Monday, April 7, 2025
9.9 C
Vancouver

ਮਾਰ ਗਏ ਸਾਡੇ ਹੱਕ

ਮਾਰ ਗਏ ਸਾਡੇ ਹੱਕ, ਭਰਾਵੋ ਆਪਣੇ ਹੀ,
ਤੋੜ ਗਏ ਸਾਡਾ ਲੱਕ,ਭਰਾਵੋ ਆਪਣੇ ਹੀ।

ਕੰਮ ਖਰਾਬ ਹੋ ਜਾਵੇ ਉਹਨਾਂ ਦਾ ਆਪੇ ਹੀ,
ਕਰਦੇ ਸਾਡੇ ਤੇ ਸ਼ੱਕ, ਭਰਾਵੋ ਆਪਣੇ ਹੀ।

ਬੇਗਾਨੇ ਹਮੇਸ਼ਾ ਬੇਗਾਨੇ ਹੀ ਰਹਿੰਦੇ ਨੇ,
ਮੂੰਹ ਫੇਰਨ ਸਾਨੂੰ ਤੱਕ, ਭਰਾਵੋ ਆਪਣੇ ਹੀ।

ਉਹ ਗੈਰਾਂ ਨਾ’ ਗੱਲਾਂ ਕਰਕੇ ਜ਼ਰਾ ਨਾ ਅੱਕਦੇ,
ਪਰ ਸਾਥੋਂ ਜਾਂਦੇ ਅੱਕ,ਭਰਾਵੋ ਆਪਣੇ ਹੀ।

ਮਾਂ-ਪਿਉ ਦੀਆਂ ਅੱਖਾਂ ਦੇ ਤਾਰੇ ਬੱਚਿਆਂ ਨੂੰ,
ਨਸ਼ਿਆਂ ਵੱਲ ਰਹੇ ਧੱਕ, ਭਰਾਵੋ ਆਪਣੇ ਹੀ।

ਹੋਰਾਂ ਦੀ ਇੱਜ਼ਤ ਨਾ’ ਖੇਡਣ ਤੋਂ ਨਾ ਡਰਦੇ,
ਰੱਖਣ ਲਈ ਆਪਣੀ ਨੱਕ, ਭਰਾਵੋ ਆਪਣੇ ਹੀ।

ਤਾਂ ਕਿ ਇਨ੍ਹਾਂ ਤੋਂ ਕੋਈ ਅੱਗੇ ਨਾ ਵੱਧ ਜਾਵੇ,
ਖੜ੍ਹ ਜਾਂਦੇ ਰਸਤਾ ਡੱਕ, ਭਰਾਵੋ ਆਪਣੇ ਹੀ।
ਲਿਖਤ : ਮਹਿੰਦਰ ਸਿੰਘ ਮਾਨ
ਫੋਨ 9915803554