Sunday, November 24, 2024
9.6 C
Vancouver

ਵੈਨਕੂਵਰ ਵਿਚਾਰ ਮੰਚ ਵੱਲੋਂ ਬੇਬਾਕ ਸਾਹਿਤਕਾਰ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ

 

ਸਰੀ, (ਹਰਦਮ ਮਾਨ): ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ 93 ਸਾਲਾ ਬਜ਼ੁਰਗ ਸਾਹਿਤਕਾਰ ਅਤੇ ਬੇਬਾਕ ਸਮਾਜਿਕ, ਰਾਜਨੀਤਕ ਸ਼ਖ਼ਸੀਅਤ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਹਰਜੀਤ ਦੌਧਰੀਆ ਦੀ ਸਰੀਰਕ ਸਮੱਸਿਆ ਨੂੰ ਧਿਆਨ ਵਿਚ ਰਖਦਿਆਂ ਮੰਚ ਦੇ ਮੈਂਬਰ ਹਰਜੀਤ ਦੌਧਰੀਆ ਦੇ ਨਿਵਾਸ ਸਥਾਨ ‘ਤੇ ਗਏ।

ਰਸਮੀ ਮੇਲਜੋਲ ਤੋਂ ਬਾਅਦ ਹਰਜੀਤ ਦੌਧਰੀਆ ਬਾਰੇ ਬੋਲਦਿਆਂ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਦੌਧਰੀਆ ਸਾਹਿਤ ਅਤੇ ਰਾਜਨੀਤੀ ਨਾਲ ਪੂਰਨ ਤੌਰ ‘ਤੇ ਪ੍ਰਤੀਬੱਧ ਇਨਸਾਨ ਹੈ। ਅਡੋਲਤਾ, ਸਪੱਸ਼ਟਤਾ ਅਤੇ ਬੇਬਾਕੀ ਇਸ ਦੇ ਵਿਸ਼ੇਸ਼ ਗੁਣ ਹਨ। ਇਹ ਅੰਦਰੋਂ ਬਾਹਰੋਂ ਇਕਮਿਕ ਹੈ। ਹਰਜੀਤ ਦੌਧਰੀਆ ਨੇ ਮੰਚ ਮੈਂਬਰਾਂ ਦੀ ਆਮਦ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਫਿਰ ਆਪਣੇ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀ ਐੱਸ ਸੀ ਕਰਨ ਤੋਂ ਬਾਅਦ ਉਨ੍ਹਾਂ ਖੇਤੀਬਾੜੀ ਐਕਸਟੈਨਸ਼ਨ ਅਧਿਕਾਰੀ ਵਜੋਂ ਸਰਵਿਸ ਕੀਤੀ। ਫਿਰ ਨੌਕਰੀ ਛੱਡ ਕੇ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਚਲੇ ਗਏ ਅਤੇ ਪ੍ਰੀਤ ਨਗਰ ਦੇ ਫਾਰਮ ਵਿੱਚ ਖੇਤੀ ਕਰਨ ਲੱਗੇ। ਉੱਥੇ ਉਨ੍ਹਾਂ ਤਿੰਨ ਕੁ ਸਾਲ ਕੰਮ ਕੀਤਾ। ਪਰ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ ਵਿਚਾਰਾਂ ਦੇ ਮੱਤਭੇਦ ਹੋਣ ਕਾਰਨ ਉਨ੍ਹਾਂ 1962 ਵਿੱਚ ਪ੍ਰੀਤ ਨਗਰ ਛੱਡ ਦਿੱਤਾ। ਫਿਰ ਕੁਝ ਚਿਰ ਉਨ੍ਹਾਂ ਨੇ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਕੁਝ ਚਿਰ ਫਿਰੋਜ਼ਪੁਰ ਪੰਚਾਇਤੀ ਰਾਜ ਸਿਖਲਾਈ ਸੈਂਟਰ ਵਿਖੇ ਪ੍ਰਿੰਸੀਪਲ ਦੇ ਤੌਰ ‘ਤੇ ਕੰਮ ਕੀਤਾ। 1967 ਵਿੱਚ ਉਹ ਇੰਗਲੈਂਡ ਆ ਗਏ। ਉੱਥੇ ਉਨ੍ਹਾਂ ਨੇ ਫੋਰਡ ਮੋਟਰ ਕੰਪਨੀ ਵਿੱਚ 24 ਸਾਲ ਕੰਮ ਕੀਤਾ। ਰਿਟਾਇਰਮੈਂਟ ਤੋਂ ਬਾਅਦ ਉਹ 2000 ਵਿੱਚ ਕੈਨੇਡਾ ਆ ਗਏ।

ਆਪਣੇ ਸਾਹਿਤਕ ਕਾਰਜ ਬਾਰੇ ਉਨ੍ਹਾਂ ਦੱਸਿਆ ਕਿ ਇੰਗਲੈਂਡ ਆਉਣ ਤੋਂ ਬਾਅਦ ਉਨ੍ਹਾਂ ਨੇ ਲਿਖਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ‘ਸੱਚੇ ਮਾਰਗ ਚਲਦਿਆਂ’ 1977 ਵਿੱਚ ਛਪੀ। ਇੰਗਲੈਂਡ ਵਿਚ ਲਿਖਣ ਦੇ ਨਾਲ ਨਾਲ ਉਹ ਸਾਹਿਤਕ, ਸਿਆਸੀ ਅਤੇ ਟ੍ਰੇਡ ਯੂਨੀਅਨ ਨਾਲ ਸੰਬੰਧਤ ਜਥੇਬੰਦੀਆਂ ਵਿੱਚ ਵੀ ਹਿੱਸਾ ਲੈਂਦੇ ਸਨ। ਉਹ ‘ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ’ ਅਤੇ ‘ਪ੍ਰਗਤੀਸ਼ੀਲ ਲੇਖਕ ਸੰਘ ਗ੍ਰੇਟ ਬ੍ਰਿਟੇਨ’ ਦੇ ਸਰਗਰਮ ਮੈਂਬਰ ਰਹੇ ਹਨ। ਕੈਨੇਡਾ ਆ ਕੇ ਵੀ ਉਨ੍ਹਾਂ ਨੇ ਸਾਹਿਤ ਰਚਨਾ ਦੇ ਨਾਲ ਨਾਲ ਸਮਾਜਿਕ ਅਤੇ ਸਿਆਸੀ ਕਾਰਜ ਵੀ ਜਾਰੀ ਰੱਖਿਆ। ਉਹ ਪੰਜਾਬੀ ਲੇਖਕ ਮੰਚ ਵੈਨਕੂਵਰ ਅਤੇ ਫਰੇਜ਼ਰ ਵੈਲੀ ਪੀਸ ਕਮੇਟੀ ਦੇ ਮੈਂਬਰ ਹਨ। ਕਮਿਊਨਿਸਟ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਵਜੋਂ ਉਨ੍ਹਾਂ 2006 ਅਤੇ 2008 ਦੀਆਂ ਫੈਡਰਲ ਚੋਣਾਂ ਵਿੱਚ ਵੀ ਹਿੱਸਾ ਲਿਆ।

ਭਾਰਤ ਵਿਚਲੇ ਜਾਤ ਪਾਤ ਦੇ ਕੋਹੜ ਦੀ ਗੱਲ ਕਰਦਿਆਂ ਸ੍ਰੀ ਦੌਧਰੀਆ ਨੇ ਕਿਹਾ ਕਿ ਜਾਤ ਪਾਤ ਕਾਰਨ ਹਿੰਦੁਸਤਾਨ ਢਹਿੰਦੀਆਂ ਕਲਾਂ ਵਿਚ ਜਾ ਰਿਹਾ ਹੈ। ਉੱਥੇ ਸਮਾਜ ਵਿਚ ਇਹ ਜਾਤ ਪਾਤ ਇਸ ਕਦਰ ਭਾਰੂ ਹੈ ਕਿ ਜੇਕਰ ਕੁੜੀ ਜਾਂ ਮੁੰਡਾ ਦੂਜੀ ਜਾਤ ਵਿਚ ਵਿਆਹ ਕਰਵਾਉਣ ਦੀ ਗੱਲ ਕਰਦਾ ਹੈ ਤਾਂ ਘਰ ਵਿਚ ਤੂਫਾਨ ਆ ਜਾਂਦਾ ਹੈ। ਉੱਥੇ ਚੋਣਾਂ, ਨੌਕਰੀਆਂ ਵਿਚ ਵੀ ਜਾਤ ਪਾਤ ਦਾ ਬੋਲਬਾਲਾ ਹੈ। ਧਾਰਮਿਕ ਸਥਾਨਾਂ ‘ਤੇ ਵੀ ਜਾਤ ਪਾਤ ਪਰਖੀ ਜਾਂਦੀ ਹੈ। ਜਾਤ ਪਾਤ ਅਤੇ ਧਰਮ ਨੇ ਬੇੜਾ ਗਰਕ ਕੀਤਾ ਹੋਇਆ ਹੈ। ਜੇਕਰ ਭਾਰਤ ਦੇ ਲੋਕ ਜਾਤ ਪਾਤ ਛੱਡ ਕੇ ਇਨਸਾਨ ਬਣ ਜਾਣ ਤਾਂ ਭਾਰਤੀ ਸਮਾਜ ਦਾ ਪੱਧਰ ਦੁਨੀਆਂ ਦੇ ਹੋਰਨਾਂ ਮੁਲਕਾਂ ਦੇ ਬਰਾਬਰ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਲੇਖਕਾਂ ਅਤੇ ਸੂਝਵਾਨ ਲੋਕਾਂ ਨੂੰ ਇਹ ਕੋਸਸ਼ਿ ਕਰਨੀ ਚਾਹੀਦੀ ਹੈ ਕਿ ਇਹ ਮਸਲਾ ਹਰ ਸਭਾ, ਸੁਸਾਇਟੀ ਵਿਚ ਉਠਾਇਆ ਜਾਵੇ। ਇਸ ਮੌਕੇ ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ, ਗੁਰਮੇਲ ਸਿੰਘ ਰਾਏ, ਜਸਵਿੰਦਰ ਦਿਓਲ ਅਤੇ ਅਮਰਜੀਤ ਦੂਹੜਾ ਨੇ ਹਰਜੀਤ ਦੌਧਰੀਆ ਦੀ ਲੰਮੀ ਅਤੇ ਸਿਹਤਯਾਬ ਜ਼ਿੰਦਗੀ ਦੀ ਕਾਮਨਾ ਕੀਤੀ।