Friday, July 4, 2025
20.1 C
Vancouver

ਪਿੰਜਰਾ

 

ਰੂਹ ਝਿੰਜੋੜ ਕੇ ਰੱਖ ਦਿੰਦਾ ਉਹ ਸੋਹਣਾ ਜਾ ਸਮਾਂ ਜਦੋਂ ਮਾਪਿਆਂ ਦੇ ਘਰ ਰਾਜਕੁਮਾਰੀਆਂ ਵਾਲਾ ਜੀਵਨ ਸੀ,,ਬੱਸ ਖਾਣ ਪੀਣ,ਪੜ੍ਹਾਈ ਤੇ ਕੱਪੜਿਆਂ ਦਾ ਫ਼ਿਕਰ ਸੀ,,ਉੱਚੇ ਸੁਪਨੇ ਸੀ,ਕਿਤਾਬਾਂ ਨਾਲ ਪਿਆਰ ਸੀ,,ਸਵੇਰ ਤੋਂ ਸ਼ਾਮ ਤੱਕ ਹਾਸੇ ਖੇਡੇ ਈ ਜਿੰਦਗੀ ਸੀ!… ਮਾਂ ਨੇ ਕਹਿਣਾ ਹੱਸਣ ਤੋਂ ਤੇ ਸ਼ਰਾਰਤਾਂ ਤੋਂ ਬਿਨਾ ਕਬੀਲਦਾਰੀ ਦਾ ਚੱਜ ਸਿੱਖ ਲੈ,,ਸੌਖੀ ਰਹੇਗੀ। ਤੇ ਸਾਡਾ ਸਵਾਲ ਹੁੰਦਾ ਮਾਂ ਉਹ ਕੀ ਹੁੰਦੀ ਐ..?
ਨਾਂ ਮੈਂ ਨੀ ਮਾਂ ਤੇਰੇ ਵਾਲੇ ਕੰਮ ਕਰਨੇ ਮੇਰੇ ਤੇ “ਸਿਰ ਤੇ ਤਾਜ਼ ਹੋਊਗਾ ਤੇ ਇੱਕ ਉੱਚੀ ਸਾਰੀ ਸਟੇਜ ਤੇ ਤੇਰੀ ਲਾਡਲੀ ਹੋਊਗੀ ਨੀਚੇ ਖੜ੍ਹੇ ਲੋਕ ਤੇਰੀ ਧੀ ਲਈ ਇੰਨੀਆਂ ਤਾੜੀਆਂ ਮਾਰਦੇ ਹੋਣਗੇ ਵੀ ਆਸਮਾਨ ਦੇ ਕੰਨਾਂ ਤੱਕ ਗੂੰਜ ਪਿਆ ਕਰੂਗੀ। ”
ਮਾਂ ਨੇ ਹੱਸ ਕੇ ਕਹਿਣਾ ਕਮਲੀ ਨਾ ਹੋਵੇ ਮੇਰੀ ਜਾ ਬੈਠ ਕੇ ਪੜ੍ਹ ਫੇਰ।
ਆਪਣੀਆ ਸਦਰਾਂ ਨੂੰ ਅੱਖਾਂ ਤੇ ਪਲਕਾਂ ਵਿਚਲੇ ਸਮਾ ਕੇ ਕਿਤਾਬਾਂ ਨਾਲ ਬੈਠ ਕੇ ਸੁਪਨੇ ਸਜਾਉਣ ਲੱਗ ਜਾਣੇ।
ਸਮਾਜ ਦੀਆਂ ਜੜਾਂ ਨਾਲ ਜੁੜੇ ਮਾਪਿਆਂ ਨੇ ਬੱਸ ਇੱਕ ਗਲਤੀ ਕਰ ਛੱਡੀ ਉਸ ਮਾਸੂਮ ਦੇ ਹੱਥਾਂ ਚੋ ਕਿਤਾਬਾਂ ਫੜ੍ਹ ਕੇ ਓਹਨੂੰ ਇੱਕ ਅਣਜਾਣ ਬੇਮੋਹੇ ਲੋਕਾਂ ਦੀ ਨਗਰੀ ਵਿੱਚ ਇੱਕ ਸੋਹਣੀ ਜਿੰਦਗੀ ਜਿਓਣ ਲਈ ਭੇਜ ਦਿੱਤਾ।
ਨਾਂ ਈ ਉਹ ਲੋਕ ਓਹਦੇ ਆਪਣੇ ਸੀ ਤੇ ਨਾ ਈ ਓਹਦੇ ਦਰਦੀ!
ਤੇ ਫੇਰ ਹਰੇਕ ਸਵੇਰ ਉਹਦੇ ਖ਼ਵਾਬ ਸਿਤਮ ਕਰਕੇ ਹੀ ਚੜੀ !
ਇਕਦਮ ਬਦਲੀ ਜਿੰਦਗੀ ਨੇ ਸਭ ਕੁੱਝ ਤਹਿਸ ਨਹਿਸ ਕਰਕੇ ਧਰਤਾ,,ਜਿੰਦਗੀ ਨੇ ਐਸੀ ਪਲਕ ਝਮਕੀ,,ਉਹ ਸ਼ਾਨੋ ਸੌਕਤਾਂ ਵਾਲੀ ਜਿੰਦਗੀ,,ਦੁੱਖਾਂ ਕਲੇਸ਼ਾਂ ,ਗਰੀਬੀ,ਤਾਹਨਿਆ, ਫ਼ਿਕਰਾਂ ਤੇ ਮੁਸੀਬਤਾਂ ਨੇ ਘੇਰ ਲਈ!
ਅਸਮਾਨੀ ਪਰਿੰਦਾ ਬਣ ਕੇ ਉੱਡਣ ਦੇ ਖ਼ਵਾਬ ਲੈਣ ਵਾਲੀ ਇੱਕ ਅਜਿਹੇ ਪਿੰਜਰੇ ਦੀ ਕੈਦੀ ਬਣ ਗਈ ਜਿਸਦਾ ਜਿੰਦਰਾ ਸਿਰਫ ਉਹਦੀ ਮੌਤ ਦ ਸੁਨੇਹਾ ਲੈਕੇ ਆਇਆ ਡਾਕੀਆ ਈ ਖੋਲ੍ਹ ਸਕਦਾ ਸੀ!
ਉਹ ਮਾਂ ਪਿਓ ਦੀ ਲਾਡਾਂ ਚਾਵਾਂ ਨਾਲ ਪਾਲੀ ਕਦੋਂ ਰਾਜਕੁਮਾਰੀ ਤੋਂ ਭਿਖਾਰਨ ਬਣ ਗਈ ,,ਪਤਾ ਵੀ ਨੀ ਚੱਲਿਆ !ਬਾਪ ਹਰੇਕ ਧੀ ਦਾ ਰਾਜਾ ਹੁੰਦਾ ਜੋ ਆਪਣੀ ਲਾਡਲੀ ਨੂੰ ਰਾਜਕੁਮਾਰੀਆਂ ਵਾਂਗੂੰ ਪਾਲਦਾ,,,ਪਰ ਹਮਸਫ਼ਰ ਉਸ ਰਾਜੇ ਦੀ ਲਾਡਾਂ ਚਾਵਾਂ ਨਾਲ਼ ਪਾਲੀ ਨੂੰ ਜੇਕਰ ਓਹਦੇ ਬਾਪ ਵਾਂਗ ਈ ਸਾਂਭ ਲਵੇ ਤੇ ਉਹ ਰਾਜਕੁਮਾਰੀ ਤੋਂ ਮਹਾਰਾਣੀ ਬਣ ਜਾਂਦੀ ਐ ਤੇ ਜੇਕਰ ਠੋਕਰ ਮਾਰ ਜਾਵੇ ਤੇ ਉਹ ਬਾਪ ਦੀ ਲਾਡਲੀ ਭਿਖਾਰਨ ਬਣ ਜਾਂਦੀ ਐ,,,ਤੇ ਅਕਸਰ ਆਪਣੀਂ ਜਿੱਲਤ ਭਰੀ ਜਿੰਦਗੀ ਨੂੰ ਸਿਸਕੀਆਂ ਤੇ ਹੌਕਿਆਂ ਨਾਲ ਝਿੰਜੋੜਦੀ ਹੋਈ ਪੁੱਛਦੀ ਐ ਕਿ ਤੂੰ ਵੀ ਕਦੇ ਮਾਣ ਇੱਜ਼ਤ ਵਰਗੀ ਕੋਈ ਸ਼ਹਿ ਵੇਖੀ ਐ ……ਸ਼ਾਇਦ ਉਸਦੇ ਇਸ ਸਵਾਲ ਦਾ ਜਵਾਬ ਓਸਦੇ ਸਿਵੇ ਚੋ ਨਿਕਲਦੀਆਂ ਲਾਟਾਂ ਈ ਦਿੰਦਿਆਂ ਹੋਣੀਆ… ਜਦੋਂ ਕੁਰਲਾਉਂਦੀ ਮਾਂ ਦੁਹਾਈਆਂ ਪਾਉਂਦੀ ਉਸ ਮਾਸੂਮ ਦੀ ਮਚਦੀ ਲਾਸ਼ ਵੱਲ ਵੇਖ ਰੱਬ ਨੂੰ ਸਵਾਲ ਕਰਦੀ ਐ ਕਿਉੰ ਵੇ ਡਾਢਿਆ !ਮੇਰੀ ਕੋਮਲ ਕਲੀ ਨੇ ਤਾਂ ਚੰਗੀ ਤਰ੍ਹਾਂ ਕਬੀਲਦਾਰੀ ਪੜ੍ਹ ਸਿੱਖ ਲਈ ਸੀ ਫੇਰ ਅੱਜ ਕਿਉੰ ਮੇਰੀ ਲਾਡਲੀ ਨੂੰ ਖੁਸ਼ੀਆਂ ਹਾਸਿਆਂ ਤੇ ਪਿਆਰ ਸਤਿਕਾਰ ਤੋਂ ਵਾਂਝੀ ਈ ਲੈ ਚੱਲਿਆ।

ਲਖਵਿੰਦਰ ਕੌਰ ਸਿੱਧੂ
9779558714