ਏਧਰ ਜੇ ਲੁਧਿਆਣਾ ਵਸਦਾ,ਓਧਰ ਵਸੇ ਲਾਹੌਰ।
ਅੱਜ ਵੀ ਚੇਤੇ ਆਉਂਦਾ ਸਾਨੂੰ ,ਲਾਇਲਪੁਰਾ ਪਿਸ਼ੋਰ।
ਵੰਡਣ ਵਾਲਿਓ ਕਾਹਤੋਂ ਵੰਡਗੇ ਸਾਡੇ ਗੁਰੂ ਪੀਰ।
ਚੜ੍ਹਦੇ ਲਹਿੰਦੇ ਪੰਜ ਆਬਾਂ ਦਾ ਵਿਰਸਾ ਬੜਾ ਅਮੀਰ।
ਮਹੀਵਾਲ ਲਈ ਕੱਚੇ ਘੜੇ ਤੇ ਉੱਤੇ ਸੋਹਣੀ ਤਰਗੀ।
ਸ਼ੀਰੀ ਤੇ ਫਰਿਆਦ ਨਾ ਗਾਥਾ ਸੱਸੀ ਪੁੰਨੂੰ ਵਰਗੀ।
ਵਾਰਿਸ਼ ਸ਼ਾਹ ਦੇ ਵਰਗੀ ਦੂਜੀ ਲਿਖ ਨਾ ਹੋਈ ਹੀਰ।
ਚੜ੍ਹਦੇ ਲਹਿੰਦੇ ਪੰਜ ਆਬਾਂ ਦਾ ਵਿਰਸਾ ਬੜਾ ਅਮੀਰ।
ਘੜਾ ਗੁਆਂਢਣ ਖੂਹੀ ਉੱਤੋਂ ਢਾਕ ਤੇ ਰੱਖਕੇ ਲਿਆਉਂਦੀ।
ਦਾਦੀ ਪੋਤੇ ਨੂੰ ਵਿਰਸੇ ਦੀਆਂ ਬਾਤਾਂ ਪਈ ਸਿਖਾਉਂਦੀ।
ਵਿੱਚ ਕਹਾਣੀਆਂ ਰਾਜੇ ਰਾਣੀਆਂ ਸ਼ਾਮਿਲ ਕੁਝ ਵਜ਼ੀਰ।
ਚੜ੍ਹਦੇ ਲਹਿੰਦੇ ਪੰਜ ਆਬਾਂ ਦਾ ਵਿਰਸਾ ਬੜਾ ਅਮੀਰ।
ਕਵੀਆਂ ਸ਼ਾਇਰਾਂ ਗਾਉਣ ਵਾਲਿਆਂ ਨੂੰ ਦਿੱਲੋਂ ਸਲਾਮ।
ਪਿਆਰ ਮੁਹੱਬਤਾਂ ਵਾਲ਼ਾ ਗਾ-ਗਾ ਵੰਡਦੇ ਜੋ ਪੈਗ਼ਾਮ।
ਮਿੱਠੇ ਮਿੱਠੇ ਬੋਲਾਂ ਅੰਦਰ ਘੁਲ਼ੀ ਏ ਸ਼ੱਕਰ ਖੀਰ।
ਚੜ੍ਹਦੇ ਲਹਿੰਦੇ ਪੰਜ ਆਬਾਂ ਦਾ ਵਿਰਸਾ ਬੜਾ ਅਮੀਰ।
ਮਿੱਠੜੀ ਬੋਲੀ ਇੱਕ ਦੂਜੇ ਨਾਲ਼ ਜੋੜੇ ਧਾਲੀਵਾਲਾ।
ਖੁਸ਼ੀਆਂ ਖੇੜਿਆਂ ਦੇ ਵਿੱਚ ਵਸਦਾ ਤੇਰਾ ਪਿੰਡ ਹੰਸਾਲਾ।
ਜੋਗੀ ਫੱਕਰ ਇਸ ਧਰਤੀ ਨੇ ਜਾਏ ਸੰਤ ਫਕੀਰ।
ਚੜ੍ਹਦੇ ਲਹਿੰਦੇ ਪੰਜ ਆਬਾਂ ਦਾ ਵਿਰਸਾ ਬੜਾ ਅਮੀਰ।
ਲਿਖਤ : ਧੰਨਾ ਧਾਲੀਵਾਲ, 9878235714