Saturday, November 23, 2024
9.5 C
Vancouver

ਇਟਲੀ ਵਿੱਚ ਡੁੱਬੀ ਇੱਕ ਲਗਜ਼ਰੀ ਕਿਸ਼ਤੀ ‘ਚ ਕੈਨੇਡੀਅਨ ਨਾਗਰਿਕ ਦੀ ਮੌਤ

ਇਟਲੀ : ਬੀਤੇ ਦਿਨੀਂ ਤੜਕੇ ਇਟਲੀ ਦੇ ਸਿਸਿਲੀ ਟਾਪੂ ਦੇ ਤੱਟ ‘ਤੇ ਇੱਕ ਲਗਜ਼ਰੀ ਸੁਪਰਯਾਟ (ਕਿਸ਼ਤੀ) ਦੇ ਅਚਾਨਕ ਤੇਜ਼ ਤੂਫਾਨ ਦੀ ਲਪੇਟ ਵਿਚ ਆਕੇ ਪਲਟਣ ਕਾਰਨ ਇਕ ਕੈਨੇਡੀਅਨ ਵਿਅਕਤੀ ਦੀ ਮੌਤ ਹੋ ਗਈ।
ਇਟਲੀ ਦੇ ਕੋਸਟ ਗਾਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਬ੍ਰਿਟਿਸ਼ ਝੰਡੇ ਵਾਲੀ ਇਹ 56 ਮੀਟਰ ਲੰਬੀ ਲਗਜ਼ਰੀ ਸਮੁੰਦਰੀ ਕਿਸ਼ਤੀ, 22 ਲੋਕਾਂ ਨੂੰ ਲੈ ਕੇ ਜਾ ਰਹੀ ਸੀ ਅਤੇ ਜਿਸ ਸਮੇਂ ਇਹ ਤੂਫ਼ਾਨ ਦੀ ਮਾਰ ਹੇਠ ਆਈ ਉਦੋਂ ਇਹ ਪੋਰਟੀਸੇਲੋ ਦੀ ਬੰਦਰਗਾਹ ਦੇ ਨੇੜੇ ਸਮੁੰਦਰੀ ਕੰਢੇ ‘ਤੇ ਐਂਕਰ ਕੀਤੀ ਗਈ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਥੋੜ੍ਹੀ ਦੇਰ ਵਿਚ ਹੀ ਇਹ ਸੁਪਰਯਾਟ ਸਮੁੰਦਰੀ ਲਹਿਰਾਂ ਦੇ ਹੇਠਾਂ ਤੇਜ਼ੀ ਨਾਲ ਗਾਇਬ ਹੋ ਗਿਆ। ਇਸ ਦੇ ਪਾਣੀ ਹੇਠਾਂ ਜਾਣ ਤੋਂ ਪਹਿਲਾਂ 15 ਲੋਕ ਇਸ ਚੋਂ ਨਿਕਲ ਗਏ ਸਨ, ਜਿਨ੍ਹਾਂ ਵਿੱਚ 1 ਸਾਲ ਦੀ ਬੱਚੀ ਵੀ ਸ਼ਾਮਲ ਸੀ।
ਪਲੇਰਮੋ ਪੋਰਟ ਅਥਾਰਟੀ ਨੇ ਕਿਹਾ ਕਿ ਅਧਿਕਾਰੀਆਂ ਨੇ ਬਾਅਦ ਵਿੱਚ ਕੈਨੇਡੀਅਨ ਮੂਲ ਦੇ ਥਾਮਸ ਰੀਕਾਲਡੋ ਦੀ ਲਾਸ਼ ਬਰਾਮਦ ਕੀਤੀ, ਜੋ ਐਂਟੀਗੁਆ ਵਿੱਚ ਰਹਿ ਰਿਹਾ ਸੀ। ਅਥਾਰਟੀ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹ ਇਸ ਸੁਪਰਯਾਟ ਦਾ ਬਾਵਰਚੀ ਸੀ।
ਗਲੋਬਲ ਅਫੇਅਰਜ਼ ਕੈਨੇਡਾ ਨੇ ਕਿਹਾ ਕਿ ਉਹ ਇਸ ਘਟਨਾ ਵਿਚ ਇੱਕ ਕੈਨੇਡੀਅਨ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਤੋਂ ਜਾਣੂ ਹੈ।
ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ, ਅਸੀਂ ਇਸ ਦੁਖਦਾਈ ਘਟਨਾ ਤੋਂ ਪ੍ਰਭਾਵਿਤ ਹਰੇਕ ਸ਼ਖ਼ਸ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।
ਇਸ ਹਾਦਸੇ ਵਿਚ ਛੇ ਹੋਰ ਲੋਕ ਲਾਪਤਾ ਹਨ, ਜਿਨ੍ਹਾਂ ਵਿੱਚ ਬ੍ਰਿਟੇਨ ਦਾ ਵੱਡਾ ਕਾਰੋਬਾਰੀ ਅਤੇ ਇਸ ਸੁਪਰਯਾਟ ਦਾ ਮਾਲਕ ਮਾਈਕ ਲਿੰਚ ਵੀ ਸ਼ਾਮਲ ਹੈ।
ਇਟਲੀ ਦੇ ਕੋਸਟ ਗਾਰਡ ਨੇ ਕਿਹਾ ਕਿ ਲਾਪਤਾ ਹੋਏ ਲੋਕ ਬ੍ਰਿਟਿਸ਼, ਅਮਰੀਕੀ ਅਤੇ ਕੈਨੇਡੀਅਨ ਨਾਗਰਿਕ ਸਨ।