Sunday, November 24, 2024
7.3 C
Vancouver

ਪੰਜਾਬ ਵਿੱਚ ਵੱਧ ਰਹੀ ਨਸ਼ਾ ਤਸਕਰੀ

ਲਿਖਤ : ਜਗਜੀਤ ਸਿੰਘ
ਪੰਜਾਬ ਵਿਚ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਆਏ ਦਿਨ ਉਹ ਹਿਮਾਕਤ ਭਰੀਆਂ ਕਾਰਵਾਈਆਂ ਕਰਦੇ ਰਹਿੰਦੇ ਹਨ। ਇਸ ਦੀ ਤਾਜ਼ਾ ਮਿਸਾਲ ਮਿਲਦੀ ਹੈ ਮਾਛੀਵਾੜਾ ਲਾਗਲੇ ਪਿੰਡ ਚਕਲੀ ਮੰਗਾ ਦੀ, ਜਿੱਥੇ ਸ਼ੁੱਕਰਵਾਰ ਰਾਤ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ‘ਤੇ ਗੱਡੀ ਚੜ੍ਹਾ ਦਿੱਤੀ। ਇਸ ਘਟਨਾ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਇਹ ਘਟਨਾ ਇਸ ਲਈ ਵਾਪਰੀ ਕਿਉਂਕਿ ਇਹ ਨੌਜਵਾਨ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ। ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਇਕ ਲੰਬੀ ਸੂਚੀ ਹੈ। ਅਜਿਹੀਆਂ ਘਟਨਾਵਾਂ ਤੇ ਸਥਿਤੀਆਂ ਤੋਂ ਪਤਾ ਲੱਗਦਾ ਹੈ ਕਿ ਇਹ ਮਸਲਾ ਕਿਵੇਂ ਪੰਜਾਬ ਦੇ ਸਥਾਨਕ ਜੀਵਨ ਅਤੇ ਸੁਰੱਖਿਆ ਸਥਿਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪਿਛਲੇ ਦੋ ਸਾਲਾਂ ਵਿਚ ਸੂਬੇ ‘ਚ ਨਸ਼ਾ ਤਸਕਰੀ ਨਾਲ ਜੁੜੇ ਕਈ ਗੰਭੀਰ ਹਾਲਾਤ ਸਾਹਮਣੇ ਆਏ ਹਨ, ਜਿਸ ਕਾਰਨ ਅਪਰਾਧ ਦਾ ਗ੍ਰਾਫ ਉੱਪਰ ਨੂੰ ਜਾ ਰਿਹਾ ਹੈ। ਨਸ਼ਾ ਤਸਕਰਾਂ ਵਲੋਂ ਕੀਤੇ ਕਤਲਾਂ ਅਤੇ ਹਿੰਸਾ ਦੇ ਮਾਮਲੇ ਵਧੇ ਹਨ।
ਕਈ ਤਸਕਰ ਆਪਣੀ ਹਕੂਮਤ ਬਣਾਉਣ ਲਈ ਨੌਜਵਾਨਾਂ ਨੂੰ ਹਿੰਸਾ ਦੇ ਰਾਹ ‘ਤੇ ਲੈ ਕੇ ਜਾ ਰਹੇ ਹਨ। ਤਸਵੀਰ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਨੇ ਲੋਕਾਂ ਨੂੰ ਹੇਠਲੇ ਪੱਧਰ ‘ਤੇ ਨਸ਼ੇ ਦੀ ਤਸਕਰੀ ਤੇ ਵਿਕਰੀ ਵੱਲ ਧੱਕਿਆ ਹੈ। ਕਈ ਗ਼ਰੀਬ ਪਰਿਵਾਰਾਂ ਦੇ ਲੋਕ ਪੈਸਿਆਂ ਦੇ ਲਾਲਚ ਵਿਚ ਆ ਕੇ ਇਸ ਅਪਰਾਧ ਦਾ ਹਿੱਸਾ ਬਣ ਰਹੇ ਹਨ। ਸਿਆਸਤ, ਪੁਲਿਸ, ਗੁੰਡਾ ਤੇ ਤਸਕਰ ਗਠਜੋੜ ਨਾਲ ਜੁੜੇ ਮਾਮਲੇ ਵੀ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ।
ਇਹੀ ਵਜ੍ਹਾ ਹੈ ਕਿ ਨਸ਼ਾ ਤਸਕਰ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਰਹੇ ਹਨ ਅਤੇ ਕਿਸੇ ਨੂੰ ਜਾਨ ਤੋਂ ਮਾਰਨ ਤੋਂ ਵੀ ਨਹੀਂ ਡਰਦੇ। ਨਸ਼ਾ ਤਸਕਰਾਂ ਦਾ ਨੈੱਟਵਰਕ ਵਧਣ ਨਾਲ ਨਸ਼ੇ ਦੀ ਲਤ ਕਾਰਨ ਸੂਬੇ ‘ਚ ਲਗਪਗ ਹਰ ਰੋਜ਼ ਇਕ ਨੌਜਵਾਨ ਦੀ ਜਾਨ ਜਾ ਰਹੀ ਹੈ।
ਅਜਿਹਾ ਨਹੀਂ ਹੈ ਕਿ ਪੰਜਾਬ ਵਿਚ ਰਾਤੋ-ਰਾਤ ਨਸ਼ਾ ਤਸਕਰਾਂ ਨੇ ਆਪਣੇ ਪੈਰ ਪਸਾਰ ਲਏ। ਸੂਬੇ ਵਿਚ ਤਸਕਰੀ ਦੀ ਸਮੱਸਿਆ 1980 ਦੇ ਦਹਾਕੇ ਤੋਂ ਬਹੁਤ ਸਾਰੀਆਂ ਸਿਆਸੀ ਤੇ ਸੁਰੱਖਿਆ ਸਬੰਧੀ ਸਮੱਸਿਆਵਾਂ ਨਾਲ ਜੁੜੀ ਹੋਈ ਹੈ ਪਰ ਹੁਣ ਇਹ ਆਪਣੇ ਸਿਖ਼ਰ ‘ਤੇ ਹੈ। ਸੂਬੇ ਵਿਚ ਨਸ਼ੇ ਦੀ ਤਸਕਰੀ ਵਿਚ ਕਈ ਕਿਸਮ ਦੇ ਨਸ਼ੇ ਸ਼ਾਮਲ ਹਨ, ਜਿਨ੍ਹਾਂ ਵਿਚ ਹੈਰੋਇਨ, ਚਿੱਟਾ (ਸਿੰਥੇਟਿਕ ਡਰੱਗ), ਅਫੀਮ, ਭੰਗ, ਗਾਂਜਾ ਤੇ ਦਵਾਈਆਂ ਵਾਲੇ ਨਸ਼ੇ।
ਸਰਹੱਦੀ ਸੂਬਾ ਹੋਣ ਕਾਰਨ ਇੱਥੇ ਨਸ਼ਿਆਂ ਦੀ ਤਸਕਰੀ ਬਹੁਤ ਸੌਖੀ ਹੈ। ਨਸ਼ੇੜੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮਾਨਸਿਕ ਅਤੇ ਸਰੀਰਕ ਰੋਗ ਵਧ ਰਹੇ ਹਨ। ਸਿੱਖਿਆ, ਰੁਜ਼ਗਾਰ ਅਤੇ ਪਰਿਵਾਰਕ ਜੀਵਨ ‘ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਤਸਕਰੀ ਤੇ ਕਤਲ ਦੇ ਮਾਮਲੇ ਸਿਰਫ਼ ਸੁਰੱਖਿਆ ਹੀ ਨਹੀਂ ਬਲਕਿ ਸਮਾਜਿਕ ਤੇ ਆਰਥਿਕ ਜੀਵਨ ‘ਤੇ ਵੀ ਡੂੰਘਾ ਪ੍ਰਭਾਵ ਪਾ ਰਹੇ ਹਨ।
ਹਿੰਸਕ ਘਟਨਾਵਾਂ ਨਾਲ ਜਿੱਥੇ ਲੋਕਾਂ ਵਿਚ ਡਰ ਤੇ ਅਨਿਸ਼ਚਿਤਤਾ ਦਾ ਮਾਹੌਲ ਬਣਦਾ ਹੈ ਉੱਥੇ ਸਮਾਜਿਕ ਸਥਿਤੀ ਵਿਚ ਤਣਾਅ ਤੇ ਅਸੰਤੁਲਨ ਵਧਦਾ ਹੈ, ਜਿਹੜਾ ਕਿ ਆਰਥਿਕ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਇਸ ਵਜ੍ਹਾ ਨਾਲ ਹੀ ਇਹ ਸਮੱਸਿਆ ਕਾਨੂੰਨ-ਵਿਵਸਥਾ ਲਈ ਵੱਡੀ ਚੁਣੌਤੀ ਬਣੀ ਹੋਈ ਹੈ।
ਪੰਜਾਬ ਵਿਚ ਤਸਕਰਾਂ ਵੱਲੋਂ ਕੀਤੇ ਗਏ ਕਤਲ ਸਮਾਜਿਕ ਤੇ ਸੁਰੱਖਿਆ ਸਬੰਧੀ ਚਿੰਤਾ ਦਾ ਇਕ ਗੰਭੀਰ ਮਸਲਾ ਹੈ। ਅਜਿਹੇ ਵਿਚ ਜ਼ਰੂਰੀ ਹੈ ਜਾਂਦਾ ਹੈ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਜਿੱਥੇ ਕਾਨੂੰਨ ਵਿਵਸਥਾ ਦੇ ਪੱਧਰ ‘ਤੇ ਠੋਸ ਯਤਨ ਕੀਤੇ ਜਾਣ ਉੱਥੇ ਸਮਾਜਿਕ ਤੇ ਆਰਥਿਕ ਹਾਲਾਤ ਦੇ ਪੱਧਰ ‘ਤੇ ਇਸ ਦੀ ਸਮੀਖਿਆ ਕਰਦੇ ਹੋਏ ਸਹੀ ਦਿਸ਼ਾ ਵੱਲ ਕਦਮ ਪੁੱਟੇ ਜਾਣ ਤਾਂ ਕਿ ਮੌਤ ਦੇ ਮੂੰਹ ‘ਚ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।