ਸਰੀ, (ਹਰਦਮ ਮਾਨ): ‘ਜੀਵੇ ਪੰਜਾਬ ਅਦਬੀ ਸੰਗਤ ਫਾਊਂਡੇਸ਼ਨ’ ਵੱਲੋਂ 3 ਅਗਸਤ 2024 (ਸਨਿੱਚਰਵਾਰ) ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਵਿਸ਼ਵ ਪੰਜਾਬੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਮੁੱਖ ਬੁਲਾਰੇ ਭੁਪਿੰਦਰ ਮੱਲ੍ਹੀ ਨੇ ਦੱਸਿਆ ਹੈ ਕਿ ਇਸ ਸੈਮੀਨਾਰ ਵਿਚ ਭਾਰਤ, ਪਾਕਿਸਤਾਨ ਅਤੇ ਕੈਨੇਡਾ ਦੇ ਪ੍ਰਸਿੱਧ ਵਿਦਵਾਨ ਪੰਜਾਬੀ ਕੌਮ ਨਾਲ ਸੰਬੰਧ ਵੱਖ ਵੱਖ ਮੁੱਦਿਆਂ ਉੱਪਰ ਆਪਣੇ ਵਿਚਾਰ ਪੇਸ਼ ਕਰਨਗੇ। ਇਨ੍ਹਾਂ ਵਿਦਵਾਨਾਂ ਵਿਚ ਮਹਿਮਾਨ ਬੁਲਾਰੇ ਡਾ. ਪਿਆਰਾ ਲਾਲ ਗਰਗ, ਡਾ. ਆਸਮਾਂ ਕਾਦਰੀ, ਡਾ. ਗੁਰਦੇਵ ਸਿੰਘ ਸਿੱਧੂ, ਡਾ. ਬਾਵਾ ਸਿੰਘ, ਮਿੱਤਰ ਸੈਨ ਮੀਤ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਨੁਜ਼ਹਤ ਅੱਬਾਸ, ਡਾ. ਪ੍ਰਭਜੋਤ ਕੌਰ ਪਰਮਾਰ ਅਤੇ ਮੁਹੰਮਦ ਅੱਬਾਸ ਸ਼ਾਮਲ ਹਨ। ਇਹ ਸਮਾਗਮ ਸਵੇਰੇ 9 ਵਜੇ ਤੋਂ ਦੁਪਿਹਰ ਇਕ ਵਜੇ ਤੱਕ ਹੋਵੇਗਾ। ਭੁਪਿੰਦਰ ਮੱਲ੍ਹੀ ਨੇ ਕਿਹਾ ਕਿ ਪੰਜਾਬੀ ਅੱਜ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਵਸ ਚੁੱਕੇ ਹਨ। ਨਵੀਆਂ ਧਰਤੀਆਂ ‘ਤੇ ਵਸੇਬਾ ਕਰਨ ਦੇ ਨਾਲ ਉਨ੍ਹਾਂ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਪੈਦਾ ਹੋ ਰਹੀਆਂ ਹਨ, ਜੋ ਗੰਭੀਰ ਚਿੰਤਾ ਅਤੇ ਵਿਚਾਰ ਦੀ ਮੰਗ ਕਰਦੀਆਂ ਹਨ। ਪੰਜਾਬੀਆਂ ਨੂੰ ਦਰਪੇਸ਼ ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿਚ ਰੱਖਦੇ ਹੋਏ ‘ਜੀਵੇ ਪੰਜਾਬ ਅਦਬੀ ਸੰਗਤ ਫਾਊਂਡੇਸ਼ਨ’ ਵੱਲੋਂ ਵਿਸ਼ਵ ਪੰਜਾਬੀ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਸਮੂਹ ਪੰਜਾਬੀ ਪਿਆਰਿਆਂ ਨੂੰ ਸੈਮੀਨਾਰ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।