Saturday, November 23, 2024
9.5 C
Vancouver

ਛੱਡ ਕੇ ਪੰਜਾਬ ਨੂੰ

ਡਾਲਰਾਂ ‘ਤੇ ਡੁੱਲ੍ਹੇ, ਸਾਡੇ ਸੋਹਣੇ ਗੱਭਰੂ
ਨਿਕਲੇ ਘਰਾਂ ਤੋਂ, ਮਨਮੋਹਣੇ ਗੱਭਰੂ
ਜਿਵੇਂ ਖ਼ੁਸ਼ਬੋਈ, ਛੱਡ ਕੇ ਗੁਲਾਬ ਨੂੰ
ਤੁਰ ਪਈ ਜਵਾਨੀ, ਛੱਡ ਕੇ ਪੰਜਾਬ ਨੂੰ।

ਹੋਵੇ ਸਰਕਾਰ, ਜੇ ਇਮਾਨਦਾਰ ਜੀ
ਮਿਲੇ ਰੁਜ਼ਗਾਰ, ਚੰਗਾ ਕੰਮ ਕਾਰ ਜੀ
ਨਾਲੇ ਪਵੇ ਬੂਰ, ਚੋਬਰਾਂ ਦੇ ਖ਼ਾਬ ਨੂੰ
ਤੁਰ ਪਈ ਜਵਾਨੀ, ਛੱਡ ਕੇ ਪੰਜਾਬ ਨੂੰ ।

ਚੱਲਿਆ ਵਿਦੇਸ਼, ਅੰਮੜੀ ਦਾ ਪੁੱਤ ਹੈ
ਹਿਜਰ ਲਿਆਈ, ਆਈ ਕੇਹੀ ਰੁੱਤ ਹੈ
ਝੱਲਿਆ ਨਾ ਜਾਵੇ, ਪੀੜਾਂ ਦੇ ਸੈਲਾਬ ਨੂੰ
ਤੁਰ ਪਈ ਜਵਾਨੀ, ਛੱਡ ਕੇ ਪੰਜਾਬ ਨੂੰ ।

ਸੁੰਨੇ ਹੋਗੇ ਘਰ, ਕੋਠੀਆਂ ਤੇ ਬੰਗਲੇ
ਕਿੱਥੇ ਨੇ ਗੁਆਚੇ, ਰੱਬਾ ਹਾਸੇ ਰੰਗਲੇ
ਕਿਵੇਂ ਅਤੇ ਕਿੱਥੋਂ, ਭਾਲੀਏ ਜਵਾਬ ਨੂੰ
ਤੁਰ ਪਈ ਜਵਾਨੀ, ਛੱਡ ਕੇ ਪੰਜਾਬ ਨੂੰ ।

ਬਾਹਰ ਜਾਵੇ ਪੁੱਤ, ਨਾਲੇ ਪੈਸਾ ਜਾਂਵਦਾ
ਕਰ ਮਜ਼ਦੂਰੀ, ਹੈ ਸਮਾਂ ਲੰਘਾਵਦਾ
ਯਾਦ ਆਉਣ ਮੌਜਾਂ, ਮਾਣੀਆਂ ਨਵਾਬ ਨੂੰ
ਤੁਰ ਪਈ ਜਵਾਨੀ, ਛੱਡ ਕੇ ਪੰਜਾਬ ਨੂੰ।

ਆਈਲੈਟਸ ਵਾਲੀ, ਕਰੋ ਖੇਡ ਬੰਦ ਜੀ
ਤੋੜੋ ਤਾਣਾ ਬਾਣਾ, ਨਾਲੇ ਤੋੜੋ ਤੰਦ ਜੀ
ਤਾਂ ਹੀ ਠੱਲ੍ਹ ਪੈਣੀਂ, ਧੰਦੜੇ ਖਰਾਬ ਨੂੰ
ਤੁਰ ਪਈ ਜਵਾਨੀ, ਛੱਡ ਕੇ ਪੰਜਾਬ ਨੂੰ ।
ਲਿਖਤ : ਨਿਰਮਲ ਸਿੰਘ ਰੱਤਾ।
ਸੰਪਰਕ : 84270-07623