Sunday, November 24, 2024
6 C
Vancouver

ਸਰੀ ਵਿਚ ਪੰਜਾਬੀ ਨਾਟਕ ਤੇ ਰੰਗਮੰਚ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਬਾਰੇ ਸੰਵਾਦ

ਸਾਨੂੰ ਪ੍ਰੋਫੈਸ਼ਨਲ ਪੱਧਰ ਦੇ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਤਿਆਰ ਕਰਨੇ ਹੋਣਗੇ : ਡਾ. ਕੁਲਦੀਪ ਸਿੰਘ ਦੀਪ
ਸਰੀ, (ਹਰਦਮ ਮਾਨ): ‘ਜੇਕਰ ਅਸੀਂ ਪ੍ਰੋਫੈਸ਼ਨਲ ਥੀਏਟਰ ਵੱਲ ਵਧਣਾ ਹੈ ਅਤੇ ਪੰਜਾਬੀ ਨਾਟਕ ਤੇ ਰੰਗਮੰਚ ਨੂੰ 21ਵੀਂ ਸਦੀ ਦੇ ਹਾਣ ਦਾ ਕਰਨਾ ਹੈ ਤਾਂ ਸਾਨੂੰ ਪ੍ਰੋਫੈਸ਼ਨਲ ਪੱਧਰ ਦੇ ਨਾਟਕਕਾਰ, ਪ੍ਰੋਫੈਸ਼ਨਲ ਪੱਧਰ ਦੇ ਨਿਰਦੇਸ਼ਕ ਅਤੇ ਪ੍ਰੋਫੈਸ਼ਨਲ ਪੱਧਰ ਦੇ ਐਕਟਰ ਤਿਆਰ ਕਰਨੇ ਹੋਣਗੇ’। ਇਹ ਵਿਚਾਰ ਪੰਜਾਬ ਤੋਂ ਆਏ ਪ੍ਰਸਿੱਧ ਨਾਟਕਕਾਰ, ਬਹੁਪੱਖੀ ਸਾਹਿਤਕਾਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਇੱਥੇ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਵੱਲੋਂ ‘ਇੱਕੀਵੀਂ ਸਦੀ ਦੇ ਨਾਟਕ ਤੇ ਰੰਗਮੰਚ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ’ ਉਪਰ ਕਰਵਾਏ ਗਏ ਪ੍ਰੋਗਰਾਮ ਵਿਚ ਪ੍ਰਗਟ ਕੀਤੇ। ਉਨ੍ਹਾਂ ਨਾਟਕਕਾਰ ਆਈ. ਸੀ. ਨੰਦਾ (1913) ਤੋਂ ਸ਼ੁਰੂ ਹੋਏ ਪੰਜਾਬੀ ਨਾਟਕ ਤੇ ਰੰਗਮੰਚ ਦੇ ਵੱਖ ਵੱਖ ਇਤਿਹਾਸਕ ਪਹਿਲੂਆਂ, ਕਮੀਆਂ, ਕਮਜ਼ੋਰੀਆਂ, ਚੁਣੌਤੀਆਂ, ਪ੍ਰਾਪਤੀਆਂ ਅਤੇ ਅੱਜ ਤੱਕ ਦੀਆਂ ਸੰਭਾਵਨਾਵਾਂ ਬਾਰੇ ਬਹੁਤ ਹੀ ਵਿਸਥਾਰਤ ਅਤੇ ਮੁੱਲਵਾਨ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਆਧੁਨਿਕ ਦੌਰ ਵਿੱਚ ਪੰਜਾਬੀ ਰੰਗਮੰਚ ਨੇ ਆਪਣੀ ਸਮੱਗਰੀ, ਤਕਨੀਕ, ਸੰਚਾਰ ਅਤੇ ਆਪਣੀ ਵਿਧਾ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ ਅਤੇ ਪੰਜਾਬੀ ਨਾਟਕ ਨੂੰ ਸਮੇਂ ਦੇ ਹਾਣ ਦਾ ਬਣਾਇਆ ਹੈ। ਅੱਜ ਦੇ ਦੌਰ ਦਾ ਨਾਟਕ ਸਮਕਾਲੀ ਦੌਰ ਦੇ ਮਸਲਿਆਂ ਨੂੰ ਸੰਬੋਧਿਤ ਹੋ ਰਿਹਾ ਹੈ। ਕਿਸਾਨ ਸੰਘਰਸ਼ ਦੇ ਦੌਰਾਨ ਪੰਜਾਬੀ ਨਾਟਕ ਤੇ ਰੰਗ ਮੰਚ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਅਤੇ ਇਸ ਸੰਘਰਸ਼ ਦੌਰਾਨ ਪੰਜਾਬੀ ਨਾਟਕਾਂ ਦੀਆਂ ਲਗਭਗ 10 ਹਜਾਰ ਦੇ ਕਰੀਬ ਪੇਸ਼ਕਾਰੀਆਂ ਹੋਈਆਂ। ਪੰਜਾਬੀ ਨਾਟਕ ਨੇ ਸੰਘਰਸ਼ਾਂ ਦੇ ਨਾਲ ਤੁਰਨ ਦਾ ਕੰਮ ਛੱਡਿਆ ਨਹੀਂ ਸਗੋਂ ਕਿਸਾਨ ਸੰਘਰਸ਼ ਤੱਕ ਪਹੁੰਚਦੇ ਪਹੁੰਚਦੇ ਸਿਖਰ ‘ਤੇ ਪਹੁੰਚਿਆ ਹੈ ਅਤੇ ਇਹ 21ਵੀਂ ਸਦੀ ਦੇ ਪੰਜਾਬੀ ਰੰਗਮੰਚ ਦੀ ਪ੍ਰਾਪਤੀ ਹੈ।
