ ਹੁੰਦਾ ਹੈ ਉਹ ਲਿਵਰ, ਪੇਟ ਦੀਆਂ ਅੰਤੜੀਆਂ ਵਿੱਚ ਹੌਲੀ ਹੌਲੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਘਾਤਕ ਬਿਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨ। ਬੱਚਿਆਂ ਦਾ ਸਰੀਰਿਕ ਵਿਕਾਸ ਰੁਕਣਾ ਸ਼ੁਰੂ ਹੋ ਜਾਂਦਾ ਹੈ। ਸਮੇਂ ਤੋਂ ਪਹਿਲਾਂ ਕੁੜੀਆਂ ਵਿੱਚ ਮਹੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰਤਾਂ ਵਿੱਚ ਜਲਦੀ ਹੀ ਮਹੀਨਾ ਆਉਣਾ ਬੰਦ ਵੀ ਹੋ ਜਾਂਦਾ ਹੈ। ਔਰਤਾਂ ਵਿੱਚ ਹਾਰਮੋਨ ਅਸੰਤੁਲਿਤ ਹੋਣੇ ਸ਼ੁਰੂ ਹੋ ਜਾਂਦੇ ਹਨ।

ਅੱਜ ਇਨਸਾਨ ਅਨੇਕਾਂ ਹੀ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ। ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਛੋਟੀ ਉਮਰ ਵਿੱਚ ਹੀ ਕਈ ਬੱਚੇ ਅਨੇਕਾਂ ਨਾਮੁਰਾਦ ਬਿਮਾਰੀਆਂ ਨਾਲ ਪੀੜਿਤ ਹਨ। ਜੇ ਅਸੀਂ ਸਾਫ਼ ਸੁਥਰਾ ਤੇ ਵਧੀਆ ਖਾਣਾ ਖਾਵਾਂਗੇ ਤਾਂ ਹੀ ਤੰਦਰੁਸਤ ਰਹਿ ਸਕਦੇ ਹਾਂ। ਜੇ ਤੰਦਰੁਸਤ ਰਹਾਂਗੇ ਤਾਂ ਹੀ ਅਸੀਂ ਆਪਣੇ ਕੰਮ ਕਾਜ ਕਰ ਸਕਾਂਗੇ। ਮਿਲਾਵਟੀ ਚੀਜ਼ਾਂ ਖਾਣ ਨਾਲ ਤਾਂ ਹਰ ਰੋਜ਼ ਕਿਸੇ ਨਾ ਕਿਸੇ ਬਿਮਾਰੀ ਕਾਰਨ ਪੀੜਤ ਰਹਾਂਗੇ। ਹਰ ਰੋਜ਼ ਡਾਕਟਰ ਜਾਂ ਮੈਡੀਕਲ ਲੈਬ ਦੇ ਚੱਕਰ ਹੀ ਲਗਾਉਂਦੇ ਰਹਾਂਗੇ। ਪਰ ਅੱਜ ਦੇ ਸਮੇਂ ਵਿੱਚ ਮਿਲਾਵਟ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਮੈਡੀਕਲ ਸਟੋਰਾਂ ਤੇ ਨਕਲੀ ਦਵਾਈਆਂ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਪਤਾ ਨਹੀਂ ਕਿੰਨੀਆਂ ਹੀ ਕੰਪਨੀਆਂ ਇੱਕ ਤਰ੍ਹਾਂ ਦੀ ਦਵਾਈਆਂ ਬਣਾ ਕੇ ਬਾਜ਼ਾਰ ਵਿੱਚ ਉਤਾਰ ਦਿੰਦੀਆਂ ਹਨ। ਬੇਈਮਾਨੀ ਤੇ ਪੈਸੇ ਦੇ ਲਾਲਚੀ ਲੋਕਾਂ ਵੱਲੋਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਆਮ ਤੌਰ ‘ਤੇ ਸਿਹਤ ਵਿਭਾਗ ਤਿਉਹਾਰਾਂ ਦੇ ਸੀਜ਼ਨ ਵਿੱਚ ਹੀ ਸਰਗਰਮ ਹੁੰਦਾ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਨਕਲੀ ਮਿਠਿਆਈਆਂ, ਖੋਆ ਕੁਇੰਟਲਾਂ ਦੇ ਹਿਸਾਬ ਨਾਲ ਫੜਿਆ ਜਾਂਦਾ ਹੈ। ਹਰ ਰੋਜ਼ ਸਿਹਤ ਮਹਿਕਮਾ ਟੀਮਾਂ ਬਣਾਕੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿੱਚ ਭੇਜਦਾ ਹੈ। ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਜਾਂਦੇ ਹਨ। ਇਹ ਜ਼ਿਆਦਾਤਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੀ ਹੁੰਦਾ ਹੈ। ਹਰ ਸ਼ਹਿਰ ਵਿੱਚ ਸ਼ਾਮ ਨੂੰ ਕਈ ਜਗ੍ਹਾ ‘ਤੇ ਜੰਕ ਫੂਡ ਦੀਆਂ ਰੇਹੜੀਆਂ ਲੱਗਦੀਆਂ ਹਨ। ਇਹ ਰੇਹੜੀਆਂ ਵਾਲੇ ਨਕਲੀ ਰਿਫਾਇੰਡ ਦੀ ਮਦਦ ਨਾਲ ਤਰ੍ਹਾਂ ਤਰ੍ਹਾਂ ਦੇ ਜੰਕ ਫੂਡ ਲੋਕਾਂ ਨੂੰ ਪਰੋਸ ਰਹੇ ਹਨ। ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਫਿਰ ਉਨ੍ਹਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਹੁੰਦੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਖਾਣ-ਪੀਣ ਦੇ ਸ਼ੌਕੀਨ ਤਾਂ ਹਰ ਰੋਜ਼ ਹੀ ਕੁਝ ਨਾ ਕੁਝ ਖਾਣ ਪੀਣ ਵਾਲੀ ਵਸਤਾਂ ਦੁਕਾਨਾਂ ਮਿਠਾਈਆਂ ਦੀ ਦੁਕਾਨਾਂ ਤੋਂ ਲੈ ਕੇ ਖਾਂਦੇ ਹਨ। ਇਹ ਜਾਂਚ-ਪੜਤਾਲ ਸਿਰਫ਼ ਤਿਉਹਾਰਾਂ ਦੇ ਸੀਜ਼ਨ ਵਿੱਚ ਹੀ ਕਿਉਂ, ਸਾਰਾ ਸਾਲ ਕਿਉਂ ਨਹੀਂ ਕੀਤੀ ਜਾਂਦੀ?

ਜੋ ਪਿੰਡਾਂ ਵਿੱਚੋਂ ਦੁੱਧ ਲੈ ਕੇ ਦੋਧੀ ਸ਼ਹਿਰ ਵੱਲ ਜਾਂਦੇ ਹਨ, ਇਨ੍ਹਾਂ ਦੇ ਹਰ ਹਫਤੇ ਡੇਅਰੀ ਵਿਭਾਗ ਵੱਲੋਂ ਕੈਂਪ ਲਗਾ ਕੇ ਨਮੂਨੇ ਭਰਨੇ ਚਾਹੀਦੇ ਹਨ। ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਜੋ ਡੇਅਰਿਆਂ ਤੇ ਨਕਲੀ ਦੁੱਧ, ਖੋਆ, ਪਨੀਰ ਮਿਲਦਾ ਹੈ, ਉਸ ਦੀ ਵੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ।

ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਸੀ ਕਿ ਦਿੱਲੀ ਵਿਖੇ ਤਕਰੀਬਨ ਪਿਛਲੇ 20 ਸਾਲਾਂ ਤੋਂ ਬਿਨਾਂ ਦੁੱਧ ਤੋਂ ਵੱਖ ਵੱਖ ਰਸਾਇਣਕ ਤੱਤਾਂ, ਤੇ ਜਾਨਵਰਾਂ ਦੀ ਚਰਬੀ ਨਾਲ ਦੇਸੀ ਘਿਓ ਤਿਆਰ ਕਰਨ ਵਾਲੀ ਫੈਕਟਰੀ ‘ਤੇ ਛਾਪਾ ਮਾਰਿਆ ਗਿਆ। ਪਤਾ ਨਹੀਂ ਕਿੰਨੇ ਲੋਕਾਂ ਨੇ ਅਜਿਹਾ ਨਿਰਾ ਜ਼ਹਿਰ ਖਾਇਆ ਹੋਣਾ ਹੈ। ਆਮ ਤੌਰ ‘ਤੇ ਜੋ ਦੋਧੀ ਦੁੱਧ ਪਾਉਂਦੇ ਹਨ, ਉਹ ਵੀ ਤਰ੍ਹਾਂ ਤਰ੍ਹਾਂ ਦੇ ਪਾਊਡਰ ਮਿਲਾ ਕੇ ਦੁੱਧ ਵੇਚ ਰਹੇ ਹਨ। ਐੱਫਐੱਸਐੱਸਏਆਈ ਦੀ ਰਿਪੋਰਟ ਮੁਤਾਬਕ ਖ਼ੁਲਾਸਾ ਹੋਇਆ ਹੈ ਕਿ ਦੁੱਧ ਵਿੱਚ ਅਰਾਰੋਟ, ਰੰਗ, ਮਿਲਕ ਪਾਊਡਰ, ਗੁਲੂਕੋਜ਼, ਕੱਪੜੇ ਢੋਣ ਵਾਲਾ ਪਾਊਡਰ ਮਿਲਾਇਆ ਜਾਂਦਾ ਹੈ। ਸੁਣਨ ਵਿੱਚ ਆਉਂਦਾ ਹੈ ਕਿ ਨਕਲੀ ਦੁੱਧ ਵਿੱਚ ਵਾਸ਼ਿੰਗ ਪਾਊਡਰ ਤੇ ਹੋਰ ਜ਼ਹਿਰੀਲੇ ਤੱਤ ਮਿਲਾ ਕੇ ਉਸ ਨੂੰ ਪਰੋਸਿਆ ਜਾ ਰਿਹਾ ਹੈ। ਮਠਿਆਈ ਖਾਣ ਦਾ ਤਾਂ ਅੱਜਕਲ ਬਿਲਕੁਲ ਵੀ ਧਰਮ ਨਹੀਂ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਤਰ੍ਹਾਂ-ਤਰ੍ਹਾਂ ਦੇ ਮਠਿਆਈਆਂ ਵਿੱਚ ਰੰਗ ਲਗਾ ਕੇ ਨਕਲੀ ਮਠਿਆਈਆਂ ਨਾਲ ਦੁਕਾਨਾਂ ਸਜ ਜਾਂਦੀਆਂ ਹਨ। ਮਿਲਾਵਟੀ ਚੀਜ਼ਾਂ ਖਾਣ ਨਾਲ ਅੱਜ ਲੋਕ ਕੈਂਸਰ, ਬਲੱਡ ਪ੍ਰੈੱਸ਼ਰ, ਦਮਾ, ਸ਼ੂਗਰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮੁਨਾਫ਼ਾਖੋਰਾਂ ਤੇ ਸਰਕਾਰ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਅਜਿਹੇ ਲੋਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਹੋਰਾਂ ਨੂੰ ਵੀ ਕੰਨ ਹੋ ਜਾਣ।