ਲਿਖਤ : ਵਰਿਆਮ ਸਿੰਘ ਸੰਧੂ
‘ਪੰਜਾਬ ਲੋਕ ਸਭਿਆਚਾਰ ਮੰਚ ਟਰਾਂਟੋ ਵੱਲੋਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦਾ ਦਿਨ ਮਨਾਇਆ ਜਾ ਰਿਹਾ ਸੀ। ਸਾਰੇ ਬੁਲਾਰੇ ਊਧਮ ਸਿੰਘ ਵੱਲੋਂ ਜੱਲ੍ਹਿਆਂ ਵਾਲੇ ਬਾਗ਼ ਵਿਚ ਹੋਏ ਕਤਲ-ਏ-ਆਮ ਦਾ ਬਦਲਾ ਲੈਣ ਦੀ ਕਹਾਣੀ ਦਾ ਜ਼ਿਕਰ ਵਾਰ ਵਾਰ ਕਰ ਰਹੇ ਸਨ। ਪ੍ਰਧਾਨਗੀ ਭਾਸ਼ਨ ਦੇਣ ਲਈ ਮੇਰੀ ਵਾਰੀ ਸਭ ਤੋਂ ਅਖ਼ੀਰ ੱਤੇ ਸੀ।
ਮੈਨੂੰ ਪਤਾ ਸੀ, ਹਾਕੀ ਦਾ ਸੈਮੀ ਫਾਈਨਲ ਮੈਚ ਵੀ ਹੈ ਤੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਕੁਸ਼ਤੀ ਵੀ। ਮੈਂ ਫੋਨ ‘ਤੇ ਝਾਤੀ ਮਾਰਨ ਦੇ ਲਾਲਚ ਤੋਂ ਬਚ ਨਾ ਸਕਿਆ। ਵਿਨੇਸ਼ ਫੋਗਾਟ ਨੇ ਲਗਾਤਾਰ ਜਿੱਤਾਂ ਹਾਸਲ ਕਰਦਿਆਂ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਸੀ। ਮੇਰਾ ਅੰਦਰ ਉਸ ਮਾਣ-ਮੱਤੀ ਧੀ ਲਈ ਮਾਣ ਨਾਲ ਭਰ ਗਿਆ। ਮੇਰੀਆਂ ਅੱਖਾਂ ਭਰ ਆਈਆਂ।
ਜਦੋਂ ਮੇਰੇ ਬੋਲਣ ਦੀ ਵਾਰੀ ਆਈ ਤਾਂ ਮੈਂ ਸਭ ਤੋਂ ਪਹਿਲਾਂ ਵਿਨੇਸ਼ ਫੋਗਾਟ ਦੀ ਸ਼ਾਨਾਂਮੱਤੀ ਜਿੱਤ ਦਾ ਜ਼ਿਕਰ ਕਰਦਿਆਂ ਕਿਹਾ, ”ਅਸੀਂ ਅੱਜ ਸ਼ਹੀਦ ਊਧਮ ਸਿੰਘ ਵੱਲੋਂ ਜੱਲ੍ਹਿਆਂ ਵਾਲੇ ਬਾਗ਼ ਵਿਚ ਕੀਤੇ ਜ਼ੁਲਮ ਦਾ ਬਦਲਾ ਲੈਣ ਦੀ ਦਾਸਤਾਨ ਸੁਣਾ ਰਹੇ ਹਾਂ, ਤੇ ਸਾਨੂੰ ਲੱਗਦਾ ਹੈ ਕਿ ਊਧਮ ਸਿੰਘ ਨੇ ਅਜਿਹਾ ਕਰ ਕੇ ਦੇਸ਼ ਦੀ ਢੱਠੀ ਹੋਈ ਪੱਗ ਮੁੜ ਉਹਦੇ ਸਿਰ ੱਤੇ ਧਰੀ ਸੀ। ਭਾਵੇਂ ਤੁਹਾਨੂੰ ਇਹ ਮੁਕਾਬਲਾ ਕੁਝ ਅਟਪਟਾ ਤੇ ਹਾਸੋ ਹੀਣਾ ਜਿਹਾ ਹੀ ਕਿਉਂ ਨਾ ਲੱਗੇ, ਤਦ ਵੀ ਮੈਂ ਕਹਿਣਾ ਚਾਹੁੰਦਾਂ ਹਾਂ ਕਿ ਪਿਛਲੇਰੇ ਸਾਲ ਪਹਿਲਵਾਨ ਧੀਆਂ ਲਈ ਜੰਤਰ-ਮੰਤਰ (ਦਿੱਲੀ) ਦਾ ਮੈਦਾਨ ਵੀ ਉਹਨਾਂ ਲਈ ਜੱਲ੍ਹਿਆਂ ਵਾਲਾ ਬਾਗ਼ ਹੀ ਸੀ ਜਿੱਥੇ ਦੇਸ਼ ਦੀ ਸ਼ਾਨ ਰਹੀਆਂ ਤੇ ਦੇਸ਼ ਦੀ ਝੋਲੀ ਵਿਚ ਅਨੇਕਾਂ ਤਮਗ਼ੇ ਪਾਉਣ ਵਾਲੀਆਂ ਦੇਸ਼ ਦੀਆਂ ਇਹ ਧੀਆਂ ਜੋ ਔਰਤ ਦੀ ਇੱਜ਼ਤ ਆਬਰੂ ਲਈ ਆਪਣਾ ਭਵਿੱਖ ਦਾਅ ੱਤੇ ਲਾ ਕੇ ਸੰਘਰਸ਼ ਲੜ ਰਹੀਆਂ ਸਨ, ਉਹਨਾਂ ਨੂੰ ਜ਼ਲੀਲ ਕੀਤਾ ਗਿਆ। ਉਹਨਾਂ ਨੂੰ ਸੜਕਾਂ ੱਤੇ ਰੋਲਿਆ ਗਿਆ। ਡਾਂਗਾਂ ਮਾਰੀਆਂ ਗਈਆਂ। ਹਿਰਾਸਤ ਵਿਚ ਲਿਆ ਗਿਆ। ਗੁਨਾਹਗਾਰਾਂ ਦੇ ਹੱਕ ਵਿਚ ਡਟ ਕੇ ਖਲੋਤੇ ਦੇਸ਼ ਦੇ ਹਾਕਮਾਂ ਦੇ ਕੰਨਾਂ ੱਤੇ ਜੂੰ ਤੱਕ ਨਾ ਰੀਂਗੀ। ਉਹ ਤਮਾਸ਼ਾ ਦੇਖਦੇ ਰਹੇ। ਇੱਕ ਔਰਤ-ਬਾਜ਼ ਸੰਸਦ ਮੈਂਬਰ ਦੇ ਪਿੱਛੇ ਬੇਸ਼ਰਮੀ ਨਾਲ ਕੰਧ ਬਣ ਕੇ ਖਲੋਤੇ ਰਹੇ। ਮੇਰੇ ਵਰਗੇ ਕਰੋੜਾਂ ਲੋਕ ਇਹਨਾਂ ਧੀਆਂ ਦੀ ਬੇਵੱਸੀ ਦੇਖ ਕੇ ਖੂਨ ਦੇ ਅੱਥਰੂ ਰੋਏ ਸਨ। ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹਨਾਂ ਦੀਆਂ ਆਪਣੀਆਂ ਧੀਆਂ ਦੀ ਪਤ ਚੌਰਾਹੇ ਵਿਚ ਲਾਹ ਦਿੱਤੀ ਹੋਵੇ ਪਰ ਅੱਜ ਵਿਨੇਸ਼ ਫੋਗਾਟ ਨੇ ਲਗਾਤਾਰ ਸ਼ਾਨਦਾਰ ਕੁਸ਼ਤੀਆਂ ਜਿੱਤ ਕੇ ਜਦੋਂ ਫਾਈਨਲ ਵਿਚ ਪਹੁੰਚ ਕੇ ਆਪਣਾ ਮੈਡਲ ਸੁਰੱਖਿਅਤ ਕਰ ਲਿਆ ਤਾਂ ਮੈਨੂੰ ਲੱਗਾ ਕਿ ਜਿਵੇਂ ਊਧਮ ਸਿੰਘ ਨੇ ਦੇਸ਼ ਦੀ ਢੱਠੀ ਪੱਗ ਮੁੜ ਉਹਦੇ ਸਿਰ ਧਰੀ ਸੀ, ਅੱਜ ਵਿਨੇਸ਼ ਫੋਗਾਟ ਨੇ ਆਪਣੇ ਹੀ ਨਹੀਂ ਸਗੋਂ ਸੰਕੇਤ ਰੂਪ ਵਿਚ ਪੂਰੇ ਭਾਰਤ ਦੀ ਔਰਤ ਦੇ ਸਿਰ ਤੋਂ ਲਾਹੀ ਚੁੰਨੀ ਮੁੜ ਉਹਦੇ ਸਿਰ ਧਰ ਦਿੱਤੀ ਹੈ।
ਬਦਲਾ ਲੈਣ ਦਾ ਇਹ ਵੀ ਇੱਕ ਅੰਦਾਜ਼ ਹੁੰਦਾ ਹੈ!
ਇਹ ਬਦਲਾ ਲਿਆ ਹੈ, ਉਹਨਾਂ ਕਰੂਰ ਹਾਕਮਾਂ ਕੋਲੋਂ ਜੋ ਤਾਕਤ ਦੇ ਨਸ਼ੇ ਵਿਚ ਅੰਨ੍ਹੇ ਬੋਲੇ ਹੋਏ ਆਪਣੇ ਭੂਸਰੇ ਹੋਏ ਸਾਨ੍ਹ ਦੇ ਪਿੰਡੇ ‘ਤੇ ਖਰਖਰਾ ਫੇਰ ਰਹੇ ਸਨ। ਇਹ ਬਦਲਾ ਲਿਆ ਹੈ, ਉਸ ਗੰਦੇ ਮੀਡੀਏ ਕੋਲੋਂ ਜਿਹੜਾ ਇਹਨਾਂ ਧੀਆਂ ਦੇ ਖ਼ਿਲਾਫ਼ ਲਗਾਤਾਰ ਭੁਗਤਦਾ ਤੇ ਭੌਂਕਦਾ ਰਿਹਾ ਸੀ ਤੇ ਨਵੇਂ ਸੰਸਦ ਭਵਨ ਵਿਚੋਂ ਉਸ ਸਾਨ੍ਹ ਦੀਆਂ ਉਂਗਲਾਂ ਖੜ੍ਹੀਆਂ ਕਰ ਕੇ ਜਿੱਤ ਦੇ ਨਿਸ਼ਾਨ ਬਣਾਉਂਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਸੀ। ਜਿੱਤ ਦਾ ਅਸਲੀ ਨਿਸ਼ਾਨ ਵਿਨੇਸ਼ ਦੀ ਉਹ ਖੜ੍ਹੀ ਬਾਂਹ ਹੈ ਜੋ ਉਹਨੇ ਅੱਜ ਉਲੰਪਿਕ ਦੇ ਮੈਦਾਨ ਵਿਚ ਅਸਮਾਨ ਵੱਲ ਖੜ੍ਹੀ ਕੀਤੀ ਹੈ। ਅੱਜ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਬਾਹਵਾਂ ਆਪਣੀ ਧੀ ਦੀਆਂ ਬਾਹਵਾਂ ਨਾਲ ਅਸਮਾਨ ਵੱਲ ਉਲਰੀਆਂ ਸਥਾਪਤ ਤਾਕਤਾਂ ਦੇ ਜੁਲ਼ਮ ਨੂੰ ਵੰਗਾਰ ਰਹੀਆਂ ਹਨ। ਸਾਰਾ ਭਾਰਤ ਵਿਨੇਸ਼ ਦੇ ਨਾਲ ਖੜੋਤਾ ਹੈ। ਮਾਣ ਵਿਚ ਭਰਿਆ ਹੋਇਆ। ਉਹਨੂੰ ਕਿਸੇ ‘ਟੜੇ-ਟੁੰਡੀ ਲਾਟ’ ਦੀਆਂ ਵਧਾਈਆਂ ਦੀ ਲੋੜ ਵੀ ਨਹੀਂ।”