ਡਾ. ਦੀਪ ਨੇ ਇਹ ਵੀ ਕਿਹਾ ਕਿ ਪੰਜਾਬੀ ਨਾਟਕ ਦੇ ਅਧਿਆਪਨ, ਖੋਜ, ਦਸਤਾਵੇਜੀਕਰਨ ਅਤੇ ਆਲੋਚਨਾ ਦੇ ਮਾਮਲੇ ਵਿਚ ਅਸੀਂ ਬਹੁਤ ਕੁਝ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਕਾਰਜ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਨਾਟਕ ਨੂੰ ਵਿਸ਼ੇ ਦੇ ਰੂਪ ਵਿਚ ਸਕੂਲਾਂ, ਕਾਲਜਾਂ ਅਤੇ ਗਰੈਜੂਏਸ਼ਨ ਪੱਧਰ ‘ਤੇ ਲਾਗੂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬੀ ਵਿਚ ਅਜੇ ਵੀ ਸੁਤੰਤਰ ਨਿਰਦੇਸ਼ਨ ਤੇ ਸੁਤੰਤਰ ਨਾਟਕਕਾਰੀ ਦੀਆਂ ਪਰੰਪਰਾਵਾਂ ਵਿਕਸਿਤ ਨਹੀਂ ਹੋ ਸਕੀਆਂ ਬੇਸ਼ੱਕ ਅੱਜ ਦੇ ਦੌਰ ਵਿਚ ਇਸ ਪਾਸੇ ਵੱਲ ਕਾਰਜ ਹੋ ਰਿਹਾ ਹੈ ਅਤੇ ਕੁਝ ਕਲਾਕਾਰ ਸੁਤੰਤਰ ਡਾਇਰੈਕਟਰ, ਸੁਤੰਤਰ ਐਕਟਰ, ਸੁਤੰਤਰ ਨਾਟਕਕਾਰ ਵਜੋਂ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਨਾਟਕਕਾਰ ਵੱਲੋਂ ਆਪਣੇ ਨਾਟਕਾਂ ਨੂੰ ਆਪ ਡਾਇਰੈਕਟ ਕਰਨਾ ਚੰਗੀ ਗੱਲ ਤਾਂ ਪਰ ਇਹਦੇ ਨਾਲ ਨਾਟਕ ਦੀਆਂ ਸੰਭਾਵਨਾਵਾਂ ਘਟਦੀਆਂ ਹਨ।
ਇਕ ਪਾਤਰੀ ਨਾਟਕ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਇੱਕ ਪਾਤਰੀ ਨਾਟਕ ਕਰਨਾ, ਇੱਕ ਪਾਤਰੀ ਨਾਟਕ ਲਿਖਣਾ ਇੱਕ ਵੱਡੀ ਗੱਲ ਹੈ। ਇਹਦੇ ਵਿੱਚ ਰਾਣਾ ਰਣਵੀਰ, ਡਾ. ਸਾਹਿਬ ਸਿੰਘ ਅਤੇ ਹੋਰ ਬਹੁਤ ਸਾਰੇ ਬੰਦੇ ਕੰਮ ਕਰ ਰਹੇ ਹਨ, ਉਹ ਬਹੁਤ ਪ੍ਰਤਿਭਾਸ਼ਾਲੀ ਕਲਾਕਾਰ ਹਨ। ਪਰ ਇਸ ਦੀ ਇੱਕ ਸੀਮਾ ਵੀ ਹੈ ਜੋ ਪੰਜਾਬੀ ਨਾਟਕ ਤੇ ਰੰਗਮੰਚ ਦੇ ਸੰਕਟ ਵਿੱਚੋਂ ਪੈਦਾ ਹੋਈ ਹੈ।
ਪ੍ਰੋਗਰਾਮ ਦੇ ਸ਼ੁਰੂ ਵਿਚ ਪਰਮਿੰਦਰ ਸਵੈਚ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਡਾ. ਜਸਮਲਕੀਤ ਨੇ ਡਾ. ਕੁਲਦੀਪ ਸਿੰਘ ਦੀਪ ਬਾਰੇ ਸੰਖੇਪ ਜਾਣ ਪਛਾਣ ਕਰਵਾਈ। ਇਸ ਪ੍ਰੋਗਰਾਮ ਵਿਚ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਅਜਮੇਰ ਰੋਡੇ, ਡਾ. ਸਾਧੂ ਬਿਨਿੰਗ, ਸੁਖਵੰਤ ਹੁੰਦਲ, ਡਾ. ਸੁਖਵਿੰਦਰ ਵਿਰਕ, ਬਖਸ਼ਿੰਦਰ, ਮੱਖਣ ਟੁੱਟ, ਨਾਟਕ ਨਿਰਦੇਸ਼ਕ ਜਸਕਰਨ, ਅਵਤਾਰ ਬਾਈ, ਗੁਰਮੀਤ ਸਿੰਘ ਸਿੱਧੂ, ਨਵਜੋਤ ਢਿੱਲੋਂ, ਰਾਜਦੀਪ ਤੂਰ, ਭੁਪਿੰਦਰ ਧਾਲੀਵਾਲ, ਅੰਮ੍ਰਿਤ ਦੀਵਾਨਾ ਅਤੇ ਸਰੀ ਦੇ ਹੋਰ ਕਈ ਲੇਖਕ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ।