ਮਨੀਪੁਰ!
ਤੂੰ ਪਿੰਡੇ ‘ਤੇ ਹੰਢਾਇਆ ਹੈ
ਅਫਸਪਾ
ਇਰੋਮ ਹੱਕ ਮੰਗਦੀ
ਖ਼ੁਦਕੁਸ਼ੀ ਦੇ ਕੇਸ ‘ਚ
ਜੇਲ੍ਹ ‘ਚ ਬੰਦ ਕੀਤੀ ਗਈ
ਉਦੋਂ ਵੀ ਤੇਰੇ ਪੁੱਤਾਂ ਨੂੰ
ਖ਼ਾਕੀ ਮਾਰਦੀ ਰਹੀ
ਧੀਆਂ ਨੂੰ ਚੁੱਕ ਲਿਜਾਂਦੀ ਰਹੀ
ਲੋਕਤੰਤਰ ਉਦੋਂ ਵੀ ਕਟਹਿਰੇ
ਵਿੱਚ ਖੜ੍ਹਾ ਸੀ!
ਆਪਣੀ ਹੀ ਅੱਗ ਵਿੱਚ
ਸੜ ਰਹੇ ਨੇ
ਤੇਰੇ ਮੈਤੇਈ ਤੇ ਕੂਕੀ
ਆਪਣੇ ਹਾਲ ‘ਤੇ ਛੱਡ ਦਿੱਤਾ ਹੈ ਤੈਨੂੰ
ਸਿਆਸੀ ਖਿਡਾਰੀਆਂ ਨੇ
ਗੁੰਡੇ ਸ਼ਰੇਆਮ ਉਤਰ ਆਏ ਤੇਰੇ ਪਿੰਡਾਂ ‘ਚ
ਚੁੱਕ ਰਹੇ ਨੇ ਧੀਆਂ ਭੈਣਾਂ ਮਾਵਾਂ
ਚੀਰਹਰਨ ਕਰ ਰਹੇ ਹਨ
ਬਚਾਉਣ ਨੂੰ
ਕੋਈ ਕ੍ਰਿਸ਼ਨ ਨਹੀਂ ਬਹੁੜਿਆ
ਇਨ੍ਹਾਂ ਦਾ ‘ਨਾਇਕ’ ਤਾਂ
ਅੱਗ ਦੀਆਂ ਲਾਟਾਂ ‘ਚੋਂ
ਲੁੱਟੀਆਂ ਜਾਂਦੀਆਂ ਇੱਜ਼ਤਾਂ ‘ਚੋਂ
ਧਰੁਵੀਕਰਨ ਹੁੰਦਾ ਦੇਖਦਾ
ਸਹਿਮੇ ਲੋਕਾਂ ਦਾ
ਇਨ੍ਹਾਂ ਦਾ ਨਾਇਕ
ਵੋਟਾਂ ਦੇ ਲੱਖਣ ਲਾ ਰਿਹਾ ਹੈ
ਤੈਨੂੰ ਪਤਾ?
ਇਲੈਕਸ਼ਨ ਨੇੜੇ ਆ ਰਿਹਾ ਹੈ
ਅੱਜ ਵੀ
ਸਵਾਲੀਆ ਚਿੰਨ੍ਹ ਬਣਿਆ
ਕਟਹਿਰੇ ਵਿੱਚ ਖੜ੍ਹਾ ਹੈ
ਲੋਕਤੰਤਰ!
ਲਿਖਤ : ਹਰੀ ਕ੍ਰਿਸ਼ਨ ਮਾਇਰ