ਵਾਸ਼ਿੰਗਟਨ : ਅਮਰੀਕਾ ਵਿੱਚ ਕੈਨੇਡਾ ਦੀ ਰਾਜਦੂਤ ਅਨੁਸਾਰ, ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਕੈਨੇਡਾ ਲਈ ਇੱਕ “ਚੰਗੀ ਮਿੱਤਰ” ਬਣੇਗੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਨ੍ਹਾਂ ਦੇ ਬਹੁਤ ਵਧੀਆ ਸਬੰਧ ਹਨ। ਕੈਨੇਡਾ ਦੀ ਰਾਜਦੂਤ ਕਿਰਸਟਨ ਹਿਲਮੈਨ ਨੇ ਇਹ ਟਿੱਪਣੀ ਸ਼ਿਕਾਗੋ ਵਿਚ ਚਲ ਰਹੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਮੌਕੇ ਕੀਤੀ, ਜਿੱਥੇ ਕਿ ਕਮਲਾ ਹੈਰਿਸ ਨੂੰ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਜਾਣਾ ਹੈ।
ਹਿਲਮੈਨ ਨੇ ਕਿਹਾ ਕਿ, ਕਮਲਾ ਹੈਰਿਸ ਕੈਨੇਡਾ ਦੇ ਤਜਰਬੇ ਕਾਰਨ ਕੈਨੇਡਾ ਪ੍ਰਤੀ ਚੰਗੀ ਮਿੱਤਰ ਬਣੇਗੀ ।
ਕਿਰਸਟਨ ਹਿਲਮੈਨ ਨੇ ਕਿਹਾ ਉਹ ਕੈਨੇਡਾ ਲਈ ਨਰਮ ਰੁਖ ਰੱਖਦੀ ਹੈ ਕਿਉਂਕਿ ਉਹ ਕੈਲੀਫੋਰਨੀਆ ਤੋਂ ਹੈ, ਅਤੇ ਕੈਲੀਫੋਰਨੀਆ ਦਾ ਕੈਨੇਡਾ ਨਾਲ ਬਹੁਤ ਮਜ਼ਬੂਤ ਰਿਸ਼ਤਾ ਹੈ, ਪਰ ਕਈ ਹੋਰ ਪੱਖਾਂ ਤੋਂ, ਸਾਡੀ ਉਸ ਨਾਲ ਕੁਝ ਵਿਚਾਰਧਾਰਕ ਸਮਾਨਤਾਵਾਂ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਹੈਰਿਸ 12 ਸਾਲਾਂ ਦੀ ਸੀ, ਤਾਂ ਉਹ ਅਤੇ ਉਸਦੀ ਭੈਣ ਆਪਣੀ ਮਾਂ ਨਾਲ ਕੈਲੀਫੋਰਨੀਆ ਤੋਂ ਮੌਂਟਰੀਅਲ ਆ ਗਏ ਸਨ, ਜਿੱਥੇ ਹੈਰਿਸ ਦੀ ਮਾਂ ਨੂੰ ਮੈਕਗਿਲ ਯੂਨੀਵਰਸਿਟੀ ਵਿੱਚ ਪੜ੍ਹਾਉਣ ਅਤੇ ਜੂਇਸ਼ ਜਨਰਲ ਹਸਪਤਾਲ ਵਿੱਚ ਖੋਜ ਕਰਨ ਦੀ ਨੌਕਰੀ ਮਿਲੀ ਸੀ।
ਹੈਰਿਸ ਪੰਜ ਸਾਲ ਮੌਂਟਰੀਅਲ ਵਿਚ ਰਹੀ ਅਤੇ 1981 ਵਿੱਚ ਵੈਸਟਮਾਉਂਟ ਹਾਈ ਸਕੂਲ ਤੋਂ ਗ੍ਰੈਜੂਏਟ ਹੋਈ। ਹਿਲਮੈਨ ਨੇ ਉਦਾਹਰਨ ਵਜੋਂ ਹੈਰਿਸ ਦੇ ਜਲਵਾਯੂ ਤਬਦੀਲੀ ਨਾਲ ਲੜਨ ਦੇ ਜਨੂੰਨ ਦਾ ਹਵਾਲਾ ਦਿੱਤਾ, ਅਤੇ ਉਸਨੂੰ ਉਹ ਟਰੂਡੋ ਨਾਲ ਸਮਾਨਤਾ ਵੱਜੋਂ ਦਰਸਾਉਂਦਿਆਂ ਕਿਹਾ ਕਿ ਇਸ ਸਾਂਝੇ ਆਧਾਰ ਨੇ ਹੈਰਿਸ ਪ੍ਰਤੀ ਕੈਨੇਡਾ ਦੀ ਇੱਕ ਖਾਸ ਨੇੜ੍ਹਤਾ ਮਹਿਸੂਸ ਕਰਵਾਈ ਹੈ। ਹਿਲਮੈਨ ਨੇ ਕਿਹਾ ਕਿ ਹੈਰਿਸ ਦਾ ਪ੍ਰਧਾਨ ਮੰਤਰੀ ਨਾਲ ਬਹੁਤ ਵਧੀਆ ਰਿਸ਼ਤਾ ਹੈ, ਅਤੇ ਕਿਹਾ ਕਿ ਜਦੋਂ ਵੀ ਇਹ ਦੋਵੇਂ ਮਿਲਦੇ ਹਨ ਉਹ ਸਿੱਧਾ ਨੀਤੀਆਂ ਬਾਰੇ ਗੱਲ ਕਰਦੇ ਹਨ।