Sunday, November 24, 2024
7.3 C
Vancouver

ਅੱਧੀ ਰਾਤ ਨੂੰ ਮਿਲੀ ਆਜ਼ਾਦੀ ਦਾ ਸੱਚ

ਲਿਖਤ : ਅਨੁਵਾਦ: ਅਮ੍ਰਤ
ਸੰਪਰਕ: 98726-61846
ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਹਾਲਾਤ ਖਰਾਬ ਹੋ ਗਏ। ਲਾਹੌਰ ਅਤੇ ਅੰਮ੍ਰਿਤਸਰ ‘ਚ ਫ਼ਿਰਕੂ ਦੰਗੇ ਭੜਕ ਪਏ ਸਨ। ਹਿੰਦੂ ਅਤੇ ਮੁਸਲਿਮ ਇੱਕ ਦੂਜੇ ਦਾ ਖ਼ੂਨ ਵਹਾਉਣ ਲੱਗ ਪਏ। ਅੰਦਰੂਨ ਲਾਹੌਰ ਦੇ ਜਿਹੜੇ ਮੁਹੱਲੇ ਕਦੇ ਭਾਈਚਾਰਕ ਸਾਂਝ ਦੀ ਮਿਸਾਲ ਸਨ, ਉੱਥੇ ਅੱਗਜ਼ਨੀ ਅਤੇ ਕਤਲੇਆਮ ਦੀਆਂ ਵਾਰਦਾਤਾਂ ਹੋਣ ਲੱਗੀਆਂ ਸਨ। ਇਉਂ ਲੱਗਦਾ ਸੀ ਜਿਵੇਂ ਇਹ ਸ਼ਹਿਰ ਆਪਣੇ ਆਪ ਨੂੰ ਹੀ ਮਾਰਨ ਦੇ ਰਾਹ ਤੁਰ ਪਿਆ ਹੋਵੇ। ਅੰਮ੍ਰਿਤਸਰ ‘ਚ ਸਥਿਤੀ ਹੋਰ ਵੀ ਖਰਾਬ ਸੀ। ਉੱਥੇ ਬਾਜ਼ਾਰਾਂ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ‘ਚ ਫ਼ਿਰਕੂ ਕਤਲ ਹੋਣਾ ਨਿੱਤ ਦਾ ਕੰਮ ਸੀ। ਅੰਤ ਅੰਮ੍ਰਿਤਸਰ ‘ਚ 48 ਘੰਟੇ ਦਾ ਕਰਫਿਊ ਲਗਾ ਦਿੱਤਾ ਗਿਆ ਅਤੇ ਬਰਤਾਨਵੀ ਫ਼ੌਜ ਸੱਦ ਲਈ ਗਈ ਪਰ ਇਹ ਸਾਰੇ ਪ੍ਰਬੰਧ ਵੀ ਨਾਕਾਫ਼ੀ ਸਾਬਤ ਹੋਏ ਅਤੇ ਸਿਰਫ਼ ਆਰਜ਼ੀ ਰਾਹਤ ਹੀ ਦੇ ਸਕੇ। ਇੱਕ ਦਿਨ ਬਾਅਦ ਹੀ ਸ਼ਹਿਰ ਮੁੜ ਅੱਗ ਦੀਆਂ ਲਪਟਾਂ ‘ਚ ਘਿਰ ਗਿਆ।
ਪੰਜਾਬ ‘ਚ 15 ਅਗਸਤ ਤੋਂ ਬਾਅਦ ਹਾਲਾਤ ਵਿਗੜਨ ਤੋਂ ਰੋਕਣ ਵਾਸਤੇ ਮਾਊਂਟਬੈਟਨ ਨੇ 55000 ਦੀ ਨਫ਼ਰੀ ਵਾਲੀ ਵਿਸ਼ੇਸ਼ ਸੁਰੱਖਿਆ ਫੋਰਸ ਕਾਇਮ ਕਰਨ ਦਾ ਫ਼ੈਸਲਾ ਲਿਆ ਸੀ। ਇਸ ਦੇ ਮੈਂਬਰ ਭਾਰਤੀ ਫ਼ੌਜ ਦੀਆਂ ਗੋਰਖਾ ਰੈਜੀਮੈਂਟ ਵਰਗੀਆਂ ਯੂਨਿਟਾਂ ‘ਚੋਂ ਬੁਲਾਏ ਜਾਣੇ ਸਨ ਜੋ ਹੋਰਾਂ ਦੇ ਮੁਕਾਬਲੇ ਵਧੇਰੇ ਅਨੁਸ਼ਾਸਤ ਅਤੇ ਆਪਣੀ ਜੱਦੀ ਖਿੱਤਿਆਂ ਤੇ ਪਿਛੋਕੜ ਕਾਰਨ ਫ਼ਿਰਕੂ ਤੌਰ ‘ਤੇ ਵਧੇਰੇ ਸਹਿਣਸ਼ੀਲ ਮੰਨੇ ਜਾਂਦੇ ਸਨ। ਇਸ ਦਾ ਨਾਂ ਪੰਜਾਬ ਬਾਊਂਡਰੀ ਫੋਰਸ ਰੱਖਿਆ ਗਿਆ। ਇਸ ਦੀ ਕਮਾਨ ਬਰਤਾਨਵੀ ਮੇਜਰ ਜਨਰਲ ਟੀ. ਡਬਲਿਊ ‘ਪੀਟ’ ਰੀਸ ਨੂੰ ਸੌਂਪੀ ਗਈ ਜੋ ਬਰਮਾ ‘ਚ 19ਵੀਂ ਇੰਡੀਅਨ ਡਵੀਜ਼ਨ ਦੀ ਅਗਵਾਈ ਕਰ ਚੁੱਕਿਆ ਸੀ ਤੇ ਉਸ ਦੀ ਬਿਹਤਰੀਨ ਕਾਰਗੁਜ਼ਾਰੀ ਤੋਂ ਵਾਇਸਰਾਏ ਵੀ ਪ੍ਰਭਾਵਿਤ ਸੀ। ਵੰਡ ਤੋਂ ਬਾਅਦ ਪੰਜਾਬ ‘ਚ ਅਮਨ ਕਾਨੂੰਨ ਕਾਇਮ ਰੱਖਣ ਵਾਸਤੇ ਸੂਬੇ ਦੇ ਗਵਰਨਰ ਨੇ ਜਿੰਨੀ ਨਫ਼ਰੀ ਦਾ ਅਨੁਮਾਨ ਲਗਾਇਆ ਸੀ ਉਸ ਤੋਂ ਦੁੱਗਣੇ ਜਵਾਨ ਇਸ ਫੋਰਸ ‘ਚ ਸ਼ਾਮਿਲ ਸਨ। ਹਾਲਾਂਕਿ ਜਦੋਂ ਝੱਖੜ ਝੁੱਲਿਆ ਤਾਂ ਇਹ ਸਾਰੇ ਪ੍ਰਬੰਧ ਇਸ ਤਰ੍ਹਾਂ ਹੂੰਝ ਕੇ ਲੈ ਗਿਆ ਜਿਵੇਂ ਸਮੁੰਦਰ ਕਿਨਾਰੇ ਬਣੀਆਂ ਝੁੱਗੀਆਂ ਨੂੰ ਉੱਚੀ ਉੱਠੀ ਕੋਈ ਲਹਿਰ ਵਹਾਅ ਕੇ ਲੈ ਜਾਂਦੀ ਹੈ।
ਇਹ ਵੀ ਕੌੜੀ ਸਚਾਈ ਹੈ ਕਿ ਨਹਿਰੂ, ਜਿਨਾਹ, ਪੰਜਾਬ ਦੇ ਗਵਰਨਰ ਜਾਂ ਵਾਇਸਰਾਏ ‘ਚੋਂ ਕੋਈ ਵੀ ਸਥਿਤੀ ਦੀ ਭਿਆਨਕਤਾ ਦਾ ਅਨੁਮਾਨ ਨਹੀਂ ਲਗਾ ਸਕਿਆ। ਹਾਲਾਂਕਿ ਇਹ ਗੱਲ ਇਤਿਹਾਸਕਾਰਾਂ ਨੂੰ ਹੈਰਾਨ ਕਰਨ ਵਾਲੀ ਹੈ ਤੇ ਇਸ ਕਾਰਨ ਆਖ਼ਰੀ ਵਾਇਸਰਾਏ ਦੀ ਆਲੋਚਨਾ ਵੀ ਹੁੰਦੀ ਹੈ। ਨਹਿਰੂ ਤੇ ਜਿਨਾਹ ਭਾਵੇਂ ਸਹਿਣਸ਼ੀਲਤਾ ਤੋਂ ਕੰਮ ਲੈਂਦਿਆਂ ਆਪਣੇ ਆਪ ਨੂੰ ਨਿਰਪੱਖ ਰੱਖਣ ਦਾ ਯਤਨ ਕਰਦੇ ਸਨ ਪਰ ਆਪਣੀਆਂ ਇਹ ਭਾਵਨਾਵਾਂ ਉਹ ਲੋਕਾਂ ਨਾਲ ਸਾਂਝੀਆਂ ਨਹੀਂ ਕਰ ਸਕੇ। ਲੋਕ ਫ਼ਿਰਕਿਆਂ ਦੇ ਆਧਾਰ ‘ਤੇ ਵੰਡੇ ਗਏ ਪਰ ਨਹਿਰੂ ਤੇ ਜਿਨਾਹ ਇਸ ਦਾ ਸਹੀ ਅੰਦਾਜ਼ਾ ਹੀ ਨਹੀਂ ਲਗਾ ਸਕੇ ਕਿ ਇਸ ਉਪ ਮਹਾਂਦੀਪ ‘ਚ ਫ਼ਿਰਕਾਪ੍ਰਸਤੀ ਦੀ ਅਜਿਹੀ ਅੱਗ ਭੜਕੇਗੀ ਜੋ ਸਭ ਕੁਝ ਸੁਆਹ ਕਰ ਦੇਵੇਗੀ। ਉਹ ਦੋਵੇਂ ਇਹੋ ਸਮਝ ਰਹੇ ਸਨ ਕਿ ਵੰਡ ਵੰਡਾਰੇ ਦਾ ਕੰਮ ਸਹਿਜ ਨਾਲ ਹੀ ਹੋ ਜਾਵੇਗਾ ਅਤੇ ਹਿੰਸਾ ਭੜਕਣ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਉਹ ਤਰਕਪੂਰਨ ਢੰਗ ਨਾਲ ਸਥਿਤੀ ਨੂੰ ਸਮਝ ਰਹੇ ਹਨ, ਲੋਕ ਵੀ ਉਸੇ ਤਰ੍ਹਾਂ ਸਮਝਣਗੇ ਪਰ ਉਨ੍ਹਾਂ ਦੋਵਾਂ ਦੀ ਸੋਚ ਗ਼ਲਤ ਸਾਬਤ ਹੋਈ। ਉਨ੍ਹਾਂ ਨੂੰ ਆਜ਼ਾਦੀ ਮਿਲ ਜਾਣ ਦਾ ਖੁਮਾਰ ਚੜ੍ਹਿਆ ਹੋਇਆ ਸੀ। ਉਨ੍ਹਾਂ ਦੀਆਂ ਖ਼ਾਹਿਸ਼ਾਂ ਛੇਤੀ ਹੀ ਪੂਰੀਆਂ ਹੋਣ ਵਾਲੀਆਂ ਸਨ। ਹਾਲਾਂਕਿ ਉਨ੍ਹਾਂ ਆਪਣੀਆਂ ਭਾਵਨਾਵਾਂ ਵਾਇਸਰਾਏ ਨਾਲ ਜ਼ਰੂਰ ਸਾਂਝੀਆਂ ਕੀਤੀਆਂ ਪਰ ਉਸ ਨੂੰ ਤਾਂ ਭਾਰਤ ਆਏ ਨੂੰ ਹਾਲੇ ਬਹੁਤਾ ਸਮਾਂ ਨਹੀਂ ਹੋਇਆ ਸੀ। ਆਉਣ ਵਾਲੇ ਸਮੇਂ ‘ਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਅਨੁਮਾਨ ਨਾ ਲਗਾ ਸਕਣ ਦੀ ਇਹ ਨਾਕਾਮੀ ਕੁਝ ਹੱਦ ਤੱਕ ਘਟਾਈ ਜਾ ਸਕਦੀ ਸੀ ਜੇ ਉਹ ਪ੍ਰਸ਼ਾਸਕੀ ਤੇ ਆਲ੍ਹਾਮਿਆਰੀ ਸਮਝੀਆਂ ਜਾਂਦੀਆਂ ਖੁਫ਼ੀਆ ਏਜੰਸੀਆਂ ਹੀ ਇਸ ਬਾਰੇ ਕੋਈ ਅਨੁਮਾਨ ਲਗਾ ਲੈਂਦੀਆਂ ਜਿਨ੍ਹਾਂ ਦੀ ‘ਬਿਹਤਰੀਨ ਕਾਰਗੁਜ਼ਾਰੀ’ ਦੀ ਬਦੌਲਤ ਬਰਤਾਨੀਆ ਸੌ ਸਾਲ ਤੱਕ ਭਾਰਤ ‘ਤੇ ਹਕੂਮਤ ਕਰਦਾ ਰਿਹਾ। ਇਨ੍ਹਾਂ ‘ਚੋਂ ਕਿਸੇ ਕੋਲ ਅਜਿਹੀ ਜਾਣਕਾਰੀ ਨਹੀਂ ਸੀ। ਕਿਸੇ ਨੇ ਇਸ ਸਬੰਧੀ ਕੁਝ ਨਹੀਂ ਕੀਤਾ। ਭਾਵੇਂ ਇਸ ਦਾ ਖ਼ਦਸ਼ਾ ਸੀ ਪਰ ਕਿਸੇ ਨੇ ਚੌਕਸੀ ਵਰਤਣ ਲਈ ਨਹੀਂ ਕਿਹਾ ਤੇ ਨਤੀਜੇ ਵਜੋਂ ਭਾਰਤ ਅਣਕਿਆਸੀ ਤਬਾਹੀ ਵੱਲ ਧੱਕਿਆ ਗਿਆ।
ਇਹ ਵੀ ਦੁਖਾਂਤ ਸੀ ਕਿ ਜੋ ਭਾਰਤੀ ਆਗੂ ਇਸ ਤ੍ਰਾਸਦੀ ਤੇ ਵਿਆਪਕ ਤਬਾਹੀ ਨੂੰ ਆਉਂਦਿਆਂ ਦੇਖ ਰਿਹਾ ਸੀ, ਉਸ ਨੇ ਦੇਸ਼ ਵੰਡ ਨਾ ਹੋਣ ਦੇਣ ਲਈ ਹਰ ਯਤਨ ਕੀਤਾ ਪਰ ਨਾਕਾਮ ਰਿਹਾ। ਮਹਾਤਮਾ ਗਾਂਧੀ ਨੇ ਆਪਣੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ ਹੋਈ ਸੀ। ਉਹ ਉਨ੍ਹਾਂ ਦੇ ਹਰ ਦੁੱਖ-ਸੁੱਖ ‘ਚ ਸ਼ਰੀਕ ਹੁੰਦਾ ਸੀ। ਉਹ ਹਰ ਵੇਲੇ ਲੋਕਾਂ ‘ਚ ਰਹਿੰਦਾ ਸੀ ਅਤੇ ਚੰਗੀ ਤਰ੍ਹਾਂ ਸਮਝਦਾ ਸੀ ਕਿ ਦੇਸ਼ ਦੇ ਲੋਕ ਕੀ ਚਾਹੁੰਦੇ ਹਨ। ਇੱਕ ਦਿਨ ਜਦੋਂ ਵਾਇਸਰਾਏ ‘ਪੰਜਾਬ ਬਾਊਂਡਰੀ ਫੋਰਸ’ ਬਣਾਉਣ ਲਈ ਕੰਮ ਕਰ ਰਿਹਾ ਸੀ ਤਾਂ ਇੱਕ ਮੁਸਲਿਮ ਔਰਤ ਨੇ ਦੇਸ਼ ਵੰਡ ਦਾ ਵਿਰੋਧ ਕਰ ਰਹੇ ਗਾਂਧੀ ‘ਤੇ ਹਮਲਾ ਕਰ ਦਿੱਤਾ। ਉਸ ਦਾ ਤਰਕ ਸੀ ਕਿ ਜੇ ਦੋ ਭਰਾ ਵੱਖਰੇ ਮਕਾਨਾਂ ‘ਚ ਜਾਣਾ ਚਾਹੁੰਦੇ ਹਨ ਤਾਂ ਕੀ ਉਸ ਨੂੰ ਕੋਈ ਇਤਰਾਜ਼ ਹੋਵੇਗਾ? ਗਾਂਧੀ ਦਾ ਜਵਾਬ ਸੀ, ”ਕਾਸ਼! ਅਸੀਂ ਦੋ ਭਰਾਵਾਂ ਵਾਂਗ ਵੱਖ ਹੋ ਸਕਦੇ ਪਰ ਅਜਿਹਾ ਨਹੀਂ ਹੋਵੇਗਾ। ਇੱਥੇ ਖ਼ੂਨ ਦੀਆਂ ਨਦੀਆਂ ਵਗ ਜਾਣਗੀਆਂ।”
ਮਾਊਂਟਬੈਟਨ ਦੀ ਅਸਲ ਚਿੰਤਾ ਪੰਜਾਬ ਨਹੀਂ ਸੀ, ਉਸ ਨੂੰ ਕਲਕੱਤਾ ਦਾ ਫ਼ਿਕਰ ਵਧੇਰੇ ਸੀ। ਉਸ ਨੂੰ ਲੱਗਦਾ ਸੀ ਕਿ ਜੇ ਉੱਥੇ ਭੀੜੇ ਬਾਜ਼ਾਰਾਂ, ਝੁੱਗੀਆਂ ਝੌਂਪੜੀਆਂ ਤੇ ਤੰਗ ਰਸਤਿਆਂ ਵਾਲੇ ਖੇਤਰਾਂ ‘ਚ ਹਿੰਸਾ ਭੜਕ ਗਈ ਤਾਂ ਫ਼ੌਜ ਵੀ ਉਸ ‘ਤੇ ਕਾਬੂ ਨਹੀਂ ਪਾ ਸਕੇਗੀ। ਮਾਊਂਟਬੈਟਨ ਨੇ ਬਾਅਦ ‘ਚ ਇੱਕ ਵਾਰ ਆਪਣੀਆਂ ਯਾਦਾਂ ਦੇ ਪੱਤਰੇ ਫਰੋਲਦਿਆਂ ਦੱਸਿਆ ਸੀ, ”ਜੇ ਕਲਕੱਤਾ ‘ਚ ਸਥਿਤੀ ਖ਼ਰਾਬ ਹੁੰਦੀ ਤਾਂ ਫਿਰ ਉੱਥੇ ਜੋ ਖ਼ੂਨ ਵਹਿੰਦਾ ਉਸ ਨਾਲ ਹੋਰ ਭਾਵੇਂ ਕੁਝ ਹੁੰਦਾ ਜਾਂ ਨਾ ਪਰ ਪੰਜਾਬ ਨੂੰ ਇਸ ਦਾ ਨੁਕਸਾਨ ਜ਼ਰੂਰ ਝੱਲਣਾ ਪੈਂਦਾ। ਉਸ ਨੂੰ ਕਲਕੱਤਾ ‘ਚ ਅਮਨ ਅਮਾਨ ਕਾਇਮ ਰੱਖਣ ਲਈ ਕਿਸੇ ਹੋਰ ਤਰਕੀਬ ਦੀ ਲੋੜ ਸੀ। ਅਖ਼ੀਰ ਉਸ ਨੇ ਜੂਏ ਦਾ ਵੱਡਾ ਦਾਅ ਲਾਉਣ ਦਾ ਫ਼ੈਸਲਾ ਕੀਤਾ। ਕਲਕੱਤਾ ‘ਚ ਖ਼ਤਰਾ ਵਧ ਰਿਹਾ ਸੀ ਪਰ ਉਸ ਨਾਲ ਸਿੱਝਣ ਦੇ ਸਾਧਨ ਸੀਮਤ ਸਨ। ਕੋਈ ਚਮਤਕਾਰ ਹੀ ਉਸ ਨੂੰ ਇਸ ਸਮੱਸਿਆ ਤੋਂ ਬਚਾਅ ਸਕਦਾ ਸੀ। ਦੁਨੀਆ ਦੇ ਇਸ ਸਭ ਤੋਂ ਵੱਧ ਸੰਵੇਦਨਸ਼ੀਲ ਸ਼ਹਿਰ ‘ਚ ਹਾਲਾਤ ਖ਼ਰਾਬ ਹੋਣ ਤੋਂ ਰੋਕਣ ਲਈ ਉਸ ਨੇ ਜੋ ਬੰਨ੍ਹ ਲਾਉਣ ਦਾ ਫ਼ੈਸਲਾ ਕੀਤਾ, ਉਹ ਮਹਾਤਮਾ ਗਾਂਧੀ ਸੀ। ਉਸ ਨੇ ਜੁਲਾਈ ਦੇ ਅੰਤ ‘ਚ ਮਹਾਤਮਾ ਗਾਂਧੀ ਨਾਲ ਇਹ ਗੱਲ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਆਪਣੀ ‘ਬਾਊਂਡਰੀ ਫੋਰਸ’ ਨਾਲ ਉਹ ਪੰਜਾਬ ‘ਚ ਤਾਂ ਸਥਿਤੀ ਸੰਭਾਲ ਸਕਦਾ ਹੈ ਪਰ ਜੇ ਕਲਕੱਤਾ ‘ਚ ਹਾਲਾਤ ਖਰਾਬ ਹੋ ਗਏ ਤਾਂ ਫਿਰ ਸਭ ਬਰਬਾਦ ਹੋ ਜਾਏਗਾ। ਇਸ ਦੇ ਜਵਾਬ ‘ਚ ਗਾਂਧੀ ਨੇ ਕਿਹਾ, ”ਹਾਂ, ਮੇਰੇ ਦੋਸਤ, ਇਹ ਸਭ ਤੇਰੀ ਦੇਸ਼ ਵੰਡ ਦੀ ਯੋਜਨਾ ਦਾ ਸਿੱਟਾ ਹੈ।”
ਮਾਊਂਟਬੈਟਨ ਨੇ ਉਦੋਂ ਕਬੂਲ ਕੀਤਾ ਸੀ ਕਿ ਸ਼ਾਇਦ ਅਜਿਹਾ ਹੀ ਹੈ ਪਰ ਨਾ ਤਾਂ ਉਹ ਅਤੇ ਨਾ ਕੋਈ ਹੋਰ ਇਸ ਤੋਂ ਬਿਹਤਰ ਬਦਲ ਦੱਸ ਸਕਣ ਦੇ ਕਾਬਲ ਸੀ। ਸ਼ਾਇਦ ਗਾਂਧੀ ਆਪਣੀ ਸ਼ਖ਼ਸੀਅਤ ਦੇ ਪ੍ਰਭਾਵ ਤੇ ਆਪਣੀ ਅਹਿੰਸਾ ਦੀ ਧਾਰਨਾ ਨਾਲ ਕਲਕੱਤਾ ‘ਚ ਅਜਿਹਾ ਕੁਝ ਕਰ ਸਕਦਾ ਸੀ ਜੋ ਫ਼ੌਜੀ ਦਸਤੇ ਵੀ ਨਹੀਂ ਕਰ ਸਕਦੇ ਸਨ। ਵਾਇਸਰਾਏ ਦੀਆਂ ਸਾਰੀਆਂ ਜਰਬਾਂ-ਤਕਸੀਮਾਂ ਦਾ ਕੁੱਲ ਜੋੜ ਗਾਂਧੀ ਹੀ ਸੀ। ਸ਼ਾਇਦ ਉਸ ਦੀ ਮੌਜੂਦਗੀ ਕਲਕੱਤਾ ‘ਚ ਅਮਨ ਦੀ ਗਾਰੰਟੀ ਬਣ ਸਕਦੀ ਸੀ। ਇਸ ਲਈ ਮਾਊਂਟਬੈਟਨ ਨੇ ਗਾਂਧੀ ਨੂੰ ਅਪੀਲ ਕੀਤੀ, ”ਤੁਸੀਂ ਕਲਕੱਤੇ ਚਲੇ ਜਾਓ, ਤੁਸੀਂ ਮੇਰੀ ਵਨ ਮੈਨ ਬਾਊਂਡਰੀ ਫੋਰਸ ਹੋ।”