ਕੁਝ ਰਿਸ਼ਤੇ ਜਨਮ ਚ ਮਿਲਦੇ
ਕੁਝ ਕੁ ਆਪ ਬਣਾਏ ਜਾਂਦੇ ਨੇ
ਕੁਝ ਰਿਸ਼ਤੇ ਹਨ ਰੋਜ਼ੀ ਰੋਟੀ
ਕੁਝ ਦਿਲੋਂ ਨਿਭਾਏ ਜਾਂਦੇ ਨੇ
ਕੁਝ ਰਿਸ਼ਤੇ ਦਿਲ਼ ਬਣ ਜਾਂਦੇ
ਜੋ ਰੂਹ ‘ਚ ਵਸਾਏ ਜਾਂਦੇ ਨੇ
ਕੁਝ ਕੁ ਰਿਸ਼ਤੇ ਮਾਂਵਾਂ ਵਰਗੇ
ਉਹ ਆਪ ਸਜਾਏ ਜਾਂਦੇ ਨੇ
ਕੁਝ ਰਿਸ਼ਤੇ ਬਿਖ ਦੀ ਛਾਂ ਨੇ
ਕਦੇ ਆਪ ਛੰਗਾਏ ਜਾਂਦੇ ਨੇ
ਕੁਝ ਰਿਸ਼ਤੇ ਲਹੂ ਦੇ ਹੋਵਣ
ਅੰਗ ਅੰਗ ਕਟਾਏ ਜਾਂਦੇ ਨੇ
ਕੁਝ ਰਿਸ਼ਤੇ ਬਾਪੂ ਦਾ ਮੁੜ੍ਹਕਾ
ਉਹ ਦਿਲੀਂ ਸਮਾਏ ਜਾਂਦੇ ਨੇ
ਕੁਝ ਰਿਸ਼ਤੇ ਨੇ ਦੁੱਖਾਂ ਵਰਗੇ
ਜਿਹੜੇ ਹੱਡੀਂ ਹੰਢਾਏ ਜਾਂਦੇ ਨੇ
ਕੁਝ ਰਿਸ਼ਤੇ ਦੁੱਧ ਵਰਗੇ ਵੀ
ਲਾ ਜਾਗ਼ ਰਿੜਕਾਏ ਜਾਂਦੇ ਨੇ
ਕੁਝ ਰਿਸ਼ਤੇ ਜਿਉਂ ਮਿੱਟੀ ਹੁੰਦੇ
ਆਪ ਹਲ਼ ਚਲਾਏ ਜਾਂਦੇ ਨੇ
ਕੁਝ ਰਿਸ਼ਤੇ ਨੇ ਆਪਣੇ ਵਰਗੇ
‘ਜੀਤ’ ਆਪ ਨਿਭਾਏ ਜਾਂਦੇ ਨੇ
ਲਿਖਤ : ਸਰਬਜੀਤ ਸਿੰਘ ਨਮੋਲ਼
ਸੰਪਰਕ : 9877358044