ਓਹ ਰੂਬਰੂ ਹੈਂ ਫੇਰ ਵੀ ਉਸਦੀ ਉਡੀਕ ਹੈ।
ਕਿੱਦਾਂ ਦੀ ਪਿਆਸ ਹੈ ਇਹ ਤੇ ਕੈਸੀ ਉਡੀਕ ਹੈ।
ਦਿੱਤਾ ਮੈਂ ਇਮਤਿਹਾਨ ਮੁਹੱਬਤ ਦਾ ਇਸ ਤਰ੍ਹਾਂ,
ਆਉਣਾ ਨਹੀਂ ਹੈ ਓਸ ਨੇ, ਤਾਂ ਵੀ ਉਡੀਕ ਹੈ।
ਸਹਿਰਾ ਉਡੀਕਦਾ ਜਿਵੇਂ ਬਰਸਾਤ ਹਰ ਘੜੀ,
ਐਦਾਂ ਮੈਂ ਉਸਦੇ ਆਉਣ ਦੀ ਕੀਤੀ ਉਡੀਕ ਹੈ।
ਸਰਦਲ ਤੇ ਬੈਠ ਕੇ ਹੀ ਲੰਘਾਈ ਹੈ ਉਮਰ ਮੈਂ,
ਮਰ ਕੇ ਵੀ ਰੂਹ ਨੂੰ ਓਸ ਦੀ ਰਹਿਣੀ ਉਡੀਕ ਹੈ।
ਜਿਸ ਰਾਹ ਤੇ ਮੇਰੇ ਖ਼ਾਬ ਦੀ ਤਾਬੀਰ ਕੈਦ ਸੀ,
ਉਸ ਰਾਹ ਨੂੰ ਮੇਰੀ ਪੈੜ ਦੀ ਅੱਜ ਵੀ ਉਡੀਕ ਹੈ।
ਬਨਵਾਸ ਰਾਮ ਨੂੰ ਮਿਲੇ ਮੰਗੇ ਅਹਿਲਿਆ,
ਸੁਰਜੀਤ ਮੁੜ ਕੇ ਹੋਣ ਦੀ ਕਰਦੀ ਉਡੀਕ ਹੈ।
ਅੰਬਰ ਅਤੇ ਜ਼ਮੀਨ ਮਿਲਣਗੇ ਕਿਸੇ ਸਮੇਂ,
ਬੇਸ਼ਕ ਇਹ ਇੱਕ ਫਰੇਬ ਹੈ, ਫਿਰ ਵੀ ਉਡੀਕ ਹੈ।
ਜ਼ਿੰਦਾ ਭਟਕ ਰਹੀ ਹਾਂ ਮੈਂ ਕਬਰਾਂ ਦੇ ਸ਼ਹਿਰ ਵਿੱਚ,
ਲੱਭਦੀ ਹਾਂ ਕਿਸ ਜ਼ਮੀਨ ਨੂੰ ਮੇਰੀ ਉਡੀਕ ਹੈ।
ਘੜੀਆਂ ਦਾ ਇੰਤਜ਼ਾਰ ਸੀ ਵਰ੍ਹਿਆਂ ‘ਚ ਢੱਲ ਗਿਆ,
ਮੁੱਕਦੀ ਨਹੀਂ ਹੈ ‘ਨੂਰ’, ਨਾ ਮੁੱਕਦੀ ਉਡੀਕ ਹੈ।
ਲਿਖਤ : ਜੋਗਿੰਦਰ ਨੂਰਮੀਤ