Saturday, November 23, 2024
9.5 C
Vancouver

ਕੈਨੇਡਾ ਦੀ ਮਹਿੰਗਾਈ ਦਰ ਜੁਲਾਈ ਮਹੀਨੇ ਘਟ ਕੇ 2.5% ‘ਤੇ ਪਹੁੰਚੀ

ਵਿਆਜ਼ ਦਰਾਂ ‘ਚ ਹੋਰ ਕਟੌਤੀ ਹੋਣ ਦੀ ਉਮੀਦ ਬਝੀ
ਔਟਵਾ (ਏਕਜੋਤ ਸਿੰਘ): ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਕਿ ਜੁਲਾਈ ਵਿਚ ਕੈਨੇਡਾ ਦੀ ਸਲਾਨਾ ਮਹਿੰਗਾਈ ਦਰ 2.5% ਦਰਜ ਹੋਈ ਹੈ। ਜੂਨ ਵਿਚ ਇਹ ਦਰ 2.7% ਸੀ। ਅੰਕੜਾ ਏਜੰਸੀ ਅਨੁਸਾਰ ਮਾਰਚ 2021 ਤੋਂ ਬਾਅਦ ਇਹ ਮਹਿੰਗਾਈ ਦਰ ਦਾ ਸਭ ਤੋਂ ਹੇਠਲਾ ਪੱਧਰ ਹੈ। ਪਿਛਲੇ ਸਾਲ ਕੋਵਿਡ-19 ਦੀਆਂ ਪਾਬੰਦੀਆਂ ਤੋਂ ਮੁਕਤ ਪਹਿਲੀਆਂ ਗਰਮੀਆਂ ਸਨ ਜਿਸ ਕਰਕੇ ਹਵਾਈ ਟਿਕਟਾਂ ਅਤੇ ਹੋਟਲਾਂ ਦੇ ਕਿਰਾਏ ਕਾਫ਼ੀ ਉੱਪਰ ਦਰਜ ਹੋਏ ਸਨ, ਪਰ ਉਸਦੀ ਤੁਲਨਾ ਵਿਚ ਐਦਕੀਂ ਟ੍ਰੈਵਲ ਸਬੰਧੀ ਕੀਮਤਾਂ ਘੱਟ ਦਰਜ ਹੋਈਆਂ।
ਗੱਡੀਆਂ ਅਤੇ ਬਿਜਲੀ ਦੀਆਂ ਕੀਮਤਾਂ ਵਿਚ ਵੀ ਸਾਲ-ਦਰ-ਸਾਲ ਪੱਧਰ ‘ਤੇ ਗਿਰਾਵਟ ਦਰਜ ਕੀਤੀ ਗਈ। ਗ੍ਰੋਸਰੀ ਦੀਆਂ ਕੀਮਤਾਂ 2.1% ਵਧੀਆਂ ਜਦਕਿ ਰਿਹਾਇਸ਼ ਦੀਆਂ ਲਾਗਤਾਂ ਵਿਚ 5.7% ਵਾਧਾ ਹੋਇਆ।
ਕਿਰਾਏ ਦੀਆਂ ਲਾਗਤਾਂ ਪਿਛਲੇ ਸਾਲ ਦੇ ਮੁਕਾਬਲੇ 8.5 ਪ੍ਰਤੀਸ਼ਤ ਵਧੀਆਂ ਹਨ, ਜਦ ਕਿ ਮੌਰਗੇਜ ਵਿਆਜ ਲਾਗਤਾਂ 21 ਪ੍ਰਤੀਸ਼ਤ ਵਧੇਰੇ ਦਰਜ ਹੋਈਆਂ। ਕੁੱਲ ਮਿਲਾ ਕੇ ਕੈਨੇਡਾ ਵਿੱਚ ਮਹਿੰਗਾਈ ਦਾ ਦਬਾਅ ਇਸ ਸਾਲ ਲਗਾਤਾਰ ਘਟਿਆ ਹੈ ਅਤੇ ਜਨਵਰੀ ਤੋਂ ਸਾਲਾਨਾ ਮਹਿੰਗਾਈ ਦਰ 3 ਫੀਸਦੀ ਤੋਂ ਹੇਠਾਂ ਦਰਜ ਕੀਤੀ ਜਾ ਰਹੀ ਹੈ।
ਬੈਂਕ ਔਫ਼ ਕੈਨੇਡਾ ਇਸ ਪ੍ਰਗਤੀ ਤੋਂ ਸੰਤੁਸ਼ਟ ਹੈ ਅਤੇ ਉਸਨੇ ਆਪਣੀਆਂ ਪਿਛਲੀਆਂ ਦੋ ਮੀਟਿੰਗਾਂ ਵਿੱਚ ਆਪਣੀ ਮੁੱਖ ਵਿਆਜ ਦਰ ਵਿਚ ਕਟੌਤੀ ਕੀਤੀ ਹੈ।
ਬੈਂਕ ਦੇ ਗਵਰਨਰ ਟਿਫ਼ ਮੈਕਲਮ ਸੰਕੇਤ ਦੇ ਚੁੱਕੇ ਹਨ ਕਿ ਜਿੰਨਾ ਚਿਰ ਮਹਿੰਗਾਈ ਦਰ ਹੇਠਾਂ ਵੱਲ ਜਾਂਦੀ ਰਹੇਗੀ, ਵਿਆਜ ਦਰਾਂ ਵਿਚ ਹੋਰ ਕਟੌਤੀ ਕੀਤੀ ਜਾ ਸਕਦੀ ਹੈ। ਬੈਂਕ ਔਫ਼ ਕੈਨੇਡਾ ਦੀ ਮੌਜੂਦਾ ਵਿਆਜ ਦਰ 4.5% ਹੈ। ਟੀਡੀ ਬੈਂਕ ਦੇ ਸੀਨੀਅਰ ਅਰਥਸ਼ਾਸਤਰੀ ਜੇਮਜ਼ ਓਰਲੈਂਡੋ ਨੇ ਕਿਹਾ ਕਿ ਅਗਲੀ ਮੀਟਿੰਗ ਵਿਚ ਬੈਂਕ ਔਫ਼ ਕੈਨੇਡਾ ਵੱਲੋਂ ਹੋਰ 25 ਅੰਕਾਂ ਦੀ ਕਟੌਤੀ ਕਰਨ, ਯਾਨੀ ਵਿਆਜ ਦਰ 4.25% ‘ਤੇ ਆਉਣ,ਦੀ ਪੂਰੀ ਪੂਰੀ ਸੰਭਾਵਨਾ ਹੈ। ਬੈਂਕ ਔਫ਼ ਕੈਨੇਡਾ ਵਿਆਜ ਦਰਾਂ ਦੇ ਫ਼ੈਸਲੇ ਬਾਰੇ 4 ਸਤੰਬਰ ਨੂੰ ਐਲਾਨ ਕਰੇਗਾ